ਲੁਧਿਆਣਾ: ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਲਗਾਤਾਰ ਵੱਖ-ਵੱਖ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਕਾਰੋਬਾਰੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਕਰੋੜਾਂ ਦੇ ਨੁਕਸਾਨ ਦਾ ਕਾਰੋਬਾਰੀਆਂ ਨੇ ਖਰਚਾ ਜਤਾਇਆ ਹੈ ਅਤੇ ਕਿਹਾ ਹੈ ਕਿ ਸਭ ਤੋਂ ਜਿਆਦਾ ਅਸਰ ਪੰਜਾਬ ਨੂੰ ਹੀ ਹੋ ਰਿਹਾ ਹੈ। ਜਦੋਂ ਕਿ ਦਿੱਲੀ ਅਤੇ ਹਰਿਆਣਾ ਦੇ ਵਿੱਚ ਇਸ ਦਾ ਜਿਆਦਾ ਅਸਰ ਨਹੀਂ ਹੈ। ਐੱਮਐੱਸਐੱਮਈ ਦੇ ਪ੍ਰਧਾਨ ਰਹੇ ਬਾਤਿਸ਼ ਜਿੰਦਲ ਨੇ ਇਹਦਾ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਇਹੀ ਹਾਲ ਰਿਹਾ ਤਾਂ ਇੱਕ ਹਫਤੇ ਬਾਅਦ ਇਹ ਵੀ ਉਮੀਦ ਨਹੀਂ ਹੈ ਕਿ ਪੰਜਾਬ ਦੀ ਇੰਡਸਟਰੀ ਮੁੜ ਤੋਂ ਚੱਲ ਸਕੇਗੀ ਜਾਂ ਨਹੀਂ, ਉਹਨਾਂ ਕਿਹਾ ਕਿ 2000 ਕਰੋੜ ਰੁਪਏ ਦਾ ਰੋਜ਼ਾਨਾ ਦਾ ਵਪਾਰ ਹੈ।
ਟਰਾਂਸਪੋਰਟ ਦਾ ਖਰਚਾ ਪੈ ਰਿਹਾ ਵੱਧ: ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਟਰਾਂਸਪੋਰਟ ਦਾ ਵੱਡਾ ਨੁਕਸਾਨ ਹੋਇਆ ਹੈ, ਸਾਡਾ ਟਰਾਂਸਪੋਰਟ ਦੇ ਰਾਹੀਂ ਮਾਲ ਨਹੀਂ ਜਾ ਪਾ ਰਿਹਾ ਹੈ। ਜਿਹੜੇ ਆਰਡਰ ਪਹਿਲਾ ਭੇਜੇ ਹੋਏ ਸਨ, ਉਹ ਵੀ ਪਹੁੰਚ ਨਹੀਂ ਸਕੇ ਹਨ। ਇਸ ਕਰਕੇ ਗੱਡੀਆਂ ਦੁਬਾਰਾ ਵਾਪਿਸ ਨਹੀਂ ਆ ਸਕੀਆਂ ਹਨ। ਉਹਨਾਂ ਕਿਹਾ ਕਿ ਸਾਨੂੰ ਟਰਾਂਸਪੋਰਟ ਦਾ ਖਰਚਾ ਵੱਧ ਪੈ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅਸੀਂ ਭਾਵੇਂ ਕਿਸਾਨਾਂ ਦੇ ਨਾਲ ਹਾਂ ਪਰ ਰੇਲਵੇ ਟਰੈਕ ਜਾਮ ਕਰਨ, ਬੱਸਾਂ ਜਾਮ ਕਰਨ ਅਤੇ ਸੜਕੀ ਯਾਤਰਾ ਠੱਪ ਕਰਨ ਕਰਕੇ ਸਾਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਜਿਸ ਦੀ ਬਾਅਦ ਦੇ ਵਿੱਚ ਭਰਪਾਈ ਕਰਨੀ ਮੁਸ਼ਕਿਲ ਹੋ ਜਾਵੇਗੀ। ਕਾਰੋਬਾਰੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਬੈਠ ਕੇ ਇਸ ਦਾ ਕੋਈ ਨਾ ਕੋਈ ਸਰਕਾਰ ਦੇ ਨਾਲ ਹੱਲ ਕਰ ਲੈਣਾ ਚਾਹੀਦਾ ਹੈ। ਉਹਨਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪ੍ਰਦਰਸ਼ਨ ਨੂੰ ਖਤਮ ਕਰਨ ਲਈ ਉਪਰਾਲੇ ਕਰਨ ਅਤੇ ਕਿਸਾਨਾਂ ਦੀਆਂ ਮੰਗਾਂ ਵੱਲ ਗੌਰ ਫਰਮਾਉਣ।
ਇੰਡਸਟਰੀ ਦਾ ਹੋ ਰਿਹਾ ਵੱਡਾ ਨੁਕਸਾਨ: ਉਧਰ ਦੂਜੇ ਪਾਸੇ ਕਾਰੋਬਾਰੀ ਵੀ ਕੇ ਭੰਵਰਾ ਨੇ ਕਿਹਾ ਕਿ ਅੱਜ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਇੰਡਸਟਰੀ ਪਹਿਲਾਂ ਹੀ ਨਕਾਰਾਤਮਕ ਸਟੇਜ 'ਤੇ ਜਾ ਰਹੀ ਹੈ। ਅਜਿਹਾ ਇਸ ਤਰ੍ਹਾਂ ਦੇ ਪ੍ਰਦਰਸ਼ਨ ਹੋਣ ਦੇ ਨਾਲ ਹੋਰ ਨੁਕਸਾਨ ਹੋਣ ਦਾ ਖਦਸ਼ਾ ਹੈ। ਉਹਨਾਂ ਕਿਹਾ ਕਿ ਵੱਡਾ ਨੁਕਸਾਨ ਇੰਡਸਟਰੀ ਨੂੰ ਝੱਲਣਾ ਪਵੇਗਾ। ਹਾਲਾਂਕਿ ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਅਸੀਂ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਦਦ ਵੀ ਕਰਦੇ ਹਾਂ। ਆਰਥਿਕ ਪੱਖ ਤੋਂ ਵੀ ਉਹਨਾਂ ਦੀ ਮਦਦ ਕਰਦੇ ਹਾਂ ਪਰ ਲਗਾਤਾਰ ਪ੍ਰਦਰਸ਼ਨ ਹੋਣ ਦੇ ਨਾਲ ਇੰਡਸਟਰੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਇੱਕ ਪਾਸੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਹੋਇਆ ਤਾਂ ਦੂਜੇ ਪਾਸੇ ਭਾਰਤ ਬੰਦ ਦਾ ਸੱਦਾ ਹੈ। ਇਸ ਨਾਲ ਵਪਾਰੀ ਅਤੇ ਕਾਰੋਬਾਈ ਪ੍ਰਭਾਵਿਤ ਹੋ ਰਹੇ ਹਨ। ਸਾਡਾ ਆਰਡਰ ਸਹੀ ਸਮੇਂ 'ਤੇ ਨਹੀਂ ਪਹੁੰਚ ਰਿਹਾ ਤੇ ਸਾਨੂੰ ਨਵੇਂ ਆਰਡਰ ਵੀ ਨਹੀਂ ਮਿਲ ਰਹੇ। ਇਥੋਂ ਤੱਕ ਕਿ ਬਾਹਰੀ ਸੂਬਿਆਂ ਦੇ ਸਾਡੇ ਖਰੀਦਦਾਰ ਸਾਨੂੰ ਆਰਡਰ ਤੋਂ ਬੱਚਦੇ ਨਜ਼ਰ ਆ ਰਹੇ ਹਨ, ਜਿਸ ਨਾਲ ਸਾਨੂੰ ਵੱਡਾ ਘਾਟਾ ਹੋ ਰਿਹਾ ਹੈ ਤੇ ਨੌਬਤ ਇਹ ਹੈ ਕਿ ਇਸ ਦੀ ਭਰਪਾਈ ਕਰਨੀ ਬਹੁਤ ਮੁਸ਼ਕਿਲ ਹੋ ਜਾਵੇਗੀ।-ਬਾਤਿਸ਼ ਜਿੰਦਲ, ਵੀ.ਕੇ ਭੰਵਰਾ, ਕਾਰੋਬਾਰੀ
ਸਾਨੂੰ ਆਰਡਰ ਮਿਲਣੇ ਹੋਣ ਲੱਗੇ ਘੱਟ: ਉਹਨਾਂ ਕਿਹਾ ਕਿ ਖਾਸ ਕਰਕੇ ਜਿਹੜੇ ਦੂਜੇ ਸੂਬਿਆਂ ਦੇ ਕਲਾਇੰਟ ਸਾਨੂੰ ਆਰਡਰ ਦਿੰਦੇ ਹਨ, ਉਹ ਹੁਣ ਤੰਗ ਹੋਣੇ ਸ਼ੁਰੂ ਹੋ ਗਏ ਹਨ। ਕਾਰੋਬਾਰੀ ਨੇ ਕਿਹਾ ਕਿ ਆਖਿਰਕਾਰ ਇਹ ਹੀ ਹੋਵੇਗਾ ਕਿ ਉਹ ਸਾਨੂੰ ਆਰਡਰ ਦੇਣੇ ਬੰਦ ਕਰ ਦੇਣਗੇ, ਕਿਉਂਕਿ ਉਹਨਾਂ ਦਾ ਤਰਕ ਇਹੀ ਹੈ ਕਿ ਪੰਜਾਬ ਦੇ ਵਿੱਚ ਵਾਰ-ਵਾਰ ਪ੍ਰਦਰਸ਼ਨ ਆਦਿ ਹੁੰਦੇ ਰਹਿੰਦੇ ਹਨ। ਅਜਿਹੇ ਦੇ ਵਿੱਚ ਉਹਨਾਂ ਦੇ ਪ੍ਰੋਡਕਟ ਉਹਨਾਂ ਦਾ ਆਰਡਰ ਕੀਤਾ ਤਿਆਰ ਮਾਲ ਖਰਾਬ ਹੋਣ ਦਾ ਖਦਸ਼ ਰਹਿੰਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਦੇ ਵਿੱਚ ਜੇਕਰ ਡਿਸਟਰਬੈਂਸ ਹੁੰਦੀ ਹੈ ਤਾਂ ਇਸ ਦਾ ਸਿੱਧਾ ਅਸਰ ਵਪਾਰ 'ਤੇ ਹੁੰਦਾ ਹੈ। ਵਪਾਰੀ ਅਜਿਹੇ ਸੂਬੇ ਦੇ ਨਾਲ ਵਪਾਰ ਕਰਨ ਤੋਂ ਕਤਰਾਉਣ ਲੱਗ ਪੈਂਦੇ ਹਨ।
ਕਿਸਾਨਾਂ ਦੇ ਪ੍ਰਦਰਸ਼ਨ ਦਾ ਅਸਰ: ਕਾਰੋਬਾਰੀਆਂ ਨੇ ਦੱਸਿਆ ਕਿ ਪੂਰੇ ਭਾਰਤ ਬੰਦ ਦੇ ਸੱਦੇ 'ਤੇ ਉਹਨਾਂ ਤੋਂ ਇਲਾਵਾ ਪੈਟਰੋਲ ਪੰਪ ਮਾਲਕ ਵੀ ਹੜਤਾਲ 'ਤੇ ਜਾ ਰਹੇ ਹਨ। ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਬੰਦ ਹੋ ਰਹੀ ਹੈ। ਇਸ ਤੋਂ ਇਲਾਵਾ ਰੇਲਵੇ 'ਤੇ ਵੀ ਇਸਦਾ ਅਸਰ ਪੈ ਰਿਹਾ ਹੈ। ਕੁਝ ਕਿਸਾਨ ਜਥੇਬੰਦੀਆਂ ਨੇ ਰੇਲਵੇ ਲਾਈਨਾਂ ਵੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਸਿੱਧੇ ਤੌਰ 'ਤੇ ਵਪਾਰ ਨੂੰ ਅਸਰ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਹਾਲਾਂਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਹਨਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਪ੍ਰਦਰਸ਼ਨ ਕਰਨ ਦਾ ਪੂਰਾ ਜ਼ਮਹੂਰੀ ਹੱਕ ਹੈ ਪਰ ਕਾਰੋਬਾਰ 'ਤੇ ਇਸਦਾ ਨੈਗੇਟਿਵ ਪ੍ਰਭਾਵ ਪੈ ਰਿਹਾ ਹੈ, ਜਿਸ ਦੀ ਭਰਪਾਈ ਕਰਨੀ ਮੁਸ਼ਕਿਲ ਹੋ ਰਹੀ ਹੈ। ਬਾਤਿਸ਼ ਜਿੰਦਲ ਨੇ ਕਿਹਾ ਕਿ ਇਸ ਸਬੰਧੀ ਸਾਡੀ ਕੁਝ ਕਿਸਾਨ ਜਥੇਬੰਦੀਆਂ ਨਾਲ ਵੀ ਬੈਠਕ ਹੋਈ ਸੀ, ਗੱਲਬਾਤ ਹੋਈ ਸੀ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਮੰਨ ਲੈਂਦੀ।