ਬਠਿੰਡਾ : ਪੰਜਾਬ ਲੋਕ ਸਭਾ ਚੋਣਾਂ ਲਈ 1 ਜੂਨ ਯਾਨੀ ਅੱਜ ਵੋਟਿੰਗ ਡੇਅ ਹੈ। ਪੰਜਾਬ ਦੇ 2 ਕਰੋੜ ਤੋਂ ਵੱਧ ਵੋਟਰ ਸਿਆਸੀ ਉਮੀਦਵਾਰਾਂ ਦੀ ਕਿਸਮਤ ਨੂੰ ਈਵੀਐਮ ਵਿੱਚ ਕੈਦ ਕਰਨ ਲਈ ਤਿਆਰ ਹਨ। 13 ਲੋਕ ਸਭਾ ਸੀਟਾਂ ਲਈ ਉਮੀਦਵਾਰ ਚੁਣ ਕੇ ਪਾਰਲੀਮੈਂਟ ਵਿੱਚ ਭੇਜੇ ਜਾਣਗੇ। ਚੋਣ ਪ੍ਰਚਾਰ ਦੇ ਆਖਰੀ ਦਿਨ ਪੰਜਾਬ ਵਿੱਚ ਸਿਆਸੀ ਪਾਰਾ ਬਹੁਤ ਹਾਈ ਰਿਹਾ ਹੈ। ਵੀਰਵਾਰ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਦਾ ਆਖਰੀ ਦਿਨ ਰਿਹਾ ਹੈ। ਇਸ ਆਖਰੀ ਦਿਨ ਵਿੱਚ ਪੀਐਮ ਮੋਦੀ ਸਣੇ ਭਾਜਪਾ ਦੇ ਹੋਰ ਦਿੱਗਜ ਨੇਤਾ ਪੰਜਾਬ ਵਿੱਚ ਹੁੰਕਾਰ ਭਰਦੇ ਨਜ਼ਰ ਆਏ। ਦੂਜੇ ਪਾਸੇ, ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵੀ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਪਹੁੰਚੇ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੋਗੀ ਅਦਿਤਿਆਨਾਥ ਵੱਲੋਂ ਪੰਜਾਬ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਵੀ ਚੋਣ ਰੈਲੀਆਂ ਸਮੇਂ ਸਮੇਂ ਸਿਰ ਕੀਤੀਆਂ ਜਾਂਦੀਆਂ ਰਹੀਆਂ, ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਕੇਂਦਰ ਨਾਲ ਸੰਬੰਧਿਤ ਸੀਨੀਅਰ ਲੀਡਰਸ਼ਿਪ ਵੱਲੋਂ ਪੰਜਾਬ ਵਿੱਚ ਕੀਤੀਆਂ ਗਈਆਂ ਧੜਾ ਧੜ ਰੈਲੀਆਂ ਦਾ ਸਿਆਸੀ ਪਾਰਟੀਆਂ ਨੂੰ ਕਿਸੇ ਤਰ੍ਹਾਂ ਦਾ ਲਾਹਾ ਮਿਲੇਗਾ ਜਾਂ ਨਹੀਂ, ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ।
ਮਾਹਿਰ ਦੀ ਰਾਏ: ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਵਿੱਚ ਸਿਆਸੀ ਪਾਰਾ ਕਾਫੀ ਚੜ੍ਹਿਆ ਰਿਹਾ ਅਤੇ ਨੈਸ਼ਨਲ ਪਾਰਟੀਆਂ ਵੱਲੋਂ ਆਪਣੇ ਸੀਨੀਅਰ ਲੀਡਰਸ਼ਿਪ ਨੂੰ ਬੁਲਾ ਕੇ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਚੋਣ ਪ੍ਰਚਾਰ ਕਰਵਾਇਆ ਗਿਆ, ਪਰ ਗੱਲ ਸਮਝਣ ਵਾਲੀ ਹੈ ਕਿ ਪੰਜਾਬ ਦੇ ਲੋਕਾ ਦਾ ਹਮੇਸ਼ਾ ਦਿੱਲੀ ਨਾਲ ਇੱਕ ਵਖਰੇਵਾਂ ਰਿਹਾ ਹੈ। ਇਹ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਆਪਣੇ ਵਰਕਰਾਂ ਨੂੰ ਇੱਕਜੁੱਟ ਕਰਨ ਲਈ ਕੀਤੀਆਂ ਹੋਈਆਂ ਹੋ ਸਕਦੀਆਂ ਹਨ, ਪਰ ਇਹ ਚੋਣ ਰੈਲੀਆਂ ਪੰਜਾਬ ਦਾ ਭਵਿੱਖ ਨਹੀਂ ਤੈਅ ਕਰਦੀਆਂ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੀ ਰਾਜਨੀਤੀ ਕਦੇ ਵੀ ਪਸੰਦ ਨਹੀਂ ਆਈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਦਿੱਲੀ ਦੀਆਂ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਵਿੱਚ ਚੋਣ ਰੈਲੀਆਂ ਕਰਕੇ ਪੰਜਾਬ ਸਰਕਾਰ ਨੂੰ ਭੰਡਿਆ ਗਿਆ ਅਤੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਨੂੰ ਬਦਨਾਮ ਕੀਤਾ ਗਿਆ, ਇਸ ਤਰ੍ਹਾਂ ਦੀ ਰਾਜਨੀਤੀ ਨੂੰ ਪੰਜਾਬ ਦੇ ਲੋਕ ਕਦੇ ਵੀ ਪਸੰਦ ਨਹੀਂ ਕਰਦੇ। ਇਹ ਦਿੱਲੀ ਦੀਆਂ ਸਿਆਸੀ ਪਾਰਟੀਆਂ ਦੀ ਸੰਤੁਸ਼ਟੀ ਜ਼ਰੂਰ ਹੋ ਸਕਦੀ ਹੈ, ਪਰ ਇਹ ਰੈਲੀਆਂ ਵੋਟਾਂ ਲੈਣ ਲਈ ਬਹੁਤੀਆਂ ਲਾਹੇਵੰਦ ਸਾਬਿਤ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ।
ਉੱਤਰ ਪ੍ਰਦੇਸ਼ ਦੀ ਉਦਾਹਰਨ: ਅੱਜ ਜੋਗੀ ਅਦਿਤਿਆ ਨਾਥ ਵੱਲੋਂ ਕੀਤੀ ਗਈ ਚੋਣ ਰੈਲੀ ਵਿੱਚ ਪੰਜਾਬ ਨੂੰ ਲੈ ਕੇ ਕੀਤੀਆਂ ਗਈਆਂ, ਵੱਖੋ ਵੱਖ ਟਿੱਪਣੀਆਂ ਤੇ ਆਪਣੇ ਵਿਚਾਰ ਦੱਸਦੇ ਹੋਏ ਸੀਨੀਅਰ ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਅਤੇ ਗੈਂਗਸਟਰਵਾਦ ਜੋਰਾਂ ਉੱਤੇ ਹੈ ਅਤੇ ਕਿਤੇ ਨਾ ਕਿਤੇ ਵਿਰੋਧੀ ਧਿਰ ਵੱਲੋਂ ਇਨ੍ਹਾਂ ਨੂੰ ਮੁੱਦਾ ਬਣਾ ਕੇ ਅਤੇ ਉੱਤਰ ਪ੍ਰਦੇਸ਼ ਦੀ ਉਦਾਹਰਨ ਦਿੰਦੇ ਹੋਏ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉੱਤਰ ਪ੍ਰਦੇਸ਼ ਦੇ ਪ੍ਰਸ਼ਾਸਨਿਕ ਤੰਤਰ ਦਾ ਹਵਾਲਾ ਦਿੰਦੇ ਹੋਏ ਪੰਜਾਬ ਵਿੱਚ ਗੈਂਗਸਟਰ ਅਤੇ ਨਸ਼ਾ ਖਤਮ ਕਰਨ ਲਈ ਭਾਜਪਾ ਦਾ ਸਾਥ ਦੇਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਹਨ, ਪਰ ਕਿਤੇ ਨਾ ਕਿਤੇ ਇਹ ਗੱਲ ਸੋਚਣ ਵਾਲੀ ਹੈ ਕੀ ਪੰਜਾਬ ਦੇ ਲੋਕ ਗੈਂਗਸਟਰਾਂ ਤੇ ਨਸ਼ੇ ਤੋਂ ਸਭ ਤੋਂ ਵੱਧ ਪਰੇਸ਼ਾਨ ਹਨ?
ਭਾਵੇਂ ਮੌਜੂਦਾ ਧਿਰ ਨਸ਼ੇ ਅਤੇ ਗੈਂਗਸਟਰਵਾਦ ਦੇ ਮੁੱਦੇ ਤੇ ਵਿਧਾਨ ਸਭਾ ਚੋਣਾਂ ਲੜ ਕੇ ਸਰਕਾਰ ਬਣਾਉਣ ਵਿੱਚ ਸਫਲ ਰਹੀ ਸੀ, ਪਰ ਨਸ਼ਾ ਅਤੇ ਗੈਂਗਸਟਰਵਾਦ ਦਾ ਮੁੱਦਾ ਹਾਲੇ ਵੀ ਭਾਰੀ ਹੈ। ਇਸ ਲਈ ਭਾਜਪਾ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਉਛਾਲ ਕੇ ਕਿਤੇ ਨਾ ਕਿਤੇ ਇਨ੍ਹਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ, ਹੁਣ ਵੇਖਣਾ ਇਹ ਹੋਵੇਗਾ ਕਿ ਇਨ੍ਹਾਂ ਸਿਆਸੀ ਲੀਡਰਾਂ ਵੱਲੋਂ ਪੇਸ਼ ਕੀਤੇ ਜਾ ਰਹੇ ਦਾਅਵਿਆਂ ਨੂੰ ਲੋਕ ਕਿਸ ਤਰ੍ਹਾਂ ਵੇਖਦੇ ਹਨ ਅਤੇ ਕਿਸ ਪਾਰਟੀ ਨੂੰ ਇੱਕ ਜੂਨ ਨੂੰ ਵੋਟਾਂ ਪਾ ਕੇ ਕਾਮਯਾਬ ਕਰਦੇ ਹਨ।