ਲੁਧਿਆਣਾ: ਜ਼ਿਲ੍ਹੇ ਦੇ ਡਿਵੀਜ਼ਨ ਨੰਬਰ 2 ਦੇ ਅਧੀਨ ਆਉਂਦੇ ਸੂਫੀਆ ਚੌਂਕ ਜਨਕਪੁਰੀ ਇਲਾਕੇ ਵਿੱਚ ਮਹਿਲਾ ਨਾਲ ਹੋਏ ਸਮੂਹਿਕ ਬਲਾਤਕਾਰ ਦੇ ਮਾਮਲੇ ਦੇ ਵਿੱਚ ਪੁਲਿਸ ਨੇ 24 ਘੰਟਿਆਂ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤ ਮਹਿਲਾ ਨੇ ਇਲਜ਼ਾਮ ਲਗਾਏ ਸਨ ਕਿ 17 ਅਕਤੂਬਰ ਨੂੰ ਉਸ ਨੂੰ ਤਿੰਨ ਵਿਅਕਤੀਆਂ ਵੱਲੋਂ ਜ਼ਬਰਦਸਤੀ ਕਿਸੇ ਹੋਟਲ ਦੇ ਵਿੱਚ ਲਿਜਾ ਕੇ ਉਸ ਨੂੰ ਸ਼ਰਾਬ ਪਿਲਾ ਕੇ ਉਸ ਨਾਲ ਉਸ ਦੀ ਮਰਜ਼ੀ ਦੇ ਖਿਲਾਫ ਬਲਾਤਕਾਰ ਕੀਤਾ ਗਿਆ ਸੀ। ਜਿਸ ਦੀ ਸ਼ਿਕਾਇਤ ਉਸ ਵੱਲੋਂ ਬੀਤੇ ਦਿਨੀ ਦਰਜ ਕਰਵਾਈ ਗਈ।
ਮਹਿਲਾ ਨਾਲ ਹੋਇਆ ਸੀ ਸਮੂਹਿਕ ਬਲਾਤਕਾਰ
ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਸੌਰਭ, ਸੁਨੀਲ ਸ਼ੁਕਲਾ ਅਤੇ ਦਮਨ ਸ਼ਾਮਿਲ ਸਨ, ਜਿਨ੍ਹਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਦਾ ਮੈਡੀਕਲ ਕਰਾਉਣ ਤੋਂ ਬਾਅਦ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ 'ਚ ਹੁਣ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਪੁਲਿਸ ਨੇ ਤਿੰਨ ਮੁਲਜ਼ਮ ਕੀਤੇ ਕਾਬੂ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਲੁਧਿਆਣਾ ਦੇ ਡਿਵੀਜ਼ਨ ਨੰਬਰ ਦੋ ਦੇ ਏਸੀਪੀ ਅਨਿਲ ਕੁਮਾਰ ਭਨੋਟ ਨੇ ਦੱਸਿਆ ਮਾਮਲੇ ਦੇ ਵਿੱਚ ਪੁਲਿਸ ਨੇ ਮੁਲਜ਼ਮ ਸੌਰਵ ਉਰਫ ਸੋਨੂੰ ਵਾਸੀ ਜਨਕਪੁਰੀ, ਸੁਨੀਲ ਕੁਮਾਰ ਉਰਫ ਛੋਟੂ ਵਾਸੀ ਜਨਕਪੁਰੀ ਤੇ ਦਮਨ ਸ਼ਰਮਾ ਨੂੰ 24 ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਨਿਲ ਭਨੋਟ ਨੇ ਦੱਸਿਆ ਕਿ ਕੁਝ ਹੋਰ ਵਿਅਕਤੀਆਂ ਦੀ ਵੀ ਇਸ ਵਿੱਚ ਸ਼ਮੂਲੀਅਤ ਹੋਣ ਦੇ ਤੱਤ ਸਾਹਮਣੇ ਆਏ ਹਨ ਅਤੇ ਤੱਥਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਉਹਨਾਂ ਮੁਲਜ਼ਮਾਂ ਨੂੰ ਵੀ ਨਾਮਜ਼ਦ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਾਮਲੇ 'ਚ ਹੋਰ ਮੁਲਜ਼ਮ ਵੀ ਹੋ ਸਕਦੇ ਨਾਮਜ਼ਦ
ਉਹਨਾਂ ਨੇ ਦੱਸਿਆ ਕਿ ਇਹਨਾਂ ਚੋਂ 2 ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ, ਜਦੋਂ ਕਿ ਇੱਕ ਮੁਲਜ਼ਮ ਨੂੰ ਉਹਨਾਂ ਨੇ ਅੱਜ ਗ੍ਰਿਫ਼ਤਾਰ ਕੀਤਾ ਹੈ। ਏਸੀਪੀ ਨੇ ਦੱਸਿਆ ਕਿ ਮਹਿਲਾ ਮਾਨਸਿਕ ਤੌਰ 'ਤੇ ਬਿਮਾਰ ਦੱਸੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲੜਕੀ ਦਾ ਵਿਆਹ ਹਾਲੇ ਨਹੀਂ ਹੋਇਆ ਹੈ। ਏਸੀਪੀ ਅਨਿਲ ਭਨੋਟ ਨੇ ਦੱਸਿਆ ਕਿ ਪੁਲਿਸ ਕੋਲ ਉਹਨਾਂ ਨੇ ਤਿੰਨ ਵਿਅਕਤੀਆਂ ਦੇ ਨਾਂ ਲਿਖਾਏ ਸਨ, ਜਦੋਂ ਕਿ ਕੋਰਟ ਦੇ ਵਿੱਚ ਦਿੱਤੇ ਬਿਆਨਾਂ 'ਚ ਛੇ ਤੋਂ ਸੱਤ ਮੁਲਜ਼ਮਾਂ ਦੀ ਗੱਲ ਆਖੀ ਹੈ, ਜਿੰਨਾਂ ਦੀ ਅਸੀਂ ਜਾਂਚ ਕਰ ਰਹੇ ਹਾਂ।