ਲੁਧਿਆਣਾ: ਰਵਨੀਤ ਬਿੱਟੂ ਵਲੋਂ ਆਪਣੀ ਰਵਾਇਤੀ ਪਾਰਟੀ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਜਾਣ ਦੇ ਮਾਮਲੇ ਉੱਤੇ ਅਜੇ ਵੀ ਸਿਆਸਤ ਗਰਮਾਈ ਹੋਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਇੱਕ ਵਾਰ ਮੁੜ ਤੋਂ ਰਵਨੀਤ ਬਿੱਟੂ ਦੇ ਸਿਆਸੀ ਤੰਜ ਕੱਸਦੇ ਹੋਏ ਕਿਹਾ ਹੈ ਕਿ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਵੱਡੇ ਘੁਟਾਲਿਆਂ ਦੇ ਕਰਕੇ ਹੀ ਰਵਨੀਤ ਬਿੱਟੂ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ, ਕਿਉਂਕਿ ਉਸ ਨੂੰ ਈਡੀ ਦਾ ਡਰ ਸੀ।
ਪੂਰੀ ਪਾਰਟੀ ਹੀ ਭ੍ਰਿਸ਼ਟ: ਗੁਰਪ੍ਰੀਤ ਗੋਗੀ ਨੇ ਕਿਹਾ ਹਾਲਾਂਕਿ ਪੂਰੀ ਕਾਂਗਰਸ ਪਾਰਟੀ ਹੀ ਭ੍ਰਿਸ਼ਟ ਹੈ ਅਤੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਪੂਰਾ ਕੁਨਬਾ ਹੀ ਖਰਾਬ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਸੀ ਕਿ ਉਨ੍ਹਾਂ ਵੱਲੋਂ ਵੀ ਕਾਂਗਰਸ ਪਾਰਟੀ ਛੱਡੀ ਗਈ ਸੀ, ਕਿਉਂਕਿ ਕਾਂਗਰਸ ਵਿੱਚ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਇੰਚਾਰਜ ਬਣਾ ਕੇ ਪੰਜਾਬ ਦੇ ਸਿਰ ਉੱਤੇ ਬਿਠਾ ਦਿੱਤੇ ਜਾਂਦੇ ਸਨ, ਜਿਨ੍ਹਾਂ ਨੂੰ ਨਾ, ਤਾਂ ਪੰਜਾਬ ਬਾਰੇ ਪਤਾ ਹੁੰਦਾ ਸੀ ਅਤੇ ਨਾ ਹੀ ਲੀਡਰਾਂ ਬਾਰੇ ਇਨ੍ਹਾਂ ਹਰਕਤਾਂ ਕਰਕੇ ਹੀ ਅਸੀਂ ਕਾਂਗਰਸ ਛੱਡੀ ਸੀ। ਐਮਐਲਏ ਗੋਗੀ ਨੇ ਕਾਂਗਰਸ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਲੀਡਰ ਥੋਕ ਵਿੱਚ ਟਿਕਟਾਂ ਲਿਆ ਕੇ ਪੰਜਾਬ ਵਿੱਚ ਵੇਚਦੇ ਸਨ, ਪਰ ਆਮ ਆਦਮੀ ਪਾਰਟੀ ਨੇ ਸਾਨੂੰ ਬਿਨਾਂ ਕਿਸੇ ਸ਼ਰਤ ਤੋਂ ਟਿਕਟ ਦਿੱਤੀ।
ਰਵਨੀਤ ਬਿੱਟੂ ਨੇ ਪੈਸੇ ਦੀ ਬਰਬਾਦੀ ਕੀਤੀ: ਇਸ ਦੌਰਾਨ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਪਿਛਲੇ ਸਾਲਾਂ ਵਿੱਚ ਕੋਈ ਕੰਮ ਨਹੀਂ ਕੀਤੇ, ਇਸੇ ਕਰਕੇ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਨੂੰ ਅਸੀਂ ਸੁਧਾਰਿਆ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੱਖੋਵਾਲ ਰੋਡ ਉੱਤੇ ਜਿਹੜੇ ਰੇਲਵੇ ਓਵਰ ਬ੍ਰਿਜ ਬਣਾਏ ਗਏ ਹਨ, ਉਨ੍ਹਾਂ ਦੀ ਲੋੜ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜਨਤਾ ਦੇ ਪੈਸੇ ਦੀ ਉੱਥੇ ਬਰਬਾਦੀ ਕੀਤੀ ਗਈ ਹੈ। ਗੋਗੀ ਨੇ ਕਿਹਾ ਕਿ ਸਮਾਰਟ ਸਿਟੀ ਦੇ ਨਾਂ ਉੱਤੇ ਕਾਂਗਰਸ ਦੀ ਸਰਕਾਰ ਵੇਲ੍ਹੇ ਬਿਨ੍ਹਾਂ ਵਜੇ ਪੈਸੇ ਲਗਾਏ ਗਏ ਅਤੇ ਲੋਕਾਂ ਦੇ ਪੈਸਿਆਂ ਦੀ ਦੁਰਵਰਤੋਂ ਕੀਤੀ ਗਈ, ਜਦਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਅਸੀਂ ਕੰਮ ਸੁਧਾਰੇ ਹਨ।
ਹਾਲਾਂਕਿ, ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਂਗਰਸ ਨੂੰ ਖਰੀਆਂ ਖੋਟੀਆਂ ਸੁਣਾ ਰਹੇ ਹਨ। ਉੱਥੇ ਹੀ, ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਵਿੱਚ ਗਠਜੋੜ ਵੀ ਹੈ।