ਬਠਿੰਡਾ: ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਲੀਡਰ ਆਪਣੇ ਪ੍ਰਚਾਰ 'ਚ ਡਟੇ ਹੋਏ ਹਨ। ਉਥੇ ਹੀ ਭਾਜਪਾ ਨੂੰ ਪਿੰਡਾਂ 'ਚ ਕਈ ਥਾਵਾਂ 'ਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਸੇਕ ਹੁਣ ਸ਼੍ਰੋਮਣੀ ਅਕਾਲੀ ਦਲ'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਜਿਥੇ ਬਠਿੰਡਾ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਰਹੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਮੁੜ ਤੋਂ ਚੋਣ ਪ੍ਰਚਾਰ ਲਈ ਉਤਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿਖੇ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਜਬਰਦਸਤ ਵਿਰੋਧ ਕੀਤਾ ਗਿਆ।
ਸੁਖਬੀਰ ਬਾਦਲ ਦਾ ਕਿਸਾਨਾਂ ਵਲੋਂ ਵਿਰੋਧ: ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਦੋ ਸਵਾਲ ਕੀਤੇ ਜਾਣੇ ਸਨ, ਜਿਨਾਂ ਦੇ ਜਵਾਬ ਲੈਣ ਲਈ ਉਹ ਸਮਾਗਮ ਵਾਲੀ ਥਾਂ 'ਤੇ ਪਹੁੰਚੇ ਸਨ। ਪਰ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਨਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਮੁੱਦੇ ਉਸ ਸਮੇਂ ਹੀ ਯਾਦ ਕਿਉਂ ਆਉਂਦੇ ਹਨ, ਜਦੋਂ ਉਹ ਸਤਾ ਤੋਂ ਬਾਹਰ ਹੁੰਦੇ ਹਨ। ਉਹਨਾਂ ਕਿਹਾ ਕਿ ਭਾਜਪਾ ਨਾਲ ਯਾਰੀ ਨਿਭਾਉਣ ਸਮੇਂ ਕਿਉਂ ਆਖਿਰ ਸ਼੍ਰੋਮਣੀ ਅਕਾਲੀ ਦਲ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਯਾਦ ਨਹੀਂ ਆਇਆ ਅਤੇ ਕਿਸਾਨ ਮਾਰੂ ਬਿਲਾਂ 'ਤੇ ਹਸਤਾਕਸ਼ਰ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਕਿਸਾਨ ਕਿਉਂ ਨਹੀਂ ਯਾਦ ਰਹੇ।
ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਨਿਕਲੇ ਬਾਦਲ: ਕਿਸਾਨ ਆਗੂ ਗੁਰਦੀਪ ਸਿੰਘ ਮਹਿਮਾ ਦਾ ਕਹਿਣਾ ਕਿ ਇਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਅੱਜ ਉਹ ਮੌਕੇ 'ਤੇ ਪਹੁੰਚੇ ਸਨ, ਪਰ ਪੁਲਿਸ ਵੱਲੋਂ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਨੇੜੇ ਨਹੀਂ ਜਾਣ ਦਿੱਤਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਸਮਾਗਮ ਵਾਲੀ ਜਗ੍ਹਾ ਤੋਂ ਤੁਰਦੇ ਬਣੇ। ਕਿਸਾਨ ਆਗੂ ਨੇ ਕਿਹਾ ਕਿ ਉਹ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਦੇ ਰਹਿਣਗੇ ਜਦੋਂ ਤੱਕ ਉਹ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇਣਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਮੁੱਦੇ ਉਦੋਂ ਹੀ ਯਾਦ ਆਉਂਦੇ ਹਨ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਬਾਹਰ ਹੁੰਦਾ ਹੈ।
- ਚੋਣ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰ ਪਰਮਪਾਲ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਦਾ ਜਬਰਦਸਤ ਵਿਰੋਧ
- ਅਰਵਿੰਦ ਕੇਜਰੀਵਾਲ ਦਾ ਦੋ ਦਿਨਾਂ ਪੰਜਾਬ ਦੌਰਾ; ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਫਿਰ ਸ਼ੁਰੂ ਹੋਇਆ ਰੋਡ ਸ਼ੋਅ
- ਨਹਿਰੀ ਪਾਣੀ ਦੇ ਅਹਿਮ ਮੁੱਦੇ ਨੂੰ ਲੈ ਕੇ ਸੂਬਾ ਸਰਕਾਰ 'ਤੇ ਵਰ੍ਹੇ ਸੁਖਪਾਲ ਖਹਿਰਾ, ਬੋਲੇ- 'ਆਪ' ਸਰਕਾਰ ਨੇ ਕੀਤਾ ਕਿਸਾਨ ਵਿਰੋਧੀ ਰੋਲ ਅਦਾ