ਲੁਧਿਆਣਾ: ਪੰਜਾਬ ਵਿੱਚ ਵਧ ਰਹੇ ਨਸ਼ੇ 'ਤੇ ਠੱਲ ਪਾਉਂਦੇ ਹੋਏ ਲੁਧਿਆਣਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਵੱਲੋਂ ਕਮਰਪਾਲ ਉਰਫ ਮਿੰਟੂ ਨਾ ਦੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਮੁਤਾਬਿਕ ਉਕਤ ਮੁਲਜ਼ਮ ਤੋਂ ਕੁੱਲ 5 ਕਿੱਲੋ 10 ਗ੍ਰਾਮ ਹੀਰੋਇਨ ਦੀ ਬਰਾਮਦਗੀ ਕੀਤੀ ਗਈ ਹੈ। ਲੁਧਿਆਣਾ ਦੇ ਸੀਨੀਅਰ ਪੁਲਿਸ ਅਫਸਰ ਸ਼ੁਭਮ ਅਗਰਵਾਲ ਵੱਲੋਂ ਮੀਡੀਆ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ। ਸੀਆਈਏ 1 ਦੇ ਨਾਲ ਸਾਂਝੇ ਆਪਰੇਸ਼ਨ ਤਹਿਤ ਇਹ ਸਫਲਤਾ ਹੱਥ ਲੱਗੀ ਹੈ।
ਘਰ 'ਚ ਲਕੋਈ ਸੀ ਹੈਰੋਇਨ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੇ ਵਿੱਚੋਂ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਵੇਲੇ ਉਸ ਕੋਲੋਂ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਉਸ 'ਤੇ ਮਾਮਲਾ ਦਰਜ ਕੀਤਾ ਗਿਆ। ਪੁਲਸਿ ਮੁਤਾਬਿਕ ਦੌਰਾਨ-ਏ ਤਫਤੀਸ਼ ਡੁੰਗਾਈ ਨਾਲ ਜਦੋਂ ਮੁਲਜ਼ਮ ਕੋਲੋਂ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਹੋਰ ਵੀ ਹੈਰੋਇਨ ਹੋਣ ਦੀ ਗੱਲ ਕਬੂਲੀ ਅਤੇ ਉਸ ਨੇ ਆਪਣੇ ਘਰ ਦੇ ਵਿੱਚ ਇਹ ਲਕੋ ਕੇ ਰੱਖੀ ਹੋਈ ਸੀ। ਜਿਸ ਤੋਂ ਬਾਅਦ ਜਦੋਂ ਪੁਲਿਸ ਉਸਦੇ ਘਰ ਛਾਪੇਮਾਰੀ ਕਰਨ ਲਈ ਪਹੁੰਚੀ ਤਾਂ ਘਰ ਦੇ ਵਿੱਚੋਂ 4 ਕਿਲੋ 755 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਮਾਰਕੀਟ ਦੇ ਵਿੱਚ ਕਰੋੜਾਂ ਰੁਪਏ ਕੀਮਤ ਬਣਦੀ ਹੈ।
ਪਾਕਿਸਤਾਨ ਨਾਲ ਸੰਬੰਧ
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਚਾਰ ਪੰਜ ਸਾਲ ਤੋਂ ਹੈਰੋਇਨ ਦੀ ਤਸਕਰੀ ਕਰਨ ਦਾ ਕੰਮ ਕਰਦਾ ਸੀ। ਮੁਲਜ਼ਮ ਪੀਰੂ ਬੰਦਾ ਮੁਹੱਲਾ ਸਲੇਮ ਟਾਬਰੀ ਦਾ ਰਹਿਣ ਵਾਲਾ ਹੈ। ਪਾਕਿਸਤਾਨ ਦੇ ਤਸਕਰਾਂ ਨਾਲ ਗੱਲਬਾਤ ਕਰਨ ਉਪਰੰਤ ਉਹ ਬਾਘਾ ਬਾਰਡਰ ਤੋਂ ਅੱਗੇ ਕਿਸੇ ਹੋਰ ਬੰਦੇ ਨੂੰ ਹਾਇਰ ਕਰਕੇ ਉਸ ਤੋਂ ਇਹ ਹੈਰੋਇਨ ਮੰਗਵਾਉਂਦਾ ਸੀ ਅਤੇ ਉਹ ਅੰਮ੍ਰਿਤਸਰ ਤੋਂ ਲੁਧਿਆਣਾ ਲਿਆ ਕੇ ਅੱਗੇ ਇਸ ਨੂੰ ਵੇਚਦਾ ਸੀ।