ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 2 ਦਿਨਾਂ ਕਿਸਾਨ ਮੇਲਾ 14 ਤੇ 15 ਮਾਰਚ ਨੂੰ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਤਿਆਰੀਆਂ ਲੱਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਪਹਿਲਾਂ ਇਹ ਮੇਲਾ ਦੇਰੀ ਨਾਲ ਹੋਇਆ ਕਰਦਾ ਸੀ ਪਰ ਮੀਂਹ ਦੇ ਮੱਦੇਨਜ਼ਰ ਇਸ ਨੂੰ ਜ਼ਲਦੀ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਪੀਏਯੂ ਸਥਿਤ ਕੈਂਪਸ ਵਿਖੇ ਇਹ ਮੇਲਾ ਸਾਲ ਦੇ ਵਿੱਚ ਦੋ ਵਾਰ ਲੱਗਦਾ ਹੈ, ਇਸ ਮੇਲੇ 'ਚ ਨਾ ਸਿਰਫ ਪੰਜਾਬ ਤੋਂ ਸਗੋਂ ਗੁਆਂਢੀ ਸੂਬਿਆਂ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਭਾਈਚਾਰਾ ਆਉਂਦਾ ਹੈ ਅਤੇ ਖੇਤੀ ਦੀਆਂ ਨਵੀਂ ਤਕਨੀਕਾਂ ਅਤੇ ਫਸਲਾਂ ਦੇ ਬੀਜਾਂ ਬਾਰੇ ਜਾਣਕਾਰੀ ਹਾਸਿਲ ਕਰਦਾ ਹੈ। ਇਸ ਵਾਰ ਵੀ ਕਿਸਾਨ ਮੇਲੇ 'ਚ ਵੱਡੀ ਗਿਣਤੀ 'ਚ ਕਿਸਾਨਾਂ ਦੇ ਪੁੱਜਣ ਦੀ ਉਮੀਦ ਹੈ।
ਇੱਕ ਲੱਖ ਤੋਂ ਵੱਧ ਪੁੱਜ ਸਕਦੇ ਕਿਸਾਨ: ਦੋ ਦਿਨ ਚੱਲਣ ਵਾਲੇ ਇਸ ਕਿਸਾਨ ਮੇਲੇ ਦੇ ਵਿੱਚ ਇਕ ਲੱਖ ਤੋਂ ਵੱਧ ਕਿਸਾਨ ਪੁੱਜਦੇ ਹਨ। ਕਿਸਾਨਾਂ ਦੇ ਰਹਿਣ ਲਈ ਵੀ ਵਿਸ਼ੇਸ਼ ਪ੍ਰਬੰਧ ਕਰਵਾਏ ਗਏ ਹਨ। ਇਸ ਤੋਂ ਇਲਾਵਾ ਕਿਸਾਨਾਂ ਦੇ ਲਈ ਖੇਤੀ ਸਬੰਧੀ ਨਵੀਂ ਤਕਨੀਕਾਂ, ਨਵੀਂ ਖੋਜਾਂ, ਨਵੇਂ ਬੀਜ ਅਤੇ ਯੂਨੀਵਰਸਿਟੀ ਵੱਲੋਂ ਵੀ ਇਸ ਸਬੰਧੀ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਖੇਤੀ ਦੇ ਵਿੱਚ ਵਰਤੇ ਜਾਣ ਵਾਲੇ ਸੰਦ ਮਸ਼ੀਨਰੀ ਅਤੇ ਹੋਰ ਸਾਜੋ ਸਮਾਨ ਦੀ ਵੀ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਡਾਕਟਰ ਨੇ ਦੱਸਿਆ ਹੈ ਕਿ ਇਸ ਸਾਲ ਮੇਲੇ ਨੂੰ ਵੱਧ ਤੋਂ ਵੱਧ ਕਾਮਯਾਬ ਬਣਾਉਣ ਦੇ ਲਈ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।
ਕਿਸਾਨਾਂ ਨੂੰ ਫਸਲਾਂ ਤੇ ਬੀਜਾਂ ਦੀ ਦਿੱਤੀ ਜਾਵੇਗੀ ਜਾਣਕਾਰੀ: ਇਸ ਦੌਰਾਨ ਪੀਏਯੂ ਦੇ ਪ੍ਰੋਫੈਸਰ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਹਾਇਕ ਯੂਨੀਵਰਸਿਟੀਆਂ ਅਤੇ ਕਾਲਜਾਂ ਵੱਲੋਂ ਵੀ ਕਿਸਾਨ ਮੇਲੇ ਕਰਵਾਏ ਜਾਂਦੇ ਹਨ। ਉਹਨਾਂ ਕਿਹਾ ਕਿ ਫਿਲਹਾਲ ਕਿਸਾਨ ਮੇਲੇ ਹੋਰ ਜ਼ਿਲ੍ਹਿਆਂ ਦੇ ਵਿੱਚ ਚੱਲ ਰਹੇ ਹਨ ਅਤੇ ਪੀਏਯੂ ਕੈਂਪਸ ਦੇ ਵਿੱਚ 14 ਤੇ 15 ਮਾਰਚ ਦੋ ਦਿਨ ਹੀ ਇਹ ਮੇਲਾ ਚੱਲੇਗਾ। ਉਨ੍ਹਾਂ ਨੇ ਕਿਹਾ ਕਿ ਇਸ ਮੇਲੇ ਚੋਂ ਕਿਸਾਨ ਪੀਏਯੂ ਦੇ ਮਾਹਰ ਡਾਕਟਰਾਂ ਤੋਂ ਜਾਣਕਾਰੀ ਵੀ ਹਾਸਿਲ ਕਰ ਪਾਉਂਦੇ ਹਨ। ਜੇਕਰ ਉਹਨਾਂ ਦੀਆਂ ਫਸਲਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੈ, ਕਿਸੇ ਤਰ੍ਹਾਂ ਦਾ ਕੋਈ ਕੀਟਨਾਸ਼ਕ ਪਾਉਣਾ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਫਸਲ ਬਾਰੇ ਜਾਣਕਾਰੀ ਲੈਣੀ ਹੈ ਉਹਨਾਂ ਨੂੰ ਇਸ ਮੇਲੇ ਤੋਂ ਮੁਹੱਇਆ ਹੁੰਦੀ ਹੈ।