ਅੰਮ੍ਰਿਤਸਰ: ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਬੱਲੇ-ਬੱਲੇ ਤਾਂ ਕਰਵਾ ਹੀ ਲੈਂਦੇ ਨੇ..ਅਜਿਹਾ ਹੀ ਵੱਡਾ ਕੰਮ ਅੰਮ੍ਰਿਤਸਰ ਦੇ ਜੰਟਾ ਨੇ ਕੀਤਾ ਹੈ। ਜੋ ਕੈਨੇਡਾ 'ਚ ਐੱਮ.ਐੱਲ.ਏ. ਬਣਿਆ ਹੈ।ਜਿਵੇਂ ਉਸ ਦੇ ਪਿੰਡ ਇਹ ਖ਼ਬਰ ਪਹੁੰਚੀ ਤਾਂ ਪਿੰਡ 'ਚ ਵਿਆਹ ਵਰਗਾ ਮਾਹੌਲ ਪੈਦਾ ਹੋ ਗਿਆ। ਜੀ ਹਾਂ, ਇਹ ਤਸਵੀਰਾਂ ਕੈਨੇਡਾ ਦੇ ਸਰੀ ਨੌਰਥ ਤੋਂ ਕੰਜਰਵੇਟਿਵ ਪਾਰਟੀ ਦੀ ਟਿਕਟ ਉੱਤੇ ਵਿਧਾਇਕ ਉਮੀਦਵਾਰ ਵਜੋਂ ਚੋਣ ਲੜਨ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਪੰਜਾਬੀ ਨੌਜਵਾਨ ਮਨਦੀਪ ਸਿੰਘ ਧਾਲੀਵਾਲ ਦੇ ਪਿੰਡ ਸਠਿਆਲਾ ਦੀਆਂ ਹਨ। ਖਾਸ ਗੱਲ ਇਹ ਹੈ ਕਿ ਬੇਸ਼ੱਕ ਵਿਧਾਇਕ ਮਨਦੀਪ ਸਿੰਘ ਧਾਲੀਵਾਲ ਦਾ ਪਰਿਵਾਰ ਕੈਨੇਡਾ ਦੇ ਵਿੱਚ ਹੈ ਪਰ ਪਿੰਡ ਵਾਸੀ ਉਸ ਦਾ ਪਰਿਵਾਰ ਬਣ ਕੇ ਇਸ ਜਸ਼ਨ ਨੂੰ ਦੋਹਰੇ ਚਾਰ ਚੰਨ ਲਗਾ ਰਹੇ ਨੇ ਅਤੇ ਇਸ ਜਿੱਤ ਦੀ ਖੁਸ਼ੀ ਵਿੱਚ ਮਿਠਾਈਆਂ ਵੰਡੀਆਂ ਜਾ ਰਹੀ ਹਨ।
ਐੱਮਐੱਲਏ ਦੇ ਜੱਦੀ ਪਿੰਡ 'ਚ ਰੌਣਕਾਂ
ਵੇਖੋ ਐਮ.ਐਲ.ਏ ਸਾਹਿਬ ਮਨਦੀਪ ਸਿੰਘ ਧਾਲੀਵਾਲ ਦੇ ਜੱਦੀ ਘਰ ਅਤੇ ਉਨ੍ਹਾਂ ਦੇ ਸਕੂਲ ਦੀਆਂ ਤਸਵੀਰਾਂ ਜਿੱਥੇ ਬੱਚੇ, ਬਜ਼ੁਰਗ ਅਤੇ ਨੌਜਵਾਨ ਧਾਲੀਵਾਲ ਦੀ ਜਿੱਤ ਉੱਤੇ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਪਿੰਡ ਦਾ ਜੰਮਪਲ ਨੌਜਵਾਨ ਅੱਜ ਆਪਣੀ ਮਿਹਨਤ ਦੇ ਦਮ ਉੱਤੇ ਇਸ ਮੁਕਾਮ ਤੱਕ ਪਹੁੰਚ ਸਕਿਆ ਹੈ। ਇਸ ਦੌਰਾਨ ਵੱਖ-ਵੱਖ ਪਿੰਡ ਵਾਸੀਆਂ ਨੇ ਜਿੱਥੇ ਮਨਦੀਪ ਧਾਲੀਵਾਲ ਦੀ ਜਿੱਤ ਉੱਤੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਕੈਨੇਡਾ ਤੋਂ ਬਾਈਕ 'ਤੇ ਦਰਬਾਰ ਸਾਹਿਬ ਆਇਆ ਸੀ ਮਨਦੀਪ
ਪਿੰਡ ਵਾਸੀਆਂ ਨੇ ਦੱਸਿਆ ਕਿ "ਬੀਤੇ ਸਾਲ 2019 ਦੌਰਾਨ ਮਨਦੀਪ ਸਿੰਘ ਧਾਲੀਵਾਲ ਆਪਣੇ ਦੋਸਤਾਂ ਦੇ ਨਾਲ ਕੈਨੇਡਾ ਤੋਂ ਬਾਈਕ ਰਾਹੀਂ ਪੰਜਾਬ ਆਏ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ। ਗੁਰੂਘਰ ਜਾਣ ਤੋਂ ਬਾਅਦ ਮਨਦੀਪ ਨੇ ਪਿੰਡ ਸਠਿਆਲਾ ਪਹੁੰਚ ਕੇ ਸਮੂਹ ਪਿੰਡ ਵਾਸੀਆਂ ਨਾਲ ਬੇਹੱਦ ਪਿਆਰ ਭਰੀ ਮੁਲਾਕਾਤ ਕੀਤੀ, ਜਿਸ ਨੂੰ ਅੱਜ ਵੀ ਸਾਰੇ ਪਿੰਡ ਵਾਸੀ ਯਾਦ ਕਰਦੇ ਹਨ। ਉਹਨਾਂ ਦੱਸਿਆ ਕਿ ਮਨਦੀਪ ਧਾਲੀਵਾਲ ਵੱਲੋਂ ਹਮੇਸ਼ਾ ਹੀ ਪਿੰਡ ਪ੍ਰਤੀ ਬੇਹੱਦ ਪਿਆਰ ਦਰਸਾਇਆ ਗਿਆ ਅਤੇ ਹਰ ਖੁਸ਼ੀ ਗਮੀ ਵਿੱਚ ਪਿੰਡ ਵਾਸੀਆਂ ਨਾਲ ਖੜਾ ਨਜ਼ਰ ਆਇਆ"।
ਰਾਜਨੀਤਿਕ ਸੋਚ
ਪਿੰਡ ਸਠਿਆਲ ਦੇ ਵਾਸੀਆਂ ਨੇ ਦੱਸਿਆ ਕਿ ਬਚਪਨ ਤੋਂ ਹੀ ਮਨਦੀਪ ਧਾਲੀਵਾਲ ਰਾਜਨੀਤਿਕ ਸੋਚ ਦੇ ਨਾਲ ਜੁੜੇ ਹੋਣ ਤੋਂ ਇਲਾਵਾ ਮਾਂ ਖੇਡ ਕਬੱਡੀ ਦਾ ਸਤਿਕਾਰ ਵੀ ਕਰਦਾ ਹੈ। ਇਸੇ ਮਿਹਨਤ ਨੇ ਹੀ ਅੱਜ ਉਹਨਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ। ਉਨਾਂ੍ਹ ਨੇ ਕਿਹਾ ਕਿ ਬੇਸ਼ੱਕ ਜਿੱਤ ਤੋਂ ਬਾਅਦ ਹੁਣ ਮਨਦੀਪ ਧਾਲੀਵਾਲ ਫਿਲਹਾਲ ਕੈਨੇਡਾ ਦੇ ਵਿੱਚ ਹੈ ਪਰ ਜਦੋਂ ਵੀ ਉਹ ਪਿੰਡ ਆਉਣਗੇ ਤਾਂ ਤਹਿ ਦਿਲੋਂ ਭਰਵਾਂ ਸਵਾਗਤ ਵੀ ਕੀਤਾ ਜਾਵੇਗਾ।