ਫ਼ਰੀਦਕੋਟ: ਲੋਕ ਸਭਾ ਹਲਕੇ ਤੋਂ ਆਮ ਆਦਮੀਂ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਬੁੱਧਵਾਰ ਨੂੰ ਫ਼ਰੀਦਕੋਟ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਜਦ ਉਹ ਪਿੰਡ ਡੋਡ ਵਿਖੇ ਪਹੁੰਚੇ, ਤਾਂ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਰੋਕ ਕੇ ਸਵਾਲ ਜਵਾਬ ਕੀਤੇ ਗਏ। ਇਸ ਮੌਕੇ ਕਿਸਾਨਾਂ ਨੇ ਉਨ੍ਹਾਂ ਨੂੰ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਏ ਅਤੇ ਪੂਰੇ ਨਾ ਕਰਨ ਉੱਤੇ ਉਨ੍ਹਾਂ ਨੂੰ ਸਵਾਲ ਕੀਤੇ।
ਕਿਸਾਨਾਂ ਦੇ ਸਵਾਲ ਤੇ ਲੀਡਰਾਂ ਦੇ ਜਵਾਬ: ਇਸ ਮੌਕੇ ਕਿਸਾਨਾਂ ਨੇ ਪੰਜਾਬ ਅੰਦਰ ਨਸ਼ਿਆ ਦੇ ਮੁੱਦੇ ਅਤੇ ਹਲਕਾ ਫ਼ਰੀਦਕੋਟ ਵਿਚ ਵੱਡੀ ਪੱਧਰ ਉੱਤੇ ਨਸ਼ਾ ਵਿਕਣ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਨੂੰ ਸਵਾਲ ਕੀਤੇ ਗਏ। ਇਸ ਮੌਕੇ ਕਿਸਾਨਾਂ ਨੇ ਸਵਾਲਾਂ ਦੇ ਜਵਾਬ ਦੇ ਰਹੇ ਹਲਕਾ ਵਿਧਾਇਕ ਨੂੰ ਸਿੱਧੇ ਤੌਰ ਉੱਤੇ ਕਿਹਾ ਕਿ ਜੋ ਲੋਕ ਨਸ਼ਾ ਵੇਚਦੇ ਹਨ, ਉਨ੍ਹਾਂ ਨੂੰ ਆਮ ਆਦਮੀਂ ਪਾਰਟੀ ਦੇ ਵਰਕਰ ਹੀ ਛੁਡਵਾਉਂਦੇ ਹਨ। ਇਸ ਮੌਕੇ ਹਲਕਾ ਵਿਧਾਇਕ ਵੱਲੋਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਕਿਸਾਨਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਕਿਸਾਨਾਂ ਦੇ ਸਵਾਲਾਂ ਤੋਂ ਤਲ਼ਖ ਹੁੰਦਿਆ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਤੁਸੀਂ ਕਿਸਾਨ ਹੋ ਤੁਸੀਂ ਕੋਈ ਦਿੱਲੀ ਲੈਵਲ ਦਾ ਸਵਾਲ ਉਠਾਉਣ।
ਜਵਾਬ ਤੋਂ ਸੰਤੁਸ਼ਟ ਨਹੀਂ ਕਿਸਾਨ: ਇਸ ਮੌਕੇ ਗੱਲਬਾਤ ਕਰਦਿਆ ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਰਮਜੀਤ ਅਨਮੋਲ ਨੂੰ ਸਵਾਲ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸ਼ੰਭੂ ਅਤੇ ਖਿਨੌਰੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਅਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਧ ਸਾਰਥਿਕ ਕਾਰਵਾਈ ਨਾਂ ਕਰਨ, ਪਰਿਵਾਰ ਨੂੰ ਆਰਥਿਕ ਮਦਦ ਨਾ ਦੇਣ ਅਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਨਾਂ ਦਿੱਤੇ ਜਾਣ ਉੱਤੇ ਹਲਕਾ ਵਿਧਾਇਕ ਨੂੰ ਸਵਾਲ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ, ਸ਼ੁਭਕਰਨ ਮੌਤ ਮਾਮਲੇ ਵਿਚ ਕੋਈ ਸਾਰਥਿਕ ਕਾਰਵਾਈ ਪੰਜਾਬ ਸਰਕਾਰ ਵੱਲੋਂ ਨਾ ਕੀਤੇ ਜਾਣ ਕਾਰਨ, ਪੰਜਾਬ ਦੇ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕੀਤੇ ਜਾਣ ਅਤੇ ਪੰਜਾਬ ਅੰਦਰੋਂ 24 ਘੰਟਿਆ ਵਿਚ ਨਸ਼ਾ ਖ਼ਤਮ ਕਰਨ ਦਾ ਕਹਿ ਕਿ ਕਰੀਬ 28 ਮਹੀਨੇ ਬੀਤ ਜਾਣ ਬਾਅਦ ਵੀ ਨਸ਼ੇ ਖਤਮ ਨਾ ਕਰ ਸਕਣ ਨੂੰ ਲੈ ਕੇ ਹਲਕਾ ਵਿਧਾਇਕ ਅਤੇ ਕਰਮਜੀਤ ਅਨਮੋਲ ਨੂੰ ਸਵਾਲ ਕੀਤੇ ਗਏ। ਕਿਸਾਨਾਂ ਨੇ ਕਿਹਾ ਕਿ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸਵਾਲਾਂ ਦੇ ਸਹੀ ਜਵਾਬ ਨਹੀਂ ਦਿੱਤੇ, ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜੀ ਹੈ।