ਨਸ਼ੇ ਨੂੰ ਲੈ ਕੇ ਆਪ ਐਮਐਲਏ ਨੇ ਮੁੜ ਘੇਰੀ ਆਪਣੀ ਸਰਕਾਰ; ਰਾਘਵ ਚੱਢਾ ਦਾ ਨਾਮ ਲੈ ਕੇ ਲਾਏ ਇਲਜ਼ਾਮ, ਵਿਰੋਧੀਆਂ ਨੇ ਵੀ ਲਿਆ ਲਾਹਾ - ਵਿਸ਼ੇਸ਼ ਰਿਪੋਰਟ - Lok Sabha Election 2024 - LOK SABHA ELECTION 2024
Questioned On AAP Govt For Drug Smuggling: ਲੋਕ ਸਭਾ ਚੋਣਾਂ 'ਚ ਪੰਜਾਬ ਅੰਦਰ ਫਿਰ ਇੱਕ ਵਾਰ ਨਸ਼ੇ ਦਾ ਮੁੱਦਾ ਚੁੱਕਿਆ ਗਿਆ। ਇਹ ਮੁੱਦਾ ਸਰਕਾਰ ਦੇ ਵਿਰੋਧੀ ਵਲੋਂ ਨਹੀਂ, ਸਗੋਂ ਆਪ ਸਰਕਾਰ ਦੇ ਹੀ ਐਮਐਲਏ ਵਿਜੈ ਕੁੰਵਰ ਪ੍ਰਤਾਪ ਨੇ ਆਪਣੀ ਹੀ ਸਰਕਾਰ ਉੱਤੇ ਸਵਾਲ ਖੜੇ ਕੀਤੇ ਹਨ। ਇਸ ਤੋਂ ਬਾਅਦ ਵਿਰੋਧੀਆਂ ਨੇ ਮਾਨ ਸਣੇ ਦਿੱਲੀ ਸਰਕਾਰ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖਿੱਚ ਲਿਆ। ਦੂਜੇ ਪਾਸੇ, ਇਲਜ਼ਾਮ ਸਾਹਮਣੇ ਆਉਣ ਤੋਂ ਬਾਅਦ ਆਪ ਦੇ ਲੁਧਿਆਣਾ ਤੋਂ ਐਮਐਲਏ ਨੇ ਕੁੰਵਰ ਵਿਜੈ ਪ੍ਰਤਾਪ ਨੂੰ ਸਲਾਹ ਦੇ ਦਿੱਤੀ। ਪੜ੍ਹੋ ਇਹ ਵਿਸ਼ੇਸ਼ ਰਿਪੋਰਟ।
Published : Apr 22, 2024, 11:12 AM IST
ਲੁਧਿਆਣਾ: ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਮੁੜ ਤੋਂ ਪੰਜਾਬ ਵਿੱਚ ਨਸ਼ਾ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਇਸ ਮੁੱਦੇ 'ਤੇ ਹੁਣ ਵਿਰੋਧੀਆਂ ਸਣੇ ਆਪ ਐਮਐਲਏ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਆਪਣੇ ਉਮੀਦਵਾਰ ਦਾ ਚੋਣ ਪ੍ਰਚਾਰ ਕਰਨ ਪਹੁੰਚੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਵੱਲੋਂ ਸਟੇਜ ਤੋਂ ਹੀ ਸਾਫ ਕਹਿ ਦਿੱਤਾ ਕਿ ਅੰਮ੍ਰਿਤਸਰ ਵਿੱਚ ਪੁਲਿਸ ਮੁਲਾਜ਼ਮ ਨਸ਼ਾ ਵਿਕਵਾ ਰਹੇ ਹਨ, ਉਨ੍ਹਾਂ ਨੇ ਜਦੋਂ ਕਿਹਾ ਕਿ ਘੱਟੋ ਘੱਟ ਇਨ੍ਹਾਂ ਨੂੰ ਇੱਥੋਂ ਹਟਾ ਕੇ ਬਟਾਲਾ ਹੀ ਭੇਜ ਦੇਣ, ਤਾਂ ਉਸ ਉੱਤੇ ਵੀ ਉਹ ਨਹੀਂ ਮੰਨੇ।
ਸਿੱਧੇ ਤੌਰ ਉੱਤੇ ਕੁਵਰ ਵਿਜੈ ਪ੍ਰਤਾਪ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਸਵਾਲ ਖੜੇ ਕਰ ਦਿੱਤੇ ਹਨ ਜਿਸ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਵੱਲੋਂ ਵੀ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਜਿੱਥੇ ਪ੍ਰਤਾਪ ਬਾਜਵਾ ਨੇ ਟਵੀਟ ਕਰਕੇ ਕੁੰਵਰ ਵਿਜੇ ਪ੍ਰਤਾਪ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ, ਉੱਥੇ ਹੀ, ਦੂਜੇ ਪਾਸੇ ਭਾਜਪਾ ਨੇ ਵੀ ਇਸ ਸਬੰਧੀ ਇੱਕ ਪੱਤਰ ਬਕਾਇਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਲਿਖਿਆ ਹੈ ਅਤੇ ਇਸ ਸਬੰਧੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ, ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ।
ਕਾਂਗਰਸ ਦਾ ਟਵੀਟ: ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਕੁੰਵਰ ਵਿਜੈ ਪ੍ਰਤਾਪ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਅਤੇ ਨਾਲ ਹੀ ਲਿਖਿਆ ਹੈ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ, ਜੋ ਆਮ ਆਦਮੀ ਪਾਰਟੀ ਦੇ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਦੋ ਪੁਲਿਸ ਅਫਸਰਾਂ ਦੇ ਨਾਂ ਦੱਸੇ ਹਨ, ਜਿਨ੍ਹਾਂ ਦੇ ਰਾਘਵ ਚੱਡਾ ਨਾਲ ਕਾਫੀ ਨਜ਼ਦੀਕੀ ਸੰਬੰਧ ਹਨ। ਉਨ੍ਹਾਂ ਦੋਵਾਂ ਉੱਤੇ ਨਸ਼ੇ ਦੀ ਵਿਕਰੀ ਉੱਤੇ ਇਲਜ਼ਾਮ ਲੱਗੇ ਹਨ। ਪ੍ਰਤਾਪ ਬਾਜਵਾ ਨੇ ਅੱਗੇ ਲਿਖਿਆ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਅੰਮ੍ਰਿਤਸਰ ਤੋਂ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੀ ਉਸ ਵੇਲੇ ਮੌਜੂਦ ਸਨ। ਉਨ੍ਹਾਂ ਨੇ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਅਕਾਲੀ ਦਲ ਅਤੇ ਭਾਜਪਾ ਨੇ ਚੁੱਕੇ ਸਵਾਲ: ਇਸ ਮੁੱਦੇ ਨੂੰ ਲੈ ਕੇ ਬਕਾਇਦਾ ਭਾਜਪਾ ਦੇ ਬੁਲਾਰੇ ਡਾਕਟਰ ਸੁਭਾਸ਼ ਸ਼ਰਮਾ ਪੱਤਰ ਲਿਖਿਆ ਗਿਆ ਹੈ ਅਤੇ ਪੰਜਾਬ ਵਿੱਚ ਨਸ਼ੇ ਦੀ ਵੱਧ ਰਹੀ ਸਮੱਸਿਆ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀ ਐਨਆਈਏ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੀਤੇ ਦੋ ਸਾਲਾਂ ਵਿੱਚ ਨਸ਼ੇ ਦੀ ਸਮੱਸਿਆ ਹੋਰ ਜ਼ਿਆਦਾ ਵੱਧ ਗਈ ਹੈ। ਇਸ ਕਰਕੇ ਇਸ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਐਨਆਈਏ ਤੋਂ ਕਰਵਾਉਣੀ ਚਾਹੀਦੀ ਹੈ।
ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਵਲੋਂ ਵੀ ਚੁਟਕੀ ਲਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਰੋੜਾਂ ਰੁਪਏ ਦਾ ਨਸ਼ਾ ਕਿੱਥੋਂ ਆ ਰਿਹਾ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਦੋਂ ਸਾਡੀ ਸਰਕਾਰ ਵੇਲੇ ਸਾਡੇ ਉੱਤੇ ਇਲਜ਼ਾਮ ਲਗਾਉਂਦੇ ਸਨ ਅਤੇ ਹੁਣ ਇਹ ਸਾਬਿਤ ਹੀ ਨਹੀਂ ਕਰ ਸਕੇ ਕਿ ਪੰਜਾਬ ਵਿੱਚੋਂ ਨਸ਼ਾ ਕਿੱਥੋਂ ਆ ਰਿਹਾ ਹੈ ਅਤੇ ਕੌਣ ਲੈ ਕੇ ਆ ਰਿਹਾ ਹੈ ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਹਾਲੇ ਵੀ ਸ਼ਰੇਆਮ ਵਿਕ ਰਿਹਾ ਹੈ ਅਤੇ ਪੁਲਿਸ ਠੱਲ੍ਹ ਪਾਉਣ ਵਿੱਚ ਨਾਕਾਮ ਹੈ।
ਆਪ ਦਾ ਜਵਾਬ ਤੇ ਕੁੰਵਰ ਵਿਜੈ ਪ੍ਰਤਾਪ ਨੂੰ ਸਲਾਹ: ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਤੁਹਾਡੇ ਆਪਣੇ ਹੀ ਵਿਧਾਇਕ ਪੰਜਾਬ ਵਿੱਚ ਨਸ਼ੇ ਦੀ ਵਿਕਰੀ ਦੀ ਗੱਲ ਕਹਿ ਰਹੇ ਹਨ, ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਬਿਆਨਾਂ ਦੀ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ, ਇਸ ਕਰਕੇ ਪੰਜਾਬ ਵਿੱਚ ਨਸ਼ਾ ਗੁਆਂਢੀ ਦੇਸ਼ਾਂ ਤੋਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਫੌਜ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ, ਉਹ ਕਿਉਂ ਨਹੀਂ ਨਸ਼ੇ ਉੱਤੇ ਠੱਲ੍ਹ ਪਾ ਸਕੇ। ਉਨ੍ਹਾਂ ਨੇ ਆਪਣੇ ਹੀ ਵਿਧਾਇਕ ਉੱਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਜਦੋਂ ਕੋਈ ਜੋ ਕੁਝ ਚਾਹੁੰਦਾ ਹੋਵੇ, ਉਹ ਨਾ ਹੋ ਸਕੇ ਤਾਂ ਉਹ ਅਜਿਹੀ ਹੀ ਬਿਆਨਬਾਜ਼ੀ ਕਰਦਾ ਹੈ। ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਕੀ ਪੰਜਾਬ ਵਿੱਚ ਇਕੱਲੇ ਹੀ ਮਹਾਤਮਾ ਗਾਂਧੀ ਹਨ? ਗੁਰਪ੍ਰੀਤ ਗੋਗੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ, ਸਗੋਂ ਇਸ ਦੇ ਮਸਲੇ ਦੇ ਹੱਲ ਬਾਰੇ ਗੱਲ ਕਰਨੀ ਚਾਹੀਦੀ ਹੈ।