ਲੁਧਿਆਣਾ: ਅਕਸਰ ਦੇਖਿਆ ਜਾਂਦਾ ਹੈ ਕਿ ਅਕਤੂਬਰ ਦਾ ਮਹੀਨਾ ਠੰਢਾ ਹੋ ਜਾਂਦਾ ਹੈ ਅਤੇ ਨਵੰਬਰ ਮਹੀਨੇ ਵਿੱਚ ਲੋਕ ਕੰਬਲ ਲੈਣੇ ਸ਼ੁਰੂ ਕਰ ਦਿੰਦੇ ਹਨ, ਪਰ ਇਸ ਸਾਲ ਮੌਸਮ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ। ਪਿਛਲੇ ਇੱਕ ਹਫ਼ਤੇ ਤੋਂ ਚੰਡੀਗੜ੍ਹ ਸਮੇਤ ਪੰਜਾਬ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ, ਮੌਜੂਦਾ ਤਾਪਮਾਨ 31 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਜਦੋਂ ਕਿ ਨਵੰਬਰ ਮਹੀਨੇ ਦੇ ਵਿੱਚ ਕਦੇ ਵੀ 29 ਡਿਗਰੀ ਤੋਂ ਜਿਆਦਾ ਤਾਪਮਾਨ ਨਹੀਂ ਗਿਆ ਹੈ। ਇਨ੍ਹਾਂ ਹੀ ਨਹੀਂ ਰਾਤ ਦਾ ਤਾਪਮਾਨ ਵੀ 14 ਡਿਗਰੀ ਤੋਂ ਵੱਧ ਨਹੀਂ ਗਿਆ, ਜਦੋਂ ਕਿ ਹੁਣ 16 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ। ਪੀਏਯੂ ਮੌਸਮ ਵਿਭਾਗ ਦੇ ਮੁਤਾਬਕ ਅਕਤੂਬਰ ਅਤੇ ਨਵੰਬਰ ਤੱਕ ਅਜਿਹਾ ਮੌਸਮ ਨਹੀਂ ਹੁੰਦਾ।
ਹੁਣ ਜਦੋਂ ਅਸੀਂ ਇਸ ਸੰਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਨਾਲ ਗੱਲਬਾਤ ਕੀਤੀ ਤਾਂ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਪਿਛਲੇ 54 ਸਾਲਾਂ ਦੇ ਵਿੱਚ ਅਜਿਹਾ ਕਦੀ ਵੀ ਅਕਤੂਬਰ ਅਤੇ ਨਵੰਬਰ ਮਹੀਨੇ ਦੇ ਵਿੱਚ ਨਹੀਂ ਹੋਇਆ ਹੈ।
ਆਖ਼ਿਰ ਕਦੋਂ ਮਿਲੇਗੀ ਰਾਹਤ
ਉਨ੍ਹਾਂ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਫਿਲਹਾਲ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਇਸੇ ਤਰ੍ਹਾਂ ਦਾ ਬਣਿਆ ਰਹੇਗਾ। ਬਾਰਿਸ਼ ਜਦੋਂ ਤੱਕ ਨਹੀਂ ਹੋਏਗੀ, ਉਦੋਂ ਤੱਕ ਮੌਸਮ ਖੁਸ਼ਕ ਰਹੇਗਾ। ਦੀਵਾਲੀ ਹੋਣ ਕਰਕੇ ਅਤੇ ਕਈ ਥਾਵਾਂ ਉਤੇ ਪਰਾਲੀ ਨੂੰ ਅੱਗ ਲਾਉਣ ਕਰਕੇ ਵੀ ਇਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਹੈ।
ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਅੱਗੇ ਕਿਹਾ, 'ਬੀਤੇ ਦਿਨੀਂ ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ 300 ਤੋਂ ਪਾਰ ਰਿਹਾ ਹੈ, ਇਸ ਤੋਂ ਇਲਾਵਾ ਲੋਕਾਂ ਨੂੰ ਆਪਣੀ ਸਿਹਤ ਦਾ ਜ਼ਰੂਰੀ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਮੌਸਮ ਦੇ ਵਿੱਚ ਖਾਂਸੀ ਅਤੇ ਹੋਰ ਜ਼ੁਕਾਮ ਆਦਿ ਦੀਆਂ ਦਿੱਕਤਾਂ ਰਹਿੰਦੀਆਂ ਹਨ। ਹੋ ਸਕੇ ਤਾਂ ਲੋਕ ਮਾਸਕ ਲਾ ਕੇ ਹੀ ਟਰੈਵਲ ਕਰਨ ਅਤੇ ਸਵੇਰ ਵੇਲੇ ਜ਼ਰੂਰ ਧਿਆਨ ਰੱਖਣ।
ਇਹ ਵੀ ਪੜ੍ਹੋ: