ਲੁਧਿਆਣਾ: ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ 1 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ। ਜਿਸ ਦੇ ਮੱਦੇਨਜ਼ਰ ਹਰ ਸਿਆਸੀ ਪਾਰਟੀ ਵਲੋਂ ਚੋਣ ਪਿੜ ਵਿੱਚ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਐਤਵਾਰ ਨੂੰ ਭਾਜਪਾ ਦੇ ਸੀਨੀਅਰ ਲੀਡਰ ਅਨੁਰਾਗ ਠਾਕੁਰ ਵਿਸ਼ੇਸ਼ ਤੌਰ 'ਤੇ ਲੁਧਿਆਣਾ ਵਿੱਚ ਰਵਨੀਤ ਬਿੱਟੂ ਦੇ ਚੋਣ ਪ੍ਰਚਾਰ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਦੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਕਾਂਗਰਸ ਨੇ ਚੋਣਾਂ ਵਿੱਚ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਹੈ, ਉਹ ਨਿੰਦਣਯੋਗ ਹੈ।
ਦੇਸ਼ ਦੇ ਲੋਕਾਂ ਦਾ ਅਪਮਾਨ ਕੀਤਾ: ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਤਿੰਨ ਬੁਲਾਰਿਆਂ ਦੇ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਉੱਥੇ ਹੀ, ਉਨ੍ਹਾਂ ਨੇ ਕਿਹਾ ਕਿ ਕਾਂਗਰਸ ਚੋਣਾਂ ਵਿੱਚ ਜੋ ਬਿਆਨਬਾਜ਼ੀ ਕਰ ਰਹੀ ਹੈ, ਉਹ ਨਿੰਦਣਯੋਗ ਹੈ। ਕਾਂਗਰਸ ਨੇ ਸਾਡੀ ਦੇਸ਼ ਦੀ ਫੌਜ ਦੀ ਸਮਰੱਥਾ ਉੱਤੇ ਸਵਾਲ ਖੜੇ ਕੀਤੇ ਹਨ। ਦੇਸ਼ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਵਿੱਚ ਜੇਕਰ ਕਿਸੇ ਨੇ ਲੋਕਤੰਤਰ ਦਾ ਕਤਲ ਕੀਤਾ ਹੈ, ਤਾਂ ਉਹ ਕਾਂਗਰਸ ਨੇ ਐਮਰਜੈਂਸੀ ਲਗਾ ਕੇ ਕੀਤਾ ਸੀ, ਜੋ ਕਿ ਰਾਹੁਲ ਗਾਂਧੀ ਹੀ ਦਾਦੀ ਇਸ ਦੀ ਜ਼ਿੰਮੇਵਾਰ ਹੈ।
ਪੰਜਾਬ ਸਰਕਾਰ ਨੂੰ ਵੀ ਘੇਰਿਆ: ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਾ ਹੀ ਪੰਚਾਇਤੀ ਚੋਣਾਂ ਹੋਈਆਂ ਹਨ ਅਤੇ ਨਾ ਹੀ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ ਹਨ। ਲੋਕਤੰਤਰ ਦਾ ਇਹ ਡੇਢ ਸਾਲ ਤੋਂ ਕਤਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਪੰਚਾਇਤੀ ਚੋਣਾਂ ਕਰਵਾ ਦਿੱਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਦੀ ਸਰਕਾਰ ਦੀਆਂ ਪ੍ਰਾਪਤੀਆਂ ਕਰਵਾਈਆਂ ਅਤੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਜੋ ਕੰਮ ਭਾਜਪਾ ਦੀ ਸਰਕਾਰ ਨੇ ਕੀਤਾ ਹੈ, ਉਹ ਨਹੀਂ ਹੋਇਆ। ਉਨ੍ਹਾਂ ਕਿਹਾ ਕਿ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੀਤਾ ਹੈ। ਜਦਕਿ, ਕਾਂਗਰਸ ਜਾਤੀਵਾਦ ਦੀ ਰਾਜਨੀਤੀ ਕਰ ਰਹੀ ਹੈ ਜਿਸ ਦਾ ਜਵਾਬ ਉਨ੍ਹਾਂ ਨੂੰ ਚੋਣਾਂ ਵਿੱਚ ਮਿਲ ਜਾਵੇਗਾ।
ਕਿਸਾਨਾਂ ਕੋਲੋਂ ਮੰਗਿਆ ਜਵਾਬ: ਅਨੁਰਾਗ ਠਾਕੁਰ ਨੇ ਕਿਸਾਨਾਂ ਦੇ ਮੁੱਦੇ 'ਤੇ ਵੀ ਕਿਹਾ ਕਿ ਕਾਂਗਰਸ ਦੀ ਸਰਕਾਰ 60 ਸਾਲ ਰਹੀ ਹੈ। ਕਿਸਾਨ ਆਗੂ ਇਹ ਜਵਾਬ ਦੇਣ, ਕਿ 60 ਸਾਲਾਂ ਵਿੱਚ ਕਿੰਨਾ ਕੁ ਕਿਸਾਨਾਂ ਦਾ ਵਿਕਾਸ ਹੋਇਆ ਸੀ। ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਦਾ ਕਿਸਾਨ ਭਾਜਪਾ ਦੇ ਨਾਲ ਹਨ। ਸਿਰਫ ਕੁਝ ਕਿਸਾਨ ਆਗੂ ਹੀ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਦੀ 10 ਸਾਲ ਦੀ ਸਰਕਾਰ ਵੇਲੇ ਉਨ੍ਹਾਂ ਨੇ 5 ਲੱਖ ਕਰੋੜ ਦੇ ਕਰੀਬ ਹੀ ਐਮਐਸਪੀ ਉੱਤੇ ਖ਼ਰਚਿਆ ਸੀ, ਜਦਕਿ ਭਾਜਪਾ ਦੀ ਸਰਕਾਰ ਵੱਲੋਂ 10 ਸਾਲਾਂ ਵਿੱਚ 18 ਲੱਖ ਕਰੋੜ ਰੁਪਏ ਐਮਐਸਪੀ 'ਤੇ ਖ਼ਰਚਿਆ ਗਿਆ ਹੈ, ਜੋ ਕਿ ਤਿੰਨ ਗੁਣਾਂ ਜਿਆਦਾ ਹੈ। ਠਾਕੁਰ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਕਾਂਗਰਸ ਤੋਂ ਵੀ ਇਹ ਗੱਲ ਪੁੱਛਣੀ ਚਾਹੀਦੀ ਹੈ।