ਅੰਮ੍ਰਿਤਸਰ: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਅੱਜ ਦੇ ਜ਼ਮਾਨੇ ਵਿੱਚ ਹਿਸਾਬ ਕਿਤਾਬ ਦਾ ਪੱਕਾ ਹੈ, ਉਹ ਕਦੀ ਮਾਤ ਨਹੀਂ ਖਾਂਦਾ ਹੈ। ਹਿਸਾਬ-ਕਿਤਾਬ ਦੇ ਵਿੱਚ ਵੱਡੇ-ਵੱਡੇ ਅਕਾਊਂਟੈਂਟ ਜਾਂ ਕਲਰਕ ਕਈ ਵਾਰ ਫੇਲ੍ਹ ਹੋ ਜਾਂਦੇ ਹਨ। ਇਹ ਵੀ ਵੇਖਿਆ ਗਿਆ ਹੈ ਕਿ ਉਹ ਕੈਲਕੂਲੇਟਰ ਜਾਂ ਕੰਪਿਊਟਰ ਤੋਂ ਹਿਸਾਬ-ਕਿਤਾਬ ਕਰਦੇ ਹਨ। ਪਰ ਅੰਮ੍ਰਿਤਸਰ 'ਚ ਇੱਕ ਬਜ਼ੁਰਗ ਅਜਿਹਾ ਵੀ ਹੈ, ਜੋ ਮੂੰਹ ਜੁਬਾਨੀ ਸਭ ਕੁਝ ਦੱਸ ਦਿੰਦਾ ਹੈ। ਉਨ੍ਹਾਂ ਦਾ ਹੁਨਰ ਚੰਗੇ-ਚੰਗੇ ਮਾਸਟਰਾਂ ਤੇ ਪਾੜ੍ਹਿਆਂ ਨੂੰ ਮਾਤ ਪਾਉਂਦਾ ਹੈ।
ਕੈਲਕੂਲੇਟਰ ਤੋਂ ਤੇਜ਼ ਚੱਲਦਾ ਦਿਮਾਗ
ਅੰਮ੍ਰਿਤਸਰ ਦੇ ਰਹਿਣ ਵਾਲੇ 56 ਸਾਲਾ ਕੁਲਵਿੰਦਰ ਸਿੰਘ, ਜਿੰਨ੍ਹਾਂ ਦਾ ਦਿਮਾਗ ਕੈਲਕੂਲੇਟਰ ਤੋਂ ਤੇਜ਼ ਚੱਲਦਾ ਹੈ। ਉਹ ਸਕਿੰਟਾਂ 'ਚ ਹੀ ਵੱਡੀ ਤੋਂ ਵੱਡੀ ਰਕਮ ਨੂੰ ਬਿਨਾਂ ਕਿਸੇ ਕੈਲਕੂਲੇਟਰ ਤੋਂ ਹੱਲ ਕਰ ਦਿੰਦੇ ਹਨ। ਕੁਲਵਿੰਦਰ ਸਿੰਘ ਲੱਖਾਂ ਤੱਕ ਦੀ ਉਲਟੀ ਗਿਣਤੀ, ਲੱਖਾਂ ਦੇ ਪਹਾੜਿਆਂ ਦੇ ਨਾਲ-ਨਾਲ ਵੱਡੀਆਂ-ਵੱਡੀਆਂ ਫਿਗਰਾਂ ਨੂੰ ਆਪਣੇ ਦਿਮਾਗ ਦੇ ਵਿੱਚ ਕੁਝ ਹੀ ਪੱਲਾਂ ਵਿੱਚ ਸੁਲਝਾ ਲੈਂਦੇ ਹਨ।
ਬਿਨਾਂ ਕੈਲਕੂਲੇਟਰ ਤੋਂ ਲੱਖਾਂ ਕਰੋੜਾਂ ਦੀ ਗਿਣਤੀ
ਪੇਸ਼ੇ ਵਜੋਂ ਕੁਲਵਿੰਦਰ ਸਿੰਘ ਡਰਾਈ ਫਰੂਟ ਦਾ ਕੰਮ ਕਰਦੇ ਹਨ, ਪਰ ਉਹਨਾਂ ਦਾ ਕਹਿਣਾ ਹੈ ਕਿ ਇਹ ਡਰਾਈ ਫਰੂਟ ਦਾ ਕਮਾਲ ਨਹੀਂ ਬਲਕੀ ਮੇਰੇ ਵਾਹਿਗੁਰੂ ਦਾ ਕਮਾਲ ਹੈ, ਜਿੰਨ੍ਹਾਂ ਨੇ ਮੈਨੂੰ ਇਹ ਹੁਨਰ ਦਿੱਤਾ ਹੈ। ਕੁਲਵਿੰਦਰ ਸਿੰਘ ਜੋ ਚਾਰ ਨੂੰ ਗੁਣਾ ਕਰਦੇ ਹੋਏ ਕਰੋੜਾਂ ਤੱਕ ਪਹੁੰਚ ਜਾਂਦੇ ਹਨ। ਉਨ੍ਹਾਂ ਬਿਨਾਂ ਕਿਸੇ ਕੈਲਕੂਲੇਟਰ ਤੋਂ ਵੱਡੇ ਤੋਂ ਵੱਡੇ ਪਹਾੜੇ ਨੂੰ ਅਸਾਨੀ ਨਾਲ ਹੱਲ ਕਰ ਦਿੰਦੇ ਹਨ।
ਕੁਲਵਿੰਦਰ ਸਿੰਘ ਦਾ ਡਰਾਈ ਫਰੂਟ ਦਾ ਕੰਮ
ਇਸ ਦੇ ਨਾਲ ਹੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਆਧੁਨਿਕ ਤਕਨੀਕ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ ਪਰ ਕਦੇ ਵੀ ਤਕਨੀਕ ਨੂੰ ਕਦੇ ਵੀ ਖੁਦ ਦੇ ਉੱਤੇ ਭਾਰੀ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੇਟੇ ਹਨ, ਦੋ ਬੇਟੇ ਵੱਡੇ ਅਹੁਦਿਆਂ 'ਤੇ ਤੈਨਾਤ ਹਨ ਤੇ ਇੱਕ ਬੇਟਾ ਨੌਕਰੀ ਲਈ ਅਪਲਾਈ ਕਰ ਰਿਹਾ ਹੈ ਤੇ ਉਸ ਦੀ ਪਤਨੀ ਹਾਊਸ ਵਾਈਫ ਹੈ। ਕੁਲਵਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਬਚਪਨ ਤੋਂ ਹੀ ਪੜ੍ਹਨ ਲਿਖਣ ਦਾ ਸ਼ੌਂਕ ਸੀ ਤੇ ਮੈਂ ਹਿਸਾਬ ਵਿੱਚ ਹੁਸ਼ਿਆਰ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਜੇਕਰ ਮੇਰੇ ਨਾਲ ਕੋਈ ਹਿਸਾਬ ਕਰਦਾ ਹੈ ਤਾਂ ਮੈਂ ਮਿੰਟੋ-ਮਿੰਟ ਉਸ ਦਾ ਪੂਰਾ ਲੇਖਾ-ਜੋਖ਼ਾ ਉਸ ਨੂੰ ਦੇ ਦਿੰਦਾ ਹਾਂ।