ਚੰਡੀਗੜ੍ਹ: ਪੰਜਾਬ ਦੇ ਚਾਰ ਹਲਕਿਆਂ ਵਿਚ ਹੋਈਆਂ ਜ਼ਿਮਨੀ ਚੋਣਾਂ 'ਚ ਅੱਜ ਇਤਿਹਾਸ ਰਚੇ ਗਏ। ਕਈ ਅਹਿਮ ਚਿਹਰਿਆਂ ਨੂੰ ਪੰਜਾਬ ਦੀ ਜਨਤਾ ਨੇ ਅਣਗੋਲਿਆਂ ਕੀਤਾ ਅਤੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ। ਇਹਨਾਂ ਵਿੱਚ ਅਹਿਮ ਸੀਟ ਸੀ ਹੁਸ਼ਿਆਰਪੁਰ ਹਲਕੇ ਦੇ ਚੱਬੇਵਾਲ ਦੀ ਸੀਟ। ਜਿਥੇ ਪੰਜਾਬ ਸਰਕਾਰ ਦੇ ਉਮੀਦਵਾਰ ਇਸ਼ਾਂਕ ਕੁਮਾਰ ਚੱਬੇਵਾਲ ਪਹਿਲੀ ਵਾਰ ਚੋਣ ਮੈਦਾਨ 'ਚ ਉਤਰੇ ਅਤੇ ਕੁਰਸੀ ਹਾਸਿਲ ਕਰ ਲਈ। ਡਾ.ਇਸ਼ਾਂਕ ਨੂੰ 51753 ਵੋਟਾਂ ਮਿਲੀਆਂ ਹਨ। ਕਾਂਗਰਸੀ ਉਮੀਦਵਾਰ ਰਣਜੀਤ ਨੂੰ 23171 ਅਤੇ ਭਾਜਪਾ ਉਮੀਦਵਾਰ ਸੋਹਨ ਨੂੰ 8667 ਵੋਟਾਂ ਮਿਲੀਆਂ।
ਵੱਡੇ ਮਾਰਜਨ ਨਾਲ ਹਾਸਿਲ ਕੀਤੀ ਜਿੱਤ
ਜ਼ਿਕਰਯੋਗ ਹੈ ਕਿ ਇਸ਼ਾਂਕ ਚੱਬੇਵਾਲ ਨੇ ਕਰੀਬ 30 ਹਜ਼ਾਰ ਵੋਟਾਂ ਦੇ ਫਰਕ ਨਾਲ ਇਕਤਰਫਾ ਜਿੱਤ ਹਾਸਿਲ ਕੀਤੀ ਹੈ। ਇਸ ਜਿੱਤ ਤੋਂ ਬਾਅਦ ਜਿਥੇ ਸਮਰਥਕਾਂ ਨੇ ਲੱਡੂ ਵੰਡੇ ਅਤੇ ਭੰਗੜੇ ਪਾਏ ਉਥੇ ਹੀ ਪਿਤਾ ਨੇ ਇਸ਼ਾਂਕ ਨੂੰ ਨਸੀਹਤ ਵੀ ਦਿੱਤੀ। ਪਿਤਾ ਰਾਜ ਕੁਮਾਰ ਨੇ ਕਿਹਾ ਕਿ ਉਹ ਇਸ ਮਾਨ ਸਨਮਾਨ ਨੂੰ ਕਦੇ ਨਹੀਂ ਭੁੱਲਣਗੇ। ਨਾਲ ਹੀ ਚੱਬੇਵਾਲ ਨੇ ਆਪਣੇ ਪੁੱਤਰ ਇਸ਼ਾਂਕ ਨੂੰ ਵੀ ਨਸੀਹਤ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਵਾਰ ਤਾਂ ਰਾਜ ਕੁਮਾਰ ਦੇ ਨਾਮ 'ਤੇ ਜਿੱਤ ਮਿਲੀ ਹੈ ਪਰ ਅਗਲੀ ਵਾਰ ਉਹਨਾਂ ਨੂੰ ਆਪਣੀ ਮਿਹਨਤ ਅਤੇ ਆਪਣੇ ਨਾਮ 'ਤੇ ਹੀ ਇਹ ਜਿੱਤ ਹਾਸਿਲ ਕਰਨੀ ਹੋਵੇਗੀ।
ਪਹਿਲੀ ਵਾਰ ਚੋਣ ਲੜੀ ਚੋਣ
ਪੇਸ਼ੇ ਵੱਜੋਂ ਡਾਕਟਰੀ ਕਰ ਰਹੇ ਇਸ਼ਾਂਕ ਚੱਬੇਵਾਲ ਦਾ ਇਹ ਪਹਿਲਾ ਸਿਆਸੀ ਮੈਦਾਨ ਸੀ, ਉਹਨਾਂ ਨੇ ਜ਼ਿਮਨੀ ਚੋਣ ਨਾਲ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਹਾਲਾਂਕਿ ਉਹਨਾਂ ਦਾ ਪਰਿਵਾਰ ਪਹਿਲਾਂ ਤੋਂ ਹੀ ਸਿਆਸਤ ਵਿੱਚ ਹੈ ਪਰ ਇਸ਼ਾਂਕ ਲਈ ਇਹ ਚੋਣ ਉਹਨਾਂ ਦੇ ਸਿਆਸੀ ਕਰੀਅਰ ਦੀ ਸ਼ੁਰੂਆਤ ਚੰਗੀ ਇਤਿਹਾਸਿਕ ਸਾਬਿਤ ਹੋਈ।
ਡਾਕਟਰ ਇਸ਼ਾਂਕ ਦੀ ਜ਼ਿੰਦਗੀ 'ਤੇ ਇੱਕ ਝਾਤ
ਦੱਸ ਦੇਈਏ ਕਿ ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਰਾਖਵੇਂ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਵਿਧਾਇਕ ਡਾ.ਇਸ਼ਾਂਕ ਕੁਮਾਰ ਪੰਜਾਬ ਦੀ ਸਿਆਸਤ ਦੇ ਸਭ ਤੋਂ ਨੌਜਵਾਨ ਵਿਧਾਇਕ ਵੱਜੋਂ ਉਭਰ ਕੇ ਸਾਹਮਣੇ ਆਉਣਗੇ ਕਿਉਂਕਿ ਉਹਨਾਂ ਦੀ ਉਮਰ ਮਹਿਜ਼ 31 ਸਾਲ ਹੈ ਅਤੇ ਉਹ ਪੰਜਾਬ ਦੇ ਸਭ ਤੋਂ ਨੌਜਵਾਨ ਵਿਧਾਇਕ ਹੋਣਗੇ। ਇਸ਼ਾਂਕ ਐਮਡੀ ਰੇਡੀਓਲੋਜੀ ਦੇ ਫਾਈਨਲ ਸਮੈਸਟਰ ਦਾ ਵਿਦਿਆਰਥੀ ਹਨ ਅਤੇ ਪਿਤਾ ਐਮਪੀ ਡਾ. ਰਾਜਕੁਮਾਰ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ, ਉਹਨਾਂ ਨੇ ਰੇਡੀਓਲੋਜੀ ਨੂੰ ਆਪਣਾ ਕਿੱਤਾ ਬਣਾਉਣ ਦੇ ਨਾਲ-ਨਾਲ ਸਿਆਸਤ ਵਿੱਚ ਵੀ ਕਦਮ ਰੱਖ ਲਿਆ ਹੈ।
ਪਿਤਾ ਦੀ ਲਈ ਜਗ੍ਹਾ
ਇੱਥੇ ਦੱਸਣਯੋਗ ਹੈ ਕਿ ਇਸ਼ਾਂਕ ਨੇ ਰਾਜਨੀਤੀ ਵਿੱਚ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਚੱਬੇਵਾਲ ਵਿਧਾਨ ਸਭਾ ਸੀਟ 'ਤੇ ਚੋਣ ਲੜੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਰਾਜ ਕੁਮਾਰ ਚੱਬੇਵਾਲ ਨੇ ਪਾਰਟੀ ਬਦਲਣ ਦੇ ਫੈਸਲੇ ਨਾਲ ਇਸ ਸੀਟ ਤੋਂ ਅਸਤੀਫਾ ਦੇ ਕੇ ਸੀਟ ਖਾਲੀ ਕਰ ਦਿੱਤੀ ਸੀ। ਜਿਸ ਤੋਂ ਬਾਅਦ ਇਸ ਸੀਟ ਨੂੰ ਭਰਨ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰ ਵੱਜੋਂ ਇਸ਼ਾਂਕ ਨੂੰ ਹੀ ਉਮੀਦਵਾਰ ਐਲਾਨ ਦਿੱਤਾ। ਇਸ ਜਿੱਤ ਨਾਲ ਇਸ਼ਾਂਕ ਨੇ ਹਲਕੇ ਵਿੱਚ ਆਪਣੇ ਪਰਿਵਾਰ ਦੀ ਸਿਆਸਤ ਬਰਕਰਾਰ ਰੱਖੀ ਹੈ। ਇਸ਼ਾਂਕ ਪਿਛਲੇ 8-10 ਸਾਲਾਂ ਤੋਂ ਆਪਣੇ ਪਿਤਾ ਦੇ ਨਾਲ-ਨਾਲ ਰਾਜਨੀਤੀ ਵਿੱਚ ਸਰਗਰਮ ਹਨ ਅਤੇ ਆਪਣੇ ਪਿਤਾ ਦੇ ਚੋਣ ਪ੍ਰਚਾਰ ਵਿੱਚ ਲਗਾਤਾਰ ਹਿੱਸਾ ਲੈ ਰਹੇ ਸਨ।
ਪਿਤਾ ਦਾ ਸਿਆਸੀ ਇਤਿਹਾਸ
ਜ਼ਿਕਰਯੋਗ ਹੈ ਕਿ ਚੱਬੇਵਾਲ ਤੋਂ ਜੇਤੂ ਰਹੇ ਡਾ.ਇਸ਼ਾਂਕ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾ.ਰਾਜਕੁਮਾਰ ਦੇ ਪੁੱਤਰ ਹਨ। ਰਾਜਕੁਮਾਰ ਚੱਬੇਵਾਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਹਲਕਾ ਚੱਬੇਵਾਲ ਤੋਂ ਕਾਂਗਰਸ ਦੀ ਟਿਕਟ 'ਤੇ ਲੜੀਆਂ ਸਨ ਅਤੇ ਵਿਧਾਇਕ ਬਣੇ ਸਨ ਪਰ ਉਹਨਾਂ ਇਸ ਹੀ ਸਾਲ ਮਾਰਚ ਮਹੀਨੇ 'ਚ ਕਾਂਗਰਸ ਪਾਰਟੀ ਦਾ ਹੱਥ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ। ਇਸ ਤੋਂ ਬਾਅਦ ਉਹਨਾਂ ਲੋਕ ਸਭਾ ਚੋਣਾਂ ਲੜੀਆਂ ਅਤੇ ਜਿੱਤ ਕੇ ਸੰਸਦ ਵਿੱਚ ਪਹੁੰਚੇ। ਇਸ ਤੋਂ ਬਾਅਦ 'ਆਪ' ਨੇ ਇਸ ਸੀਟ 'ਤੇ ਰਾਜਕੁਮਾਰ ਚੱਬੇਵਾਲ ਬੇਟੇ ਇਸ਼ਾਂਕ 'ਤੇ ਹੀ ਭਰੋਸਾ ਜਤਾਇਆ ਸੀ ਅਤੇ ਇਸ਼ਾਂਕ ਇਸ ਭਰੋਸੇ 'ਤੇ ਖਰਾ ਉਤਰਿਆ ਹੈ।
- ਜ਼ਿਮਨੀ ਚੋਣਾਂ 'ਚ ਇਸ਼ਾਂਕ ਚੱਬੇਵਾਲ ਨੂੰ ਮਿਲੀ ਵੱਡੀ ਜਿੱਤ, ਪਿਤਾ ਰਾਜਕੁਮਾਰ ਨੇ ਦਿੱਤੀ ਨਸੀਹਤ
- ਗਿੱਦੜਬਾਹਾ 'ਚ ਡਿੰਪੀ ਢਿੱਲੋਂ ਦੀ ਹੋਈ ਬੱਲੇ-ਬੱਲੇ, ਅੰਮ੍ਰਿਤਾ ਵੜਿੰਗ ਨੂੰ 10729 ਵੋਟਾਂ ਦੇ ਫਰਕ ਨਾਲ ਮਿਲੀ ਕਰਾਰੀ ਹਾਰ
- ਲਾਈਵ ਬਰਨਾਲਾ 'ਚ ਕਾਂਗਰਸ ਦੇ ਉਮੀਦਵਾਰ ਕਾਲਾ ਢਿੱਲੋਂ ਦੀ ਹੋਈ ਜਿੱਤ, ਡੇਰਾ ਬਾਬਾ ਨਾਨਕ ਤੋਂ 'ਆਪ' ਉਮੀਦਵਾਰ ਨੇ ਮਾਰੀ ਬਾਜ਼ੀ, ਝਾਰਖੰਡ 'ਚ IND ਗਠਜੋੜ ਵੱਡੀ ਜਿੱਤ ਵੱਲ, ਮਹਾਰਾਸ਼ਟਰ ਦੇ ਬੁਧਨੀ 'ਚ ਸਖ਼ਤ ਟੱਕਰ
ਜਿੱਤ ਤੋਂ ਬਾਅਦ ਪਹਿਲਾਂ ਬਿਆਨ
ਇਸ਼ਾਂਕ ਚੱਬੇਵਾਲ ਨੇ ਜਿੱਤ ਦਾ ਸਰਟੀਫਿਕੇਟ ਲੈਂਦੇ ਹੀ ਪਿਤਾ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਜਨਤਾ ਨੂੰ ਭਰੋਸਾ ਦਵਾਇਆ ਕਿ ਉਹਨਾਂ ਵੱਲੋਂ ਹਰ ਉਹ ਕੰਮ ਕੀਤੇ ਜਾਣਗੇ। ਜਿਸ ਨਾਲ ਲੋਕ ਭਲਾਈ ਹੋ ਸਕੇ। ਇਸ ਦੇ ਨਾਲ ਹੀ ਉਹਨਾਂ ਨੇ ਮੈਡੀਕਲ ਕਾਲਜ ਬਣਾਉਣ ਦੇ ਨਾਲ ਨਾਲ ਲੋਕਾਂ ਨੂੰ ਚੰਗੀਆਂ ਸਿਹਤ ਸਹੁਲ਼ਤਾਂ ਦਿਤੀਆਂ ਜਾਣਗੀਆਂ। ਉਹਨਾਂ ਸ਼ਹਿਰ ਵਿਚ ਇੰਡਸਟਰੀ ਲਿਅਉਣ ਦਾ ਵੀ ਜ਼ਿਕਰ ਕੀਤਾ। ਗੁਰੂ ਘਰਾਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਬਣਾਉਣ ਦੀ ਵੀ ਗੱਲ ਆਖੀ।