ਬਰਨਾਲਾ : ਬਰਨਾਲਾ ਜ਼ਿਲ੍ਹੇ ਵਿੱਚ ਇੱਕ ਪਿਉ ਅਤੇ ਧੀ ਆਪਣੇ ਨਾਲ ਹੋਈ ਠੱਗੀ ਦਾ ਇਨਸਾਫ਼ ਨਾ ਮਿਲਣ ਤੋਂ ਦੁਖ਼ੀ ਹੋ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ। ਇਹ ਮਾਮਲਾ ਬਰਨਾਲਾ ਜਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਦਾ ਹੈ। ਜਿੱਥੋਂ ਦੇ ਇੱਕ ਵਿਅਕਤੀ ਉਪਰ ਪਿਉ ਧੀ ਨੇ ਆਸਟਰੇਲੀਆ ਭੇਜਣ ਦੇ ਨਾਮ ਉਪਰ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਲਗਾਏ ਹਨ। ਇਸ ਮਾਮਲੇ ਦਾ ਪਿਛਲੇ ਤਿੰਨ ਸਾਲਾਂ ਤੋਂ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਦੋਵੇਂ ਪਿਉ ਧੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ ਹਨ। ਘਟਨਾ ਸਥਾਨ ਉਪਰ ਪੁਲਿਸ ਪ੍ਰਸ਼ਾਸ਼ਨ ਵੀ ਪਹੁੰਚਿਆ ਹੋਇਆ ਹੈ।
ਕੁੱਝ ਸਮਾਂ ਬਾਅਦ ਮੁੜ 12 ਲੱਖ ਰੁਪਏ ਹੋਰ ਦੀ ਕੀਤੀ ਮੰਗ
ਇਸ ਸਬੰਧੀ ਪਾਣੀ ਵਾਲੀ ਟੈਂਕੀ ਉਪਰ ਚੜ੍ਹੀ ਕੁੜੀ ਜਸਪ੍ਰੀਤ ਕੌਰ ਅਤੇ ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨਾਲ ਪਿੰਡ ਦੇ ਇੱਕ ਵਿਅਕਤੀ ਨੇ ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਮਾਰੀ ਹੈ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਹ ਅੱਜ ਪਾਣੀ ਵਾਲੀ ਟੈਂਕੀ ਉਪਰ ਚੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਨੰਬਰਦਾਰ ਜਗਤਾਰ ਸਿੰਘ ਨੇ 2021 ਵਿੱਚ 10 ਲੱਖ ਰੁਪਏ ਲੈ ਕੇ ਆਸਟਰੇਲੀਆ ਭੇਜਣ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ 10 ਲੱਖ ਰੁਪਏ ਪਰਿਵਾਰ ਨੂੰ ਦੇ ਦਿੱਤੇ। ਇਸ ਦੇ ਕੁੱਝ ਸਮਾਂ ਬਾਅਦ ਮੁੜ 12 ਲੱਖ ਰੁਪਏ ਹੋਰ ਦੀ ਮੰਗ ਕੀਤੀ। ਪਰ ਸਾਡੇ ਕੋਲ ਹੋਰ ਪੈਸੇ ਨਹੀਂ ਸੀ, ਜਿਸ ਕਰਕੇ ਉਨ੍ਹਾਂ ਨੇ ਉਕਤ ਪਰਿਵਾਰ ਨੂੰ ਸਾਡੇ 10 ਲੱਖ ਰੁਪਏ ਅਤੇ ਫ਼ਾਈਲ ਵਾਪਿਸ ਕਰਨ ਲਈ ਕਿਹਾ। ਪਰ ਪਿਛਲੇ ਤਿੰਨ ਸਾਲਾਂ ਤੋਂ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ।
ਦੁਖੀ ਹੋ ਕੇ ਦੋਵੇਂ ਪਿਓ-ਧੀ ਪਾਣੀ ਵਾਲੀ ਟੈਂਕੀ 'ਤੇ ਚੜਨ ਲਈ ਮਜ਼ਬੂਰ
ਜਸਪ੍ਰੀਤ ਕੌਰ ਅਤੇ ਉਸ ਦੇ ਪਿਤਾ ਨੇ ਦੱਸਿਆ ਕਿਹਾ ਕਿ ਇਸ ਸਬੰਧੀ ਐਸਐਸਪੀ ਬਰਨਾਲਾ ਨੂੰ ਸ਼ਿਕਾਇਤ ਵੀ ਕੀਤੀ ਸੀ। ਜਿਸ ਦੀ ਡੀਐਸਪੀ ਤਪਾ ਵਲੋਂ ਜਾਂਚ ਕੀਤੀ ਗਈ। ਜਿੰਨਾਂ ਨੇ ਏਜੰਟ ਪਰਿਵਾਰ ਤੋਂ ਇੱਕ ਸਾਲ ਅੰਦਰ ਪੈਸੇ ਵਾਪਸ ਕਰਨ ਦਾ ਸਮਾਂ ਦਵਾਇਆ ਗਿਆ। ਪਿਛਲੇ ਮਹੀਨੇ ਦੀ 15 ਤਾਰੀਖ ਨੂੰ ਇੱਕ ਸਾਲ ਦਾ ਸਮਾਂ ਵੀ ਬੀਤ ਗਿਆ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਪੈਸੇ ਵਾਪਿਸ ਨਹੀਂ ਕੀਤੇ ਜਾ ਰਹੇ ਹਨ। ਜਿਸ ਕਰਕੇ ਅੱਜ ਉਹ ਦੁਖੀ ਹੋ ਕੇ ਪੈਟਰੋਲ ਲੈ ਕੇ ਪਿਉ ਧੀ ਪਾਣੀ ਵਾਲੀ ਟੈਂਕੀ ਉਪਰ ਚੜ੍ਹਨ ਲਈ ਮਜ਼ਬੂਰ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ। ਉਨ੍ਹਾਂ ਨੇ ਇਹ ਪੈਸਾ ਪਸ਼ੂ, ਸੋਨਾ ਵੇਚ ਕੇ ਅਤੇ ਕਰਜ਼ਾ ਚੁੱਕ ਕੇ ਪ੍ਰਬੰਧ ਕੀਤਾ ਸੀ। ਪਰ ਪਿਛਲੇ ਚਾਰ ਸਾਲਾਂ ਤੋਂ ਉਹ ਇਨਸਾਫ਼ ਲੈਣ ਲਈ ਦਰ ਦਰ ਭਟਕ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿੰਨਾਂ ਸਮਾਂ ਉਨ੍ਹਾਂ ਨੂੰ ਬਣਦੀ ਰਾਸ਼ੀ 10 ਲੱਖ ਰੁਪਏ ਨਹੀਂ ਦਿੱਤੇ ਜਾਂਦੇ, ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ।
ਇਸ ਘਟਨਾ ਦਾ ਪਤਾ ਲੱਗਦਿਆ ਹੀ ਮੌਕੇ ਉਪਰ ਥਾਣਾ ਰੂੜੇਕੇ ਕਲਾਂ ਦੇ ਐਸਐਚਓ ਇੰਸਪੈਕਟਰ ਸਰੀਫ਼ ਖ਼ਾਨ ਵੀ ਪਹੁੰਚੇ। ਜਿਹਨਾਂ ਨੇ ਟੈਂਕੀ ਉਪਰ ਚੜ੍ਹ ਕੇ ਪਿਉ ਧੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨਾਲ ਗੱਲ ਕੀਤੀ ਜਾ ਰਹੀ ਹੈ ਅਤੇ ਮਸਲੇ ਦਾ ਹੱਲ ਕਰਵਾਇਆ ਜਾ ਰਿਹਾ ਹੈ।