ਬਠਿੰਡਾ : ਬੀਤੀ 22 ਜਨਵਰੀ ਨੂੰ ਬਠਿੰਡਾ-ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਐਡਵੋਕੇਟ ਯਸਵਿੰਦਰ ਸਿੰਘ 'ਤੇ ਚੱਲੀ ਗੋਲੀ ਮਾਮਲੇ ਵਿੱਚ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਕਾਰਨ ਅੱਜ ਬਠਿੰਡਾ ਬਾਰ ਐਸੋਸੀਏਸ਼ਨ ਵੱਲੋਂ ਆਪਣਾ ਕੰਮ ਬੰਦ ਕਰਕੇ ਐਸਐਸਪੀ ਦਫਤਰ ਦਾ ਘਿਰਾਓ ਕੀਤਾ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਾਰ ਐਸੋਸੀਏਸ਼ਨ ਦੇ ਆਰ. ਓ. ਬਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵਕੀਲ ਯਸਵਿੰਦਰ 'ਤੇ ਚੱਲੀ ਗੋਲੀ ਮਾਮਲੇ ਵਿੱਚ ਮੁਲਜ਼ਮਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ।
ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੂੰ ਨਹੀਂ ਜਾਣਕਾਰੀ
ਜਦੋਂ ਇਸ ਸਬੰਧੀ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਤੋਂ ਅਣਜਾਣਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਇਸ ਕੇਸ ਸਬੰਧੀ ਸਹੀ ਜਾਣਕਾਰੀ ਉਪਲਬਧ ਨਹੀਂ ਕਰਾਈ ਗਈ। ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੁਣ ਆਇਆ ਹੈ ਅਤੇ ਉਨ੍ਹਾਂ ਵੱਲੋਂ ਜਲਦ ਹੀ ਇਸ ਮਾਮਲੇ ਵਿੱਚ ਪੜਤਾਲ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
'ਐਸਪੀ ਸਿਟੀ ਨੇ ਮੁਲਜ਼ਮਾਂ ਨਾਲ ਰਲ ਕੇ ਕੀਤੀ ਸ਼ਾਜਿਸ'
ਐਸਐਸਪੀ ਅਮਨੀਤ ਕੌਂਡਲ ਦੇ ਇਸ ਬਿਆਨ ਤੋਂ ਵਕੀਲ ਭਾਈਚਾਰੇ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਗੱਲਬਾਤ ਕਰਦਿਆਂ ਐਡਵੋਕੇਟ ਬਲਵੀਰ ਸਿੰਘ ਢਿਲੋਂ ਨੇ ਕਿਹਾ ਕਿ 'ਇਸ ਮਾਮਲੇ ਬਾਰੇ ਐਸਐਸਪੀ ਨੇ ਜੋ ਬਿਆਨ ਦਿੱਤਾ ਹੈ, ਉਹ ਬਹੁਤ ਮਾੜੀ ਗੱਲ ਹੈ ਕਿ ਤੁਹਾਡੇ ਐਸਪੀ ਸਿਟੀ ਨੇ ਤੁਹਾਨੂੰ ਕੁਝ ਨਹੀਂ ਦੱਸਿਆ। ਕਿਉਂਕਿ ਉਹ ਸਾਡੇ ਮੈਂਬਰ ਨੂੰ ਹੀ ਕਹਿ ਰਿਹਾ ਸੀ ਉਸ ਨੇ ਖੁਦ ਨੂੰ ਆਪ ਗੋਲੀ ਮਾਰੀ ਹੈ। ਜਿਸ ਕਰਕੇ ਸਾਨੂੰ ਸ਼ੁਰੂ ਤੋਂ ਹੀ ਸ਼ੱਕ ਹੈ ਕਿ ਐਸਪੀ ਸਿਟੀ ਨੇ ਦੋਸ਼ੀਆਂ ਨਾਲ ਰਲ ਕੇ ਸ਼ਾਜਿਸ ਕੀਤੀ ਅਤੇ ਉਨ੍ਹਾਂ ਨੇ ਖੁਦ ਕਹਿ ਕੇ ਇਹ ਕੰਮ ਕਰਵਾਇਆ ਹੈ। ਕਿਉਂਕਿ ਪਹਿਲੇ ਦਿਨ ਤੋਂ ਹੀ ਪੁਲਿਸ ਦੇ ਵਤੀਰੇ ਤੋਂ ਹੀ ਸਾਡੇ ਮਨ ਵਿੱਚ ਸ਼ੱਕ ਪੈਦਾ ਹੋ ਗਿਆ ਸੀ। ਜਦੋਂ ਉਹ ਬੰਦਾ ਜ਼ਖਮੀ ਸੀ ਤਾਂ ਉਸ ਦਾ ਮੋਬਾਈਲ ਖੋਹ ਲਿਆ ਗਿਆ, ਉਸ ਨੂੰ ਪ੍ਰੇਸ਼ਾਨ ਕਰਨਾ ਸ਼ੂਰੁ ਕਰ ਦਿੱਤਾ ਕਿ ਤੂੰ ਫਾਇਰ ਆਪ ਮਾਰਿਆ ਤੂੰ ਰਾਜੀਨਾਮਾ ਕਰ। ਉਸ ਨੇ ਅਣਪਛਾਤੇ ਬੰਦਿਆਂ ਉੱਤੇ ਮੁਕੱਦਮਾ ਦਰਜ ਕਰਵਾਇਆ ਸੀ ਰਾਜੀਨਾਮਾ ਕਿਸ ਨਾਲ ਕਰਦਾ। ਇਸ ਦਾ ਮਤਲਬ ਪੁਲਿਸ ਨੂੰ ਸਾਰੀ ਗੱਲ ਪਤਾ ਸੀ ਐਸਪੀ ਸਿਟੀ ਮੌਨੀਟਰ ਕਰ ਰਿਹਾ ਸੀ'।
'ਐਸਪੀ ਸਿਟੀ ਨੂੰ ਪੁੱਛਿਆ ਜਾਵੇ ਕਿ ਉਹ ਬੰਦੇ ਕੌਣ ਹਨ'
ਇਸ ਦੌਰਾਨ ਐਡਵੋਕੇਟ ਬਲਵੀਰ ਸਿੰਘ ਢਿਲੋਂ ਨੇ ਕਿਹਾ ਕਿ ਇਸ ਤੋਂ ਬਾਅਦ ਸਾਡਾ ਇੱਕ ਗਰੁੱਪ ਐਸਪੀ ਸਿਟੀ ਨੂੰ ਮਿਲ ਕੇ ਆਇਆ, ਉਸ ਸਮੇਂ ਵੀ ਐਸਪੀ ਸਿਟੀ ਨੇ ਇਹੀ ਕਿਹਾ ਕਿ ਉਸ ਨੇ ਆਪਣੇ ਆਪ ਹੀ ਖੁਦ ਨੂੰ ਗੋਲੀ ਮਾਰੀ ਸੀ। ਇਸ ਤੋਂ ਬਾਅਦ ਐਡਵੋਕੇਟ ਨੇ ਕਿਹਾ ਕਿ ਇਹ ਧਰਨਾ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਨੂੰ ਕਹਿ ਚੁੱਕੇ ਹਾਂ ਕਿ ਐਸਪੀ ਸਿਟੀ ਨੂੰ ਪੁੱਛਿਆ ਜਾਵੇ ਕਿ ਉਹ ਬੰਦੇ ਕੌਣ ਹਨ ਕਿਉਂਕਿ ਉਹ ਉਨ੍ਹਾਂ ਬੰਦਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਉਨ੍ਹਾਂ ਵੱਲੋਂ ਅਣਗਹਿਲੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਵਕੀਲ ਭਰਾ ਨੂੰ ਇਨਸਾਫ ਨਹੀਂ ਮਿਲੇਗਾ, ਇਹ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਆਉਂਦੇ ਦਿਨਾਂ ਵਿੱਚ ਵਕੀਲ ਭਾਈਚਾਰੇ ਵੱਲੋਂ ਸੂਬੇ ਭਰ ਵਿੱਚ ਬੰਦ ਦੀ ਕਾਲ ਦਿੱਤੀ ਜਾਵੇਗੀ।