ਲੁਧਿਆਣਾ: ਪੰਜਾਬ ਦੇ ਪ੍ਰਸਿੱਧ ਸ਼ਾਇਰ ਅਤੇ ਸਾਹਿਤਕਾਰ ਪਦਮਸ਼੍ਰੀ ਡਾ. ਸੁਰਜੀਤ ਪਾਤਰ ਦੀ ਅੰਤਿਮ ਯਾਤਰਾ ਲੁਧਿਆਣਾ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਪੁੱਜ ਗਈ ਹੈ। ਸੀ.ਐਮ. ਭਗਵੰਤ ਮਾਨ ਵੀ ਉਥੇ ਪਹੁੰਚੇ ਅਤੇ ਅਰਥੀ ਨੂੰ ਮੋਢਾ ਦਿੱਤਾ। ਇਸ ਦੇ ਨਾਲ ਹੀ, ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ।
-
ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਸਾਬ੍ਹ ਜੀ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸੀ... ਜੋ ਘਾਟਾ ਪਰਿਵਾਰ ਅਤੇ ਪੰਜਾਬੀਆਂ ਲਈ ਨਾ ਪੂਰਾ ਹੋਣ ਵਾਲਾ ਹੈ...ਅੱਜ ਲੁਧਿਆਣਾ ਵਿਖੇ ਪਾਤਰ ਸਾਹਬ ਜੀ ਦੇ ਅੰਤਿਮ ਸਸਕਾਰ ‘ਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ... ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ… pic.twitter.com/qAU7dfXZYB
— Bhagwant Mann (@BhagwantMann) May 13, 2024
ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ ਪਾਤਰ ਸਾਬ੍ਹ: ਭਗਵੰਤ ਮਾਨ ਨੇ ਕਿਹਾ ਕਿ ਸੁਰਜੀਤ ਪਾਤਰ ਵਰਗੇ ਕਦੇ ਕਦੇ ਹੀ ਇਸ ਦੁਨੀਆਂ ਦੇ ਵਿੱਚ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜੋ ਪੰਜਾਬੀ ਸਾਹਿਤ ਅਤੇ ਕਲਾ ਨੂੰ ਦੇਣ ਹੈ, ਉਹ ਕਦੇ ਭੁਲਾਈ ਨਹੀਂ ਜਾ ਸਕਦੀ ਅਤੇ ਰਹਿੰਦੀ ਦੁਨੀਆਂ ਤੱਕ ਯਾਦ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਾਤਰ ਦੀ ਯਾਦ ਦੇ ਵਿੱਚ ਜੋ ਕੁਝ ਵੀ ਮਰਜ਼ੀ ਬਣਾ ਲਿਆ ਜਾਵੇ ਉਹ ਪੰਜਾਬ ਦੀ ਸੇਵਾ ਹੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇੱਕ ਪਾਤਰ ਐਵਾਰਡ ਸ਼ੁਰੂ ਕੀਤੇ ਜਾਣਗੇ, ਜਿਵੇਂ ਅਰਜੁਨ ਐਵਾਰਡ ਹੈ, ਪਦਮਸ਼੍ਰੀ ਐਵਾਰਡ ਹੈ, ਉਸੇ ਤਰ੍ਹਾਂ ਪਾਤਰ ਐਵਾਰਡ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਜਾਣਗੇ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਪਰਿਵਾਰ ਦੇ ਨਾਲ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਖੁਦ ਉਹਨਾਂ ਦੀਆਂ ਕਵਿਤਾਵਾਂ ਹਰ ਜਗ੍ਹਾ ਉੱਤੇ ਬੋਲਿਆ ਕਰਦੇ ਸੀ, ਉਨ੍ਹਾਂ ਦੀ ਕਵਿਤਾਵਾਂ ਤੋਂ ਹਮੇਸ਼ਾ ਹੀ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੈ।
ਆਉਣ ਵਾਲੀ ਪੀੜ੍ਹੀ ਨੂੰ ਜਾਣੂ ਕਰਵਾਉਣਾ ਜ਼ਰੂਰੀ: ਇਸ ਦੌਰਾਨ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਸੁਰਜੀਤ ਪਾਤਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਪੂਰਾ ਕਲਾ ਜਗਤ ਸੋਗ ਦੀ ਲਹਿਰ ਦੇ ਵਿੱਚ ਹੈ। ਪੂਰਾ ਸਾਹਿਤ ਸੋਗ ਦੀ ਲਹਿਰ ਦੇ ਵਿੱਚ ਹੈ। ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਲਈ ਕਈ ਐਵਾਰਡ ਤੇ ਕਈ ਸਨਮਾਨ ਬਾਕੀ ਹਨ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਜੋ ਉਨ੍ਹਾਂ ਨੂੰ ਜਾਣਦਾ ਸੀ ਉਹ ਵੀ ਉਨ੍ਹਾਂ ਨੂੰ ਪਿਆਰ ਕਰਦਾ ਸੀ, ਜੋ ਉਨ੍ਹਾਂ ਨੂੰ ਨਹੀਂ ਵੀ ਜਾਣਦਾ ਸੀ, ਉਹ ਵੀ ਉਨ੍ਹਾਂ ਨੂੰ ਪਿਆਰ ਕਰਦਾ ਸੀ। ਉਨ੍ਹਾਂ ਦੇ ਅੰਤਿਮ ਸਸਕਾਰ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਫਿਲਮ ਜਗਤ, ਸਾਹਿਤ ਜਗਤ, ਕਲਾ ਜਗਤ ਅਤੇ ਸਿਆਸੀ ਜਗਤ ਦੇ ਨਾਲ ਧਾਰਮਿਕ ਅਤੇ ਸਮਾਜਿਕ ਆਗੂ ਵੀ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਕੌਣ ਹੈ, ਇਸ ਬਾਰੇ ਬੱਚਿਆਂ ਤੇ ਆਉਣ ਵਾਲੀ ਪੀੜ੍ਹੀ ਨੂੰ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ, ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਬਹੁਤ ਸਾਰੇ ਲੋਕ ਇਕੱਠੇ ਹੋਏ। ਇਸ ਵਿੱਚ ਪ੍ਰਸਿੱਧ ਸਾਹਿਤਕਾਰ, ਕਲਾਕਾਰ, ਆਗੂ, ਵਿਧਾਇਕ, ਪ੍ਰੋਫੈਸਰ ਅਤੇ ਮੀਡੀਆ ਨਾਲ ਸਬੰਧਤ ਲੋਕ ਸ਼ਾਮਲ ਹੋਏ। ਸੁਰਜੀਤ ਪਾਤਰ ਦੀ ਦੋ ਦਿਨ ਪਹਿਲਾਂ ਮੌਤ ਹੋ ਗਈ ਸੀ, ਪਰ ਉਨ੍ਹਾਂ ਦਾ ਪੁੱਤਰ ਵਿਦੇਸ਼ ਵਿੱਚ ਸੀ। ਅਜਿਹੇ 'ਚ ਬੇਟੇ ਦੇ ਆਉਣ ਤੋਂ ਬਾਅਦ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਹੈ।
ਐਵਾਰਡ ਸ਼ੁਰੂ ਕਰਨ ਦੀ ਤਿਆਰੀ: ਪੰਜਾਬੀ ਕਵੀ ਤੇ ਸਾਹਿਤਕਾਰ ਸੁਰਜੀਤ ਪਾਤਰ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਹਰ ਸਾਲ ਪਾਤਰ ਐਵਾਰਡ ਦਿੱਤਾ ਜਾਵੇਗਾ। ਇਹ ਪੁਰਸਕਾਰ ਉੱਭਰਦੇ ਕਵੀਆਂ ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਸਾਰੀ ਯੋਜਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿਆਰ ਕੀਤੀ ਗਈ ਹੈ। ਇਸ ਦੇ ਨਾਲ ਹੀ ਅੱਜ ਇਸ ਐਵਾਰਡ ਬਾਰੇ ਰਸਮੀ ਐਲਾਨ ਵੀ ਕੀਤਾ ਜਾ ਸਕਦਾ ਹੈ। ਪਾਤਰ ਪੁਰਸਕਾਰ ਦੇ ਜੇਤੂ ਨੂੰ ਹਰ ਸਾਲ 1 ਲੱਖ ਰੁਪਏ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਜਾਵੇਗਾ। ਇਸ ਪੁਰਸਕਾਰ ਦੀ ਅਗਵਾਈ ਭਾਸ਼ਾ ਵਿਭਾਗ ਕਰੇਗਾ।
ਜਲੰਧਰ ਵਿੱਚ ਜਨਮੇ ਸਨ ਮਰਹੂਮ ਪਾਤਰ: ਪਦਮਸ਼੍ਰੀ ਸੁਰਜੀਤ ਪਾਤਰ ਪੰਜਾਬ ਅਤੇ ਦੇਸ਼ ਦੇ ਨਾਮਵਰ ਸਾਹਿਤਕਾਰਾਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਜਨਮ ਜਲੰਧਰ ਨੇੜੇ ਸਥਿਤ ਪਿੰਡ ਪਾਤਰ ਵਿੱਚ ਹੋਇਆ। ਉਹ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪੰਜਾਬੀ ਦੇ ਪ੍ਰੋਫੈਸਰ ਦੇ ਅਹੁਦੇ 'ਤੇ ਰਹੇ। ਬਾਅਦ ਵਿਚ ਉਹ ਉਥੋਂ ਹੀ ਸੇਵਾਮੁਕਤ ਹੋ ਗਏ। ਉਹ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵੀ ਰਹੇ।