ਹੈਦਰਾਬਾਦ ਡੈਸਕ: ਸਰਕਾਰਾਂ ਨੂੰ ਜਗਾਉਣ ਲਈ ਕਿਸਾਨ ਆਗੂਆਂ ਵੱਲੋਂ ਮਹਾਂਪੰਚਾਇਤ ਦਾ ਐਲਾਨ ਕੀਤਾ ਗਿਆ ਸੀ। ਇਹ ਮਹਾਂਪੰਚਾਇਤ ਕਈ ਮਾਇਨੇ 'ਚ ਖਾਸ ਸੀ। ਇਸ ਦਾ ਸਭ ਤੋਂ ਵੱਡਾ ਕਾਰਨ ਪਿਛਲੇ 40 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਸੰਬੋਧਨ ਸੀ। ਉਨ੍ਹਾਂ ਦੀ ਸਿਹਤ ਬੇਸ਼ੱਕ ਲਗਾਤਾਰ ਖਰਾਬ ਹੋ ਰਹੀ ਹੈ ਪਰ ਉਨ੍ਹਾਂ ਦੇ ਹੌਂਸਲੇ ਹਾਲੇ ਵੀ ਬੁਲੰਦ ਹਨ। ਇਸੇ ਲਈ ਡਾਕਟਰਾਂ ਦੇ ਨਾਂਹ ਕਰਨ ਦੇ ਬਾਵਜੂਦ ਵੀ ਡੱਲੇਵਾਲ ਨੇ ਆਪਣੇ ਮਨ ਦੇ ਵਿਚਾਰ ਪੇਸ਼ ਕੀਤੇ।
"ਮੋਰਚਾ ਤੁਸੀਂ ਲੜ ਰਹੇ"
ਡੱਲੇਵਾਲ ਵੱਲੋਂ ਆਪਣੇ ਸੰਬੋਧਨ 'ਚ ਆਖਿਆ ਗਿਆ ਕਿ ਇਹ ਸੰਘਰਸ਼ ਮੈਂ ਨਹੀਂ ਤੁਸੀਂ ਲੜ ਰਹੇ ਹੋ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਪ੍ਰਸ਼ਾਸਨ ਨੇ ਵਾਰ-ਵਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਪ੍ਰਮਾਤਾਮਾ ਨੇ ਸਾਡਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਰੀਰ ਰੱਬ ਦਾ ਦਿੱਤਾ ਹੋਇਆ ਹੈ, ਉਸ ਦੀ ਮਰਜ਼ੀ ਤੋਂ ਬਿਨਾਂ ਕੋਈ ਕੁੱਝ ਨਹੀਂ ਕਰ ਸਕਦਾ। ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਇਹ ਮੋਰਚਾ ਅਸੀਂ ਜਿੱਤਾਂਗੇ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਤੇ ਬੋਲਦੇ ਹੋਏ ਡੱਲੇਵਾਲ ਨੇ ਆਖਿਆ ਕਿ ਸਰਕਾਰੀ ਅੰਕੜਿਆਂ ਮੁਤਾਬਿਕ 4 ਲੱਖ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀ ਪਰ ਸੱਚ ਤਾਂ ਇਹ ਹੈ ਕਿ 4 ਲੱਖ ਨਹੀਂ ਬਲਕਿ 7 ਲੱਖ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਇਹ ਮੈਂ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ ਹਾਂ।
"ਹੁਣ ਕੁੱਝ ਵੱਡਾ ਕਰਨ ਦਾ ਸਮਾਂ"
ਜਗਜੀਤ ਸਿੰਘ ਡੱਲੇਵਾਲ ਨੇ ਬੋਲਦੇ ਹੋਏ ਕਿਹਾ ਕਿ ਹੁਣ ਚੁੱਪ ਕਰਕੇ ਬੈਠਣ ਦਾ ਸਮਾਂ ਨਹੀਂ। ਅਸੀਂ ਸਰਕਾਰਾਂ ਨੂੰ ਬਹੁਤ ਸਮਾਂ ਦਿੱਤਾ ਪਰ ਸਾਡੀ ਗੱਲ ਨਹੀਂ ਸੁਣੀ ਗਈ। ਜਦੋਂ ਅਸੀਂ ਦਿੱਲੀ ਮੋਰਚਾ ਜਿੱਤਿਆ ਤਾਂ ਕੁੱਝ ਸੂਬਿਆਂ ਨੇ ਉਲਾਂਭਾ ਦਿੱਤਾ ਕਿ ਪੰਜਾਬ ਨੇ ਧੋਖਾ ਦਿੱਤਾ। ਉਨ੍ਹਾਂ ਆਖਿਆ ਕਿ ਪੰਜਾਬ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਦਾ, ਇਸ ਲਈ ਹੁਣ ਸਮਾਂ ਆ ਗਿਆ ਕਿ ਕੁੱਝ ਵੱਡਾ ਕੀਤਾ ਜਾਵੇ ਅਤੇ ਸਰਕਾਰਾਂ ਨੂੰ ਅਪਾਣੀ ਤਾਕਤ ਦਿਖਾਈ ਜਾਵੇ। ਗੁਆਂਢੀ ਸੂਬਿਆਂ ਨੂੰ ਅਪੀਲ ਕਰਦੇ ਹੋਏ ਡੱਲੇਵਾਲ ਨੇ ਕਿਹਾ ਕਿ "ਤੁਸੀਂ ਆਪਣੇ-ਆਪਣੇ ਸੂਬਿਆਂ 'ਚ ਵੱਡੇ ਪੱਧਰ 'ਤੇ ਕਿਸਾਨਾਂ ਨੂੰ ਇਕੱਠਾ ਕਰੋ ਅਤੇ ਸਰਕਾਰਾਂ ਨੂੰ ਵਖ਼ਤ ਪੈ ਜਾਵੇ ਕਿ ਇਹ ਅੰਦੋਲਨ ਸਿਰਫ਼ ਪੰਜਾਬ ਨਹੀਂ, ਐਮਐਸਪੀ ਸਿਰਫ਼ ਪੰਜਾਬ ਦੇ ਕਿਸਾਨਾਂ ਦਾ ਮਸਲਾ ਨਹੀਂ ਸਗੋਂ ਪੂਰੇ ਦੇਸ਼ ਦਾ ਮਸਲਾ ਹੈ"। ਡੱਲੇਵਾਲ ਨੇ ਬੋਲਦੇ ਹੋਏ ਕਿਹਾ ਕਿ "ਮੈਨੂੰ ਪਤਾ ਹੈ ਕਿ ਇਹ ਕੰਮ ਔਖਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਚੁੱਪ ਕਰਕੇ ਬੈਠੇ ਰਹੀਏ, ਇਹ ਨਹੀਂ ਹੋ ਸਕਦਾ"।
ਸੜਕ ਹਾਦਸੇ 'ਤੇ ਜਤਾਇਆ ਦੁੱਖ
ਕਾਬਲੇਜ਼ਿਕਰ ਹੈ ਕਿ ਅੱਜ ਕਿਸਾਨ ਮਹਾਂਪੰਚਾਇਤ 'ਚ ਸ਼ਾਮਿਲ ਹੋਣ ਲਈ ਜਾ ਰਹੀਆਂ ਕਿਸਾਨਾਂ ਦੀਆਂ ਬੱਸਾਂ ਸੜਕ ਹਾਦਸੇ ਦਾ ਸ਼ਿਕਾਰ ਹੋਈਆਂ ਹਨ। ਇਸ ਹਾਦਸੇ 'ਚ ਜ਼ਖਮੀ ਹੋਏ ਕਿਸਾਨਾਂ ਲਈ ਉਨ੍ਹਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸੇ ਦੇ ਨਾਲੀ ਹੀ ਇਸ ਮਹਾਂਪੰਚਾਇਤ 'ਚ ਪਹੁੰਚੇ ਕਿਸਾਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਜਾਣ ਸਮੇਂ ਧਿਆਨ ਰੱਖਿਆ ਜਾਵੇ ਕਿ ਕੋਈ ਹਾਦਸਾ ਨਾ ਵਾਪਰੇ।