ਪਟਿਆਲਾ : ਬੀਤੀ 4 ਸਤੰਬਰ ਨੂੰ ਪਟਿਆਲਾ ਰਾਜਪੁਰਾ ਰੋਡ ‘ਤੇ ਪੈਂਦੇ ਪਿੰਡ ਮੁਰਾਦਪੁਰ ਨੇੜੇ ਪੈਟਰੋਲ ਪੰਪ ‘ਤੇ ਬਾਈਕ ਸਵਾਰ ਦੋ ਨੌਜਵਾਨਾਂ ਵੱਲੋਂ ਪੰਪ ਦੇ ਕਰਿੰਦੇ ਤੋਂ 33 ਹਜ਼ਾਰ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਪਟਿਆਲਾ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਜਿਨ੍ਹਾਂ ਤੋਂ ਪੁਲਿਸ ਨੇ ਹਥਿਆਰ ਵੀ ਬਰਾਮਦ ਕੀਤੇ ਹਨ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਇਹ ਮੁਲਜ਼ਮ ਕੋਈ ਹੋਰ ਨਹੀਂ ਬਲਕਿ ਪੰਪ 'ਤੇ ਕੰਮ ਕਰਨ ਵਾਲੇ ਕਰਿੰਦੇ ਹੀ ਸਨ, ਜਿਨ੍ਹਾਂ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਦੋਸਤੀ ਪਿੱਛੇ ਬਣੇ ਲੁਟੇਰੇ
ਪੁਲਿਸ ਮੁਤਾਬਿਕ ਇਨ੍ਹਾਂ ਦੇ ਹੋਰ ਸਾਥੀ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਬੰਦ ਹਨ, ਜਿਨ੍ਹਾਂ ਉੱਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ਦਰਜ ਸਨ। ਪੁਲਿਸ ਨੇ ਦੱਸਿਆ ਕਿ ਇਹਨਾਂ ਵਿੱਚ ਜੋ ਪੰਪ ਦੇ ਮੁਲਾਜ਼ਮਾਂ ਤੋਂ ਇਲਾਵਾ ਦੋ ਮੁਲਜ਼ਮ ਕਾਬੂ ਕੀਤੇ ਹਨ, ਉਨ੍ਹਾਂ ਦਾ ਕੋਈ ਪੁਲਿਸ ਰਿਕਾਰਡ ਨਹੀਂ ਹੈ। ਇਹਨਾਂ ਨੇ ਕੁਝ ਪੈਸਿਆਂ ਦੇ ਲਾਲਚ ਵਿੱਚ ਆਕੇ ਆਪਣੇ ਦੋਸਤਾਂ ਦਾ ਸਾਥ ਦਿੱਤਾ ਸੀ ਅਤੇ ਅੱਜ ਇਹ ਵਾਰਦਾਤ ਕਰਕੇ ਪੁਲਿਸ ਦੀ ਕਸਟਡੀ ਵਿੱਚ ਹਨ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਦਵਿੰਦਰਪਾਲ ਸਿੰਘ ਵਾਸੀ ਪਿੰਡ ਪੰਡਵਾ ਥਾਣਾ ਸਦਰ ਫਗਵਾੜਾਂ ਜ਼ਿਲਾ ਕਪੂਰਥਲਾ ਅਤੇ ਦੂਜਾ ਅਮ੍ਰਿਤਜੀਤ ਸਿੰਘ ਉਰਫ ਅਮ੍ਰਿਤ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਪ੍ਰਤਾਬਪੁਰਾ ਥਾਣਾ ਫਿਲੌਰ ਜਿਲਾ ਜਲੰਧਰ, ਤੀਜਾ ਕਮਲਦੀਪ ਸਿੰਘ ਪੁੱਤਰ ਸਰਬਦਿਆਲ ਸਿੰਘ ਵਾਸੀ ਪਿੰਡ ਗੜਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਵੱਜੋਂ ਹੋਈ ਹੈ। ਇਨ੍ਹਾਂ ਕੋਲੋਂ ਪੁਲਿਸ ਨੇ 2 ਪਿਸਟਲ 32 ਬੋਰ, 1 ਦੇਸੀ ਕੱਟਾ 32 ਬੋਰ, 5 ਮੈਗਜੀਨ, 12 ਜਿੰਦਾ ਕਾਰਤੂਸ 32 ਬੋਰ, 14 ਜਿੰਦਾ ਕਾਰਤੂਸ 12 ਬੋਰ ਅਤੇ 20 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸੀ ਤਿਆਰੀ
ਪੁਲਿਸ ਨੇ ਦੱਸਿਆ ਕਿ ਜਿਸ ਤਰ੍ਹਾਂ ਇਨ੍ਹਾਂ ਮੁਲਜ਼ਮਾਂ ਨੇ ਆਪਣੇ ਕੋਲ ਹਥਿਆਰ ਰੱਖੇ ਸਨ ਉਸ ਨਾਲ ਲਾਜ਼ਮੀ ਹੈ ਕਿ ਇਹਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਜਾਂਦਾ, ਪਰ ਪੁਲਿਸ ਨੇ ਪਹਿਲਾਂ ਹੀ ਮੁਸਤੈਦੀ ਦਿਖਾਉਂਦਿਆਂ ਇਹਨਾਂ ਨੂੰ ਕਾਬੂ ਕਰ ਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਜਲਦ ਤੋਂ ਜਲਦ ਕਾਰਵਾਈ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜੇਕਰ ਕੋਈ ਅਜਿਹੀ ਪ੍ਰਾਧਿਕ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
- ਪੈਟਰੋਲ ਪੰਪ ਤੋਂ ਪਰਤ ਰਹੇ ਨੌਜਵਾਨਾਂ 'ਤੇ ਬਦਮਾਸ਼ਾਂ ਨੇ ਕੀਤਾ ਹਮਲਾ, ਡੇਢ ਲੱਖ ਰੁਪਏ ਲੈਕੇ ਫ਼ਰਾਰ ਹੋਏ ਬਦਮਾਸ਼ - goons attack on youth
- ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 24 ਘੰਟੇ ਤੋਂ ਪਹਿਲਾਂ ਹੀ ਸੋਨਾ ਲੁੱਟਣ ਵਾਲੇ ਲੁਟੇਰਿਆਂ ਨੂੰ ਕੀਤਾ ਕਾਬੂ - AMRITSAR POLICE SOLVE ROBBERY
- ਡ੍ਰਾਈ ਫਰੂਟ ਚੋਰ ਕਾਬੂ; ਗੈਂਗ 'ਚ ਇੱਕ ਸਾਬਕਾ ਸਿਪਾਹੀ ਵੀ ਸ਼ਾਮਲ, ਖਿਲਰ ਗਿਆ ਡ੍ਰਾਈ ਫਰੂਟ ਤੇ ਇੰਝ ਖੁੱਲ੍ਹੀ ਪੋਲ - Dry Fruits Thieves
ਦੱਸ ਦਈਏ ਕਿ 4 ਸਤੰਬਰ ਨੂੰ ਪਟਿਆਲਾ ਰਾਜਪੁਰਾ ਰੋਡ 'ਤੇ ਸਥਿਤ ਪੈਟਰੋਲ ਪੰਪ 'ਤੇ ਦੋ ਨੌਜਵਾਨਾਂ ਵੱਲੋਂ ਪਹਿਲਾਂ ਮੋਟਰਸਾਈਕਲ ਦੀ ਟੈਂਕੀ ਫੁਲ ਕਰਵਾਈ ਤੇ ਉਸ ਤੋਂ ਬਾਅਦ ਪੈਟਰੋਲ ਪੰਪ ਦੇ ਕਰਿੰਦੇ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਕਰਿੰਦਾ ਉਨ੍ਹਾਂ ਵੱਲ ਵਧਣ ਲੱਗਾ ਤਾਂ ਲੁਟੇਰਿਆਂ ਨੇ ਪੰਪ ਦੇ ਕਰਿੰਦੇ ਵੱਲ ਤਲਵਾਰ ਕੱਢ ਲਈ ਤੇ ਨਾਲ ਹੀ ਉਸ ਦੀ ਜੇਬ ਵਿਚੋ 33 ਹਜ਼ਾਰ ਲੁੱਟ ਕੇ ਲੈ ਗਏ ਸਨ। ਇਹ ਲੁੱਟ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ।