ਖੰਨਾ/ਲੁਧਿਆਣਾ: ਖੰਨਾ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੋ ਬਜ਼ੁਰਗਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 40 ਕਿਲੋ ਭੁੱਕੀ ਬਰਾਮਦ ਹੋਈ। ਸਮੱਗਲਰ ਇੰਨੇ ਸ਼ਾਤਰ ਨਿਕਲੇ ਕਿ ਉਹ ਕੈਮੀਕਲ ਨਾਲ ਭਰੇ ਟਰੱਕ ਵਿਚਕਾਰ ਲੁਕੋ ਕੇ ਝਾਰਖੰਡ ਤੋਂ ਭੁੱਕੀ ਲਿਆ ਰਹੇ ਸਨ ਤਾਂ ਜੋ ਕੋਈ ਵੀ ਟਰੱਕ ਦੀ ਤਲਾਸ਼ੀ ਨਾ ਲੈ ਸਕੇ। ਜਦੋਂ ਖੰਨਾ ਪੁਲਿਸ ਨੇ ਪੂਰੇ ਟਰੱਕ ਨੂੰ ਖਾਲੀ ਕਰਵਾਇਆ ਤਾਂ ਅੰਦਰੋਂ 40 ਕਿਲੋ ਭੁੱਕੀ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਹਰਿਓ ਕਲਾਂ, ਸਰਬਉੱਚ ਸਿੰਘ ਅਤੇ ਮਲਾਗਰ ਸਿੰਘ ਵਾਸੀ ਘੁੰਗਰਾਲੀ ਸਿੱਖਾਂ ਵਜੋਂ ਹੋਈ। ਇਨ੍ਹਾਂ ਵਿੱਚੋਂ ਮਲਾਗਰ ਸਿੰਘ ਦੀ ਉਮਰ 70 ਸਾਲ ਅਤੇ ਇੰਦਰਜੀਤ ਦੀ ਉਮਰ 50 ਸਾਲ ਹੈ। ਬੁਢਾਪੇ ਵਿੱਚ ਵੀ ਇਹ ਦੋਵੇਂ ਨਸ਼ੇ ਦੀ ਤਸਕਰੀ ਤੋਂ ਬਾਜ਼ ਨਹੀਂ ਆਏ। ਉਹ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਕਰ ਰਹੇ ਸਨ। ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ।
ਫੋਕਲ ਪੁਆਇੰਟ ਨੇੜੇ ਫੜੇ ਗਏ ਤਸਕਰ: ਇਸ ਸਬੰਧੀ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਿਟੀ ਦੇ ਐਸਐਚਓ ਮਨਪ੍ਰੀਤ ਸਿੰਘ ਦੀ ਪੁਲਿਸ ਪਾਰਟੀ ਨੂੰ ਜਦੋਂ ਮੁਖਬਰ ਨੇ ਸੂਚਨਾ ਦਿੱਤੀ ਤਾਂ ਫੋਕਲ ਪੁਆਇੰਟ ਨੇੜੇ ਨਾਕਾਬੰਦੀ ਮਗਰੋਂ ਪੈਟਰੋਲ ਪੰਪ ਕੋਲ ਜਾ ਕੇ 14 ਟਾਇਰਾਂ ਵਾਲੇ ਟਰੱਕ ਨੂੰ ਰੋਕਿਆ ਗਿਆ। ਟਰੱਕ ਵਿੱਚ 1200 ਬੋਰੀ ਕੈਮੀਕਲ ਸਨ ਜੋ ਲੁਧਿਆਣਾ ਸਪਲਾਈ ਕੀਤਾ ਜਾਣਾ ਸੀ। ਇਸ ਦੀ ਆੜ ਹੇਠ ਕੈਬਿਨ ਵਿੱਚ 40 ਕਿਲੋ ਭੁੱਕੀ ਛੁਪਾ ਕੇ ਰੱਖੀ ਹੋਈ ਸੀ। ਤਿੰਨਾਂ ਖ਼ਿਲਾਫ਼ ਥਾਣਾ ਸਿਟੀ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ। ਇਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
1500 ਕਿਲੋਮੀਟਰ ਤੱਕ ਕਿਸੇ ਨਾਕੇ 'ਤੇ ਤਲਾਸ਼ੀ ਨਹੀਂ ਲਈ: ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਲਰਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 1500 ਕਿਲੋਮੀਟਰ ਦੇ ਸਫ਼ਰ ਦੌਰਾਨ ਟਰੱਕ ਵਿੱਚ ਭੁੱਕੀ ਲੈ ਕੇ ਜਾ ਰਹੇ ਇਨ੍ਹਾਂ ਸਮੱਗਲਰਾਂ ਨੂੰ ਕਿਸੇ ਵੀ ਨਾਕੇ ਉਪਰ ਰੋਕਿਆ ਨਹੀਂ ਗਿਆ। ਖੰਨਾ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਜੇਕਰ ਇੱਥੇ ਵੀ ਕੋਈ ਗਲਤੀ ਹੋ ਜਾਂਦੀ ਤਾਂ ਇਹ ਸਮੱਗਲਰ ਕੈਮੀਕਲ ਨੂੰ ਸਿੱਧਾ ਲੁਧਿਆਣਾ ਉਤਾਰ ਕੇ ਭੁੱਕੀ ਠਿਕਾਣੇ ਲਗਾ ਦਿੰਦੇ। ਐਸਐਸਪੀ ਅਮਨੀਤ ਕੌਂਡਲ ਨੇ ਟੀਮ ਨੂੰ ਇਸ ਸਫ਼ਲਤਾ ’ਤੇ ਵਧਾਈ ਦਿੱਤੀ।