ਅੰਮ੍ਰਿਤਸਰ: ਸ਼ਹਿਰ ਦੇ ਗੁਮਟਾਲਾ ਚੌਕ ਤੋਂ ਰਾਜਾਸਾਂਸੀ ਨੂੰ ਜਾਂਦੀ ਸੜਕ 'ਤੇ ਸਿਗਰਟ ਤੇ ਤੰਬਾਕੂ ਪਾਨ ਦੇ ਖੋਖਿਆਂ ਨੂੰ ਕਿਸੇ ਨੇ ਅੱਗ ਲਗਾ ਦਿੱਤੀ। ਅੱਗ ਲਗਾਉਣ ਵਾਲੇ ਨੌਜਵਾਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ, ਜਿਸ ਕਾਰਨ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰਾਤ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਗਏ ਸਨ ਤਾਂ ਦੇਰ ਰਾਤ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨਾਂ ਨੂੰ ਕਿਸੇ ਨੇ ਅੱਗ ਲਾ ਦਿੱਤੀ ਹੈ।
ਖੋਖਿਆਂ ਨੂੰ ਲਗਾਈ ਅੱਗ: ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੇ ਮੌਕੇ 'ਤੇ ਆ ਕੇ ਦੇਖਿਆ ਕਿ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵਲੋਂ ਇੰਨ੍ਹਾਂ ਖੋਖਿਆਂ ਨੂੰ ਅੱਗ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਡਾ ਘਰ ਦਾ ਗੁਜਾਰਾ ਵੀ ਇੰਨ੍ਹਾਂ ਖੋਖਿਆਂ ਦੇ ਸਿਰ ਤੋਂ ਹੀ ਚੱਲਦਾ ਸੀ, ਜਿਸ ਕਾਰਨ ਪੁਲਿਸ ਮੁਲਜ਼ਮਾਂ ਨੂੰ ਫੜ ਕੇ ਸਾਨੂੰ ਇਨਸਾਫ਼ ਜ਼ਰੂਰ ਦੇਵੇ। ਪੀੜਤਾਂ ਦਾ ਕਹਿਣਾ ਕਿ ਜਿਥੇ ਖੋਖੇ ਨੁਕਸਾਨੇ ਗਏ ਹਨ ਤਾਂ ਉਥੇ ਹੀ ਹਜ਼ਾਰਾਂ ਦਾ ਸਮਾਨ ਵੀ ਸੜ ਕੇ ਰਾਖ ਹੋ ਗਿਆ।
ਜਾਂਚ 'ਚ ਜੁਟੀ ਪੁਲਿਸ: ਉਥੇ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਾਨੂੰ ਸਵੇਰ ਸਮੇਂ ਹੀ ਅੱਗ ਦੀ ਸੂਚਨਾ ਮਿਲੀ ਸੀ, ਜਿਸ ਕਾਰਨ ਉਹ ਜਾਂਚ ਲਈ ਮੌਕੇ 'ਤੇ ਆਏ ਹਨ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਪੀੜਤਾਂ ਦੇ ਬਿਆਨ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਾਲ ਹੀ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਸਾਂਸਦ ਨੇ ਆਖੀ ਮੰਦਭਾਗੀ ਗੱਲ: ਇਸ ਮੌਕੇ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮੀਰਾਂ ਕੋਟ ਚੌਂਕ ਵਿਖੇ ਕੁਝ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਦੇ ਖੋਖਿਆਂ ਨੂੰ ਅੱਗ ਲਗਾ ਦਿੱਤੀ ਗਈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਤੇ ਖਾਸਕਰ ਗੁਰੂ ਦੀ ਨਗਰੀ ਅੰਮ੍ਰਿਤਸਰ, ਜਿਥੇ ਸਭ ਪ੍ਰੇਮ ਪਿਆਰ ਨਾਲ ਰਹਿੰਦੇ ਹਨ, ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸੰਬੰਧ ਰੱਖਦਾ ਹੋਵੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰ ਰਹੇ ਹਾਂ, ਉਸ ਤਰ੍ਹਾਂ ਹੀ ਪ੍ਰਵਾਸੀ ਭਾਈਚਾਰੇ ਦੇ ਲੋਕ ਸਾਡੇ ਗੁਰੂ ਨਗਰੀ ਵਿੱਚ ਆ ਕੇ ਕੰਮ ਕਰ ਰਹੇ ਹਨ ਪਰ ਇਹੋ ਜਿਹੀ ਘਟਨਾ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।