ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਮਨਟੇਕਵੀਰ ਸਿੱਧੂ ਨੇ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਉਹ ਬੇਸਬਾਲ ਦਾ ਕੌਮਾਂਤਰੀ ਪੱਧਰ ਦਾ ਖਿਡਾਰੀ ਹੈ ਅਤੇ ਹਾਲ ਹੀ ਦੇ ਵਿੱਚ ਸੰਗਰੂਰ ਦੇ ਅੰਦਰ 6 ਅਕਤੂਬਰ ਨੂੰ ਹੋਈਆਂ 32ਵੀਂ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਉਸ ਨੇ ਪੰਜਾਬ ਨੂੰ ਗੋਲਡ ਮੈਡਲ ਦਵਾਇਆ ਹੈ।
ਆਲ ਰਾਊਂਡਰ ਆਫ ਦਾ ਟੂਰਨਾਮੈਂਟ ਦਾ ਖਿਤਾਬ ਜਿੱਤਿਆ
ਇੰਨਾ ਹੀ ਨਹੀਂ ਉਸ ਨੇ ਜਿੱਥੇ ਗੋਲਡ ਮੈਡਲ ਜਿੱਤਿਆ ਤਾਂ ਉਥੇ ਹੀ ਆਲ ਰਾਊਂਡਰ ਆਫ ਦਾ ਟੂਰਨਾਮੈਂਟ ਦਾ ਖਿਤਾਬ ਵੀ ਜਿੱਤਿਆ ਹੈ। ਇਸ ਤੋਂ ਇਲਾਵਾ ਉਹ ਪੰਜ ਵਾਰ ਨੈਸ਼ਨਲ ਬੇਸਬਾਲ ਖੇਡਾਂ ਦੇ ਵਿੱਚ ਹਿੱਸਾ ਲੈ ਚੁੱਕਾ ਹੈ। ਪੰਜਾਬ ਦੀ ਕਈ ਵਾਰ ਰਹਿਨੁਮਾਈ ਕਰ ਚੁੱਕਾ ਹੈ ਅਤੇ ਇੰਨਾਂ ਹੀ ਨਹੀਂ ਕੌਮਾਂਤਰੀ ਪੱਧਰ ਦੇ ਟੂਰਨਾਮੈਂਟ ਦੇ ਵਿੱਚ ਵੀ ਉਹ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕਾ ਹੈ।

ਕੌਮਾਂਤਰੀ ਪੱਧਰ 'ਤੇ ਖੱਟ ਚੁੱਕਿਆ ਨਾਮਣਾ
ਮਨਟੇਕਵੀਰ ਕਈ ਸਾਲਾਂ ਤੋਂ ਇਸ ਖੇਡ ਦੇ ਨਾਲ ਜੁੜਿਆ ਹੋਇਆ ਹੈ ਅਤੇ ਮਲੇਸ਼ੀਆ ਜਾ ਕੇ ਵੀ ਉਸ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਸੀ। ਓਹ ਕੇਰਲ, ਰਾਜਸਥਾਨ, ਪੰਜਾਬ 'ਚ ਕੌਂਮੀ ਖੇਡਾਂ 'ਚ ਹਿੱਸਾ ਲੈ ਚੁੱਕਾ ਹੈ। ਇਸ ਤੋਂ ਇਲਾਵਾ ਕੇਰਲ ਦੇ ਵਿੱਚ ਵੀ ਉਹ ਗੋਲਡ ਮੈਡਲ ਲੈ ਕੇ ਆਇਆ ਸੀ। ਉਸ ਦੀ ਇਸ ਉਪਲਬਧੀ ਨਾਲ ਦੋਸਤਾਂ, ਰਿਸ਼ਤੇਦਾਰਾਂ ਤੇ ਪਰਿਵਾਰ ਦੇ ਵਿੱਚ ਵੀ ਕਾਫੀ ਖੁਸ਼ੀ ਦੀ ਲਹਿਰ ਹੈ।

ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਗੋਲਡ
ਉਹਨਾਂ ਦੱਸਿਆ ਕਿ ਉਸ ਨੂੰ ਇਸ ਖੇਡ ਦੇ ਨਾਲ ਕਾਫੀ ਲਗਾਵ ਹੈ ਅਤੇ ਕਈ-ਕਈ ਘੰਟੇ ਉਹ ਇਸ ਲਈ ਪ੍ਰੈਕਟਿਸ ਕਰਦਾ ਹੈ। ਨੌਜਵਾਨ ਨੇ ਦੱਸਿਆ ਕਿ ਜਿਥੇ ਉਸ ਨੂੰ ਆਪਣੇ ਪਰਿਵਾਰ ਦਾ ਸਾਥ ਮਿਲਿਆ ਹੈ ਤਾਂ ਉਥੇ ਹੀ ਦੋਸਤਾਂ ਨੇ ਵੀ ਸਹਿਯੋਗ ਕੀਤਾ ਹੈ ਤੇ ਕੋਚ ਸਹਿਬਾਨਾਂ ਨੇ ਵੀ ਮਿਹਨਤ ਕਰਵਾਈ ਹੈ, ਜਿਸ ਦੇ ਸਦਕਾ ਉਹ ਇਹ ਮੁਕਾਮ ਹਾਸਲ ਕਰ ਸਕਿਆ ਹੈ।

ਗੋਲਡ ਜਿੱਤਣ 'ਤੇ ਪਰਿਵਾਰ 'ਚ ਖੁਸ਼ੀ
ਉਸ ਦੇ ਪਿਤਾ ਟੇਕ ਸਿੰਘ ਸਿੱਧੂ ਨੇ ਵੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੇ ਬੇਟੇ ਨੇ ਇਸ ਉਮਰ ਦੇ ਵਿੱਚ ਇਹ ਉਪਲਬਧੀ ਹਾਸਿਲ ਕੀਤੀ ਹੈ। ਉਹਨਾਂ ਕਿਹਾ ਕਿ ਇਸ ਵਿੱਚ ਉਸ ਦੇ ਸਕੂਲ ਦਾ, ਉਸ ਦੇ ਕੋਚ ਦਾ ਸਭ ਦਾ ਹੀ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨ ਤੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਹੋਣ।