ਅੰਮ੍ਰਿਤਸਰ: ਜਦੋਂ ਵੀ ਅਸੀਂ ਕਿਸੇ ਦੂਜੀ ਥਾਂ ਜਾਣਾ ਹੁੰਦਾ ਤਾਂ ਅਕਸਰ ਬੱਸ, ਟ੍ਰੇਨ ਦਾ ਜਿਆਦਾ ਲੋਕ ਇਸਤੇਮਾਲ ਕਰਦੇ ਹਨ ਪਰ ਜੇ ਤੁਹਾਨੂੰ ਤੁਹਾਡੀ ਮੰਜ਼ਿਲ 'ਤੇ ਪਹੁੰਚਾਉਣ ਦੀ ਥਾਂ ਟ੍ਰੇਨ ਕਿਸੇ ਹੋਰ ਥਾਂ ਲੈ ਜਾਵੇ ਤਾਂ ਤੁਸੀਂ ਕੀ ਕਰੋਗੇ। ਜੀ ਹਾਂ ਅਜਿਹਾ ਹੀ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਦੋਂ ਅੰਮ੍ਰਿਤਸਰ ਜਾਂਦੀ-ਜਾਂਦੀ ਟ੍ਰੇਨ ਆਪਣੀ ਮੰਜ਼ਿਲ ਤੋਂ ਹੀ ਭਟਕ ਗਈ।
ਵੱਡਾ ਹਾਦਸਾ ਟਲਿਆ
ਕਾਬਲੇਜ਼ਿਕਰ ਹੈ ਕਿ ਇਹ ਟ੍ਰੇਨ ਕੋਲਕਾਤਾ ਤੋਂ ਅੰਮ੍ਰਿਤਸਰ ਜਾ ਰਹੀ ਸੀ ਪਰ ਅਚਾਨਕ ਟ੍ਰੇਨ ਦਾ ਰੂਟ ਬਦਲ ਗਿਆ। ਯਾਤਰੀਆਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਅਚਾਨਕ ਕੀ ਹੋ ਗਿਆ। ਟ੍ਰੇਨ ਆਪਣੀ ਮੰਜ਼ਿਲ ਤੋਂ ਉਲਟ ਦਿਸ਼ਾ 'ਚ ਕਿਉਂ ਚੱਲ ਰਹੀ ਹੈ? ਹੈਰਾਨੀ ਦੀ ਗੱਲ ਇਹ ਹੈ ਕਿ ਟਰੇਨ ਕਰੀਬ 30 ਮਿੰਟ ਤੱਕ ਜਲੰਧਰ ਸਟੇਸ਼ਨ ਤੋਂ ਗਲਤ ਦਿਸ਼ਾ ਵੱਲ ਵਧਦੀ ਰਹੀ। ਨਕੋਦਰ ਜੰਕਸ਼ਨ ‘ਤੇ 30 ਮਿੰਟ ਬਾਅਦ ਡਰਾਈਵਰ ਨੂੰ ਹੋਸ਼ ਆਇਆ ਫਿਰ ਇੰਜਣ ਨੂੰ ਬਦਲ ਦਿੱਤਾ ਗਿਆ ਅਤੇ ਰੇਲ ਗੱਡੀ ਨੂੰ ਵਾਪਸ ਲਿਆਂਦਾ ਗਿਆ। ਇਸ ਦੌਰਾਨ ਟਰੇਨ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਕਈ ਯਾਤਰੀਆਂ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਸਵਾਲ ਵੀ ਉਠਾਏ ਹਨ। ਉੱਥੇ ਹੀ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਲੋਕਾਂ ਦੇ ਸਵਾਲ
ਇਸ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਸਭ ਲਈ ਜ਼ਿੰਮੇਵਾਰ ਕੌਣ ਹੈ? ਜੇ ਕੋਈ ਹਾਦਸਾ ਵਾਪਰ ਜਾਦਾ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲੈਂਦਾ? ਲੋਕਾਂ ਨੂੰ ਜੋ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਸ ਲਈ ਕੋਈ ਜਵਾਬਦੇਹ ਹੈ?
ਰੇਲਵੇ ਦਾ ਜਵਾਬ
ਇਸ ਸਭ ਦੇ ਬਾਅਦ ਰੇਲਵੇ ਦਾ ਜਵਾਬ ਵੀ ਸਾਹਮਣੇ ਆਇਆ ਹੈ। ਫ਼ਿਰੋਜ਼ਪੁਰ ਡਿਵੀਜ਼ਨ ਰੇਲਵੇ ਨੇ ਐਕਸ 'ਤੇ ਲਿਖਿਆ ਕਿ "ਇਸ ਰੇਲਗੱਡੀ ਨੂੰ ਚਹੇੜੂ-ਜਲੰਧਰ ਵਿਚਕਾਰ ਟ੍ਰੈਕ ਦੇ ਰੱਖ-ਰਖਾਅ ਦੇ ਕੰਮ ਕਾਰਨ ਨਕੋਦਰ ਰਾਹੀਂ ਮੋੜ ਦਿੱਤਾ ਗਿਆ ਸੀ"।