ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਅੱਜ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਜਥੇਬੰਦੀ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਡੱਬਵਾਲੀ ਬਾਰਡਰ ਅਤੇ ਬੁਢਲਾਡਾ ਪੱਕਾ ਮੋਰਚਾ ਵਿਖੇ ਵੱਡੇ ਇਕੱਠ ਕਰ ਕੇ ਅਤੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰ ਤੇ ਪੂਰੇ ਜੋਸ਼ ਨਾਲ ਮਨਾਉਣ ਦਾ ਫੈਸਲਾ ਲਿਆ ਗਿਆ।
ਸ਼ਹੀਦ-ਏ-ਆਜਮ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਨ ਵੱਡੇ ਇਕੱਠ ਕੀਤੇ ਜਾਣਗੇ: ਸੂਬਾ ਪ੍ਰਧਾਨ ਨੇ ਦੱਸਿਆ ਕਿ ਸ਼ਹੀਦਾਂ ਵੱਲੋਂ ਲਾਇਆ 'ਇਨਕਲਾਬ- ਜਿੰਦਾਬਾਦ' ਅਤੇ 'ਸਾਮਰਾਜਵਾਦ- ਮੁਰਦਾਬਾਦ' ਦਾ ਨਾਹਰਾ ਅੱਜ ਵੀ ਉਸ ਸਮੇਂ ਜਿੰਨੀ ਹੀ ਮਹੱਤਤਾ ਰੱਖਦਾ ਹੈ। ਸਾਮਰਾਜ ਅਤੇ ਭਾਰਤੀ ਦਲਾਲ ਹਾਕਮ ਜਮਾਤਾਂ, ਸੰਸਾਰ ਵਪਾਰ ਸੰਸਥਾ ਅਤੇ ਹੋਰ ਸਾਮਰਾਜੀ ਸੰਸਥਾਵਾਂ ਰਾਹੀਂ ਭਾਰਤ ਦੇ ਖੇਤੀ/ਪੇਂਡੂ ਖੇਤਰ ਨੂੰ ਸਾਮਰਾਜੀ ਬਹੁ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀਆਂ ਹਨ। ਇਸ ਲਈ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਨੂੰ ਆਪਣੇ ਘੋਲ ਲੁਟੇਰੀਆਂ ਸਾਮਰਾਜੀ ਸੰਸਥਾਵਾਂ ਖ਼ਿਲਾਫ਼ ਸੇਧਤ ਕਰਨ ਦੀ ਲੋੜ ਹੈ ਤਾਂ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਚਾਰ ਭਾਰਤ ਦੀ ਕਿਸਾਨੀ ਲਹਿਰ ਵਾਸਤੇ ਚਾਨਣ ਮੁਨਾਰਾ ਹਨ।
ਜਥੇਬੰਦੀ ਦੀ ਸ਼ਮੂਲੀਅਤ ਤੇ ਤਸੱਲੀ: ਉਹਨਾਂ ਦੱਸਿਆ ਕਿ ਮੀਟਿੰਗ ਵਿੱਚ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਹੋਈ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਅਤੇ ਅੱਠ ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਤੇ ਪੰਜਾਬ ਵਿੱਚ ਚਾਰ ਥਾਵਾਂ ਤੇ ਕੀਤੇ ਗਏ ਇਕੱਠਾਂ ਵਿੱਚ ਜਥੇਬੰਦੀ ਦੀ ਸ਼ਮੂਲੀਅਤ ਤੇ ਤਸੱਲੀ ਪ੍ਰਗਟ ਕੀਤੀ ਗਈ। ਉਨ੍ਹਾਂ ਕਿਹਾ ਕਿ ਦੱਸਿਆ ਕਿ ਡੱਬਵਾਲੀ ਬਾਰਡਰ ਤੇ ਲੱਗਿਆ ਮੋਰਚਾ 27ਵੇਂ ਦਿਨ ਵੀ ਪੂਰੇ ਉਤਸ਼ਾਹ ਨਾਲ ਜਾਰੀ ਹੈ। 23 ਮਾਰਚ ਨੂੰ ਮੋਰਚੇ ਵਿੱਚ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਡੀਐਸਪੀ ਬੁਡਲਾਢਾ ਦੇ ਦਫਤਰ ਅੱਗੇ ਚੱਲ ਰਿਹਾ ਪੱਕਾ ਮੋਰਚਾ 6 ਜਨਵਰੀ ਤੋਂ ਅੱਜ ਤੱਕ ਨਿਰਵਿਘਨ ਜਾਰੀ ਹੈ। ਜਥੇਬੰਦੀ ਵੱਲੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਬੁੱਧ ਰਾਮ, ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਅਨੇਕਾਂ ਸ਼ਾਂਤਮਈ ਜਥੇਬੰਦਕ ਐਕਸ਼ਨ ਕੀਤੇ ਜਾ ਚੁੱਕੇ ਹਨ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੁੱਲਰੀਆਂ ਜ਼ਮੀਨੀ ਘੋਲ ਬਾਰੇ ਮਾਨਸਾ ਪ੍ਰਸ਼ਾਸਨ ਵੱਲੋਂ ਕੀਤੀ ਵਾਅਦਾ ਖਿਲਾਫੀ ਵਿਰੁੱਧ 2 ਅਪ੍ਰੈਲ ਨੂੰ ਮਾਨਸਾ ਜ਼ਿਲ੍ਹੇ ਦੇ ਐਸ ਐਸ ਪੀ ਅਤੇ ਡਿਪਟੀ ਕਮਿਸ਼ਨਰ ਦੇ ਦਫਤਰ ਦਾ ਘਿਰਾਉ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਦਿੱਤੇ ਗਏ ਪ੍ਰੋਗਰਾਮਾਂ ਨੂੰ ਵੱਧ ਚੜ੍ਹ ਕੇ ਲਾਗੂ ਕੀਤਾ ਜਾਵੇਗਾ।