ਲੁਧਿਆਣਾ: ਅੱਜ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵਿਸ਼ੇਸ਼ ਤੌਰ ਉੱਤੇ ਇਤਿਹਾਸਿਕ ਗੁਰਦੁਆਰਾ ਗਊ ਘਾਟ ਸਾਹਿਬ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਵੱਲੋਂ ਬੁੱਢੇ ਨਾਲੇ ਦੇ ਕੰਢੇ ਨੂੰ ਹਰਿਆ-ਭਰਿਆ ਬਣਾਉਣ ਦੇ ਲਈ ਪਲਾਂਟੇਸ਼ਨ ਦੀ ਮੁਹਿੰਮ ਚਲਾਈ ਜਾਵੇਗੀ। ਉਹਨਾਂ ਕਿਹਾ ਕਿ ਦੋ ਤਰੀਕ ਨੂੰ ਇਸ ਦੀ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ। ਇਸ ਦੌਰਾਨ ਸੰਤ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ ਵੀ ਕੀਤੀ ਅਤੇ ਕਿਹਾ ਕਿ ਉਹ ਹਮੇਸ਼ਾ ਹੀ ਆਪਣੇ ਸੰਬੋਧਨ ਦੀ ਸ਼ੁਰੂਆਤ ਪਵਨ ਗੁਰੂ ਪਾਣੀ ਪਿਤਾ ਦੇ ਵਾਕ ਤੋਂ ਸ਼ੁਰੂ ਕਰਦੇ ਹਨ।
ਸੰਤ ਸੀਚੇਵਾਲ ਨੇ ਕਿਹਾ ਕਿ ਸਾਡਾ ਮਕਸਦ ਬਿਲਕੁਲ ਸਾਫ ਹੈ, ਅਸੀਂ ਬੁੱਢੇ ਨਾਲੇ ਦੀ ਸਫਾਈ ਲਈ ਲਗਾਤਾਰ ਯਤਨ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਸ ਨੂੰ ਹਰਿਆ-ਭਰਿਆ ਅਤੇ ਖੂਬਸੂਰਤ ਬਣਾਉਣ ਲਈ ਹੁਣ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। 650 ਕਰੋੜ ਰੁਪਏ ਖਰਚਣ ਦੇ ਮਾਮਲੇ ਨਾਲ ਉੱਤੇ ਉਹਨਾਂ ਕਿਹਾ ਕਿ ਜਿਸ ਕਿਸੇ ਨੇ ਵੀ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਉਸ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਸੰਤ ਸੀਚੇਵਾਲ ਨੇ ਇਹ ਵੀ ਕਿਹਾ ਜਿਹੜੀਆਂ ਫੈਕਟਰੀਆਂ ਬੁੱਢੇ ਨਾਲੇ ਵਿੱਚ ਪ੍ਰਦੂਸ਼ਿਤ ਪਾਣੀ ਸੁੱਟ ਰਹੀਆਂ ਹਨ ਉਹ ਪਾਪ ਦੀਆਂ ਭਾਗੀਦਾਰ ਨੇ। ਉਹਨਾਂ ਕਿਹਾ ਕਿ ਇਸ ਦਾ ਗੁਰੂ ਸਾਹਿਬ ਦੇ ਨਾਲ ਇਤਿਹਾਸ ਜੁੜਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕੇ ਇਸ਼ਨਾਨ ਕੀਤਾ ਸੀ, ਉਹਨਾਂ ਕਿਹਾ ਕਿ ਇਸ ਨੂੰ ਸਾਫ ਸੁਥਰਾ ਬਣਾਉਣਾ ਸਾਡੇ ਸਾਰਿਆਂ ਦੀ ਨੈਤਿਕ ਜਿੰਮੇਵਾਰੀ ਹੈ ਅਤੇ ਇਸ ਲਈ ਸਾਰਿਆਂ ਨੂੰ ਇਹ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣਾ ਆਲਾ-ਦੁਆਲਾ ਹਰਿਆ-ਭਰਿਆ ਅਤੇ ਸਾਫ ਸੁਥਰਾ ਬਣਾਉਣ ਦੇ ਵਿੱਚ ਯੋਗਦਾਨ ਪਾਉਣ।
ਸੰਤ ਸੀਚੇਵਾਲ ਨੇ ਇਹ ਵੀ ਕਿਹਾ ਕਿ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜਿੱਥੋਂ ਪਹਿਲੀ ਪਾਤਸ਼ਾਹੀ ਵੱਲੋਂ ਵਚਨ ਕੀਤਾ ਗਿਆ ਸੀ ਕਿ ਸਤਲੁਜ ਦਰਿਆ ਇਸ ਤੋਂ ਦੂਰ ਚਲਾ ਜਾਵੇਗਾ ।ਉਸ ਦੇ ਅਨੁਸਾਰ ਹੀ ਸਤਲੁਜ ਇੱਥੋਂ ਦੂਰ ਚਲਾ ਗਿਆ ਪਰ ਜੋ ਪੁਰਾਣਾ ਵਹਾ ਇਧਰ ਨੂੰ ਵੱਗ ਰਿਹਾ ਸੀ ਉਹ ਬੁੱਢਾ ਦਰਿਆ ਅੱਜ ਵੀ ਚੱਲ ਰਿਹਾ ਹੈ ਪਰ ਉਸ ਦੀ ਦਸ਼ਾ ਅੱਜ ਬਹੁਤ ਖਰਾਬ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਗੱਲ ਦਾ ਸਾਨੂੰ ਬੇਹੱਦ ਅਫਸੋਸ ਹੈ ਕਿ ਅਸੀਂ ਅੱਜ ਤੱਕ ਇਸ ਨੂੰ ਸਾਫ ਪੂਰੀ ਤਰ੍ਹਾਂ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਅਸੀਂ ਟ੍ਰੀਟਮੈਂਟ ਪਲਾਂਟ ਵੀ ਇੱਥੇ ਲਗਵਾਏ ਹਨ ਅਤੇ ਜੇਕਰ ਉਹ ਨਹੀਂ ਲਗਾਏ ਜਾਣਗੇ ਤਾਂ ਇਸ ਸਬੰਧੀ ਵੀ ਕਾਰਵਾਈ ਕੀਤੀ ਜਾਵੇਗੀ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਖੁਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਰਹਿ ਚੁੱਕੇ ਹਨ। ਸੀਚੇਵਾਲ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਬੁੱਢੇ ਨਾਲੇ ਨੂੰ ਮੁੜ ਤੋਂ ਸਾਫ ਸੁਥਰਾ ਬਣਾਇਆ ਜਾਵੇ।