ਲੁਧਿਆਣਾ: ਜਦੋਂ ਵੀ ਦਿਲ ਨੂੰ ਖੁਸ਼ੀ ਹੋਵੇ ਤਾਂ ਉਹ ਹੀ ਦੀਵਾਲੀ ਹੁੰਦੀ ਹੈ। ਇਹ ਦੀਵਾਲੀ ਉਦੋਂ ਹੋਰ ਵੀ ਖਾਸ ਬਣ ਗਈ ਜਦੋਂ ਲੋਕਾਂ ਨੇ ਜੇਲ੍ਹ ਦੀ ਬਰਫ਼ ਖਾਈ ਅਤੇ ਉਸ ਦੇ ਦੀਵਾਨੇ ਹੋ ਗਏ। ਸਿਰਫ਼ ਬਰਫ਼ ਹੀ ਨਹੀਂ ਜੇਲ੍ਹ ਦੀਆਂ ਮੋਮਬੱਤੀਆਂ, ਦੀਵੇ ਇੱਥੋਂ ਤੱਕ ਕੇ ਕੰਬਲ ਵੀ ਹਰ ਕਿਸੇ ਨੂੰ ਪਸੰਦ ਆ ਰਹੇ ਹਨ। ਇਸ ਜੇਲ੍ਹ 'ਚ ਬਣੀ ਬਰਫ਼ ਤੋਂ ਲੈ ਕੇ ਮੋਮਬੱਤੀਆਂ, ਦੀਵੇ, ਕੰਬਲ ਅਤੇ ਹੋਰ ਸਾਜੋ ਸਮਾਨ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ।
ਕੈਦੀਆਂ ਦੀ ਦੀਵਾਲੀ
ਦਰਅਸਲ ਕੈਦੀਆਂ ਵੱਲੋਂ ਇਸ ਵਾਰ ਆਪਣੀ ਮਿਹਨਤ ਅਤੇ ਹੁਨਰ ਦੀ ਪ੍ਰਦਰਸ਼ਨੀ ਲਗਾਈ ਗਈ। ਇਹ ਤਸਵੀਰਾਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੀਆਂ ਹਨ। ਜਿੱਥੇ ਇਸ ਵਾਰ ਜੇਲ ਪ੍ਰਸ਼ਾਸਨ ਦੀ ਮਦਦ ਨਾਲ ਇੱਕ ਵਿਸ਼ੇਸ਼ ਪ੍ਰਬੰਧ ਕਰ ਕੈਦੀਆਂ ਵੱਲੋਂ ਬਣਾਈਆਂ ਗਈਆਂ ਮਿਠਾਈਆਂ, ਮੋਮਬੱਤੀਆਂ, ਦੀਵੇ, ਕੰਬਲ ਅਤੇ ਹੋਰ ਸਾਜੋ ਸਮਾਨ ਵੇਚਿਆ ਜਾ ਰਿਹਾ ਹੈ। ਇਸ ਨੂੰ ਲੋਕ ਵੀ ਕਾਫੀ ਪਸੰਦ ਕਰ ਰਹੇ ਨੇ ਅਤੇ ਜੇਲ੍ਹ ਵਿੱਚ ਕੰਮ ਕਰਨ ਵਾਲੇ ਕੈਦੀਆਂ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਜੇਲ੍ਹ ਸੁਪਰੀਡੈਂਟ ਵੱਲੋਂ ਵੀ ਪ੍ਰਦਰਸ਼ਨੀ ਵਿੱਚ ਹਿੱਸਾ ਲੈ ਕੇ ਲੋਕਾਂ ਨੂੰ ਇਹਨਾਂ ਵਸਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਜੇਲ੍ਹ 'ਚ ਬਣੀ ਬੇਸਣ ਦੀ ਬਰਫ਼
ਇਸ ਸਬੰਧੀ ਗੱਲਬਾਤ ਕਰਦੇ ਹੋਏ ਜੇਲ੍ਹ ਸੁਪਰੀਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਵਿੱਚ ਮਹਿਲਾਵਾਂ ਵੱਲੋਂ ਵਿਸ਼ੇਸ਼ ਤੌਰ 'ਤੇ ਆਪਣੇ ਹੱਥਾਂ ਨਾਲ ਇਹ ਵਿਸ਼ੇਸ਼ ਡਿਜ਼ਾਈਨ ਦੀਆਂ ਮੋਮਬੱਤੀਆਂ ਅਤੇ ਹੋਰ ਦੀਵੇ ਤਿਆਰ ਕੀਤੇ ਗਏ ਹਨ। ਜੇਲ੍ਹ ਵਿੱਚ ਕੈਦੀ ਮਹਿਲਾਵਾਂ ਚੰਗੇ ਸਮਾਜ ਦੀ ਸਿਰਜਣਾ 'ਚ ਅਹਿਮ ਯੋਗਦਾਨ ਪਾਉਣ ਦੀ ਭੂਮਿਕਾ ਅਦਾ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਦਾ ਮਿਹਨਤਾਨਾ ਵੀ ਉਹਨਾਂ ਨੂੰ ਦਿੱਤਾ ਜਾਵੇਗਾ। ਇਸ ਕਰਕੇ ਜੇਲ੍ਹ ਵੱਲੋਂ ਕਾਫੀ ਸਮੇਂ ਪਹਿਲਾਂ ਹੀ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ। ਇਹਨਾਂ ਹੀ ਨਹੀਂ ਜੇਲ 'ਚ ਪੁਰਸ਼ ਕੈਦੀਆਂ ਵੱਲੋਂ ਤਿਆਰ ਬੇਸਣ ਦੀ ਬਰਫੀ ਵੀ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਤੋਂ ਇਲਾਵਾ ਮਹਿਲਾ ਕੈਦੀਆਂ ਵੱਲੋਂ ਸਜਾਵਟ ਦੇ ਲਈ ਫਾਈਬਰ ਕਵਰ ਅਤੇ ਨਾਲ ਹੀ ਕੁਝ ਹੋਰ ਥੈਲੇ ਆਦਿ ਵੀ ਬਣਾਏ ਗਏ ਹਨ।
ਕੈਦੀਆਂ ਦੀ ਸ਼ਲਾਘਾ
ਜੇਲ੍ਹ ਸੁਪਰੀਡੈਂਟ ਨੇ ਇਸ ਮੌਕੇ ਇਸ ਪ੍ਰਦਰਸ਼ਨੀ ਅਤੇ ਕੈਦੀਆਂ ਦੇ ਹੁਨਰ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਜਦੋਂ ਇਹ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਇਹਨਾਂ ਕੋਲ ਆਤਮ ਨਿਰਭਰ ਬਣਨ ਲਈ ਕੰਮ ਵੀ ਹੋਵੇਗਾ ਅਤੇ ਇਹ ਮਾੜੇ ਕੰਮਾਂ ਤੋਂ ਦੂਰ ਵੀ ਰਹਿਣਗੇ। ਉਹਨਾਂ ਦੱਸਿਆ ਕਿ ਪਹਿਲਾਂ ਜੇਲ੍ਹ 'ਚ ਕੈਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਕੱਚਾ ਮਾਲ ਇਹਨਾਂ ਨੂੰ ਉਪਲਬਧ ਕਰਵਾਇਆ ਗਿਆ ਤਾਂ ਜੋ ਇਹ ਸਮਾਨ ਬਣਾ ਕੇ ਤਿਆਰ ਕਰ ਸਕਣ। ਇਸ ਦੇ ਨਾਲ ਹੀ ਲੋਕਾਂ ਵੱਲੋਂ ਵੀ ਇਸ ਪ੍ਰਦਰਸ਼ਨੀ ਦੀ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ।