ਅੰਮ੍ਰਿਤਸਰ: ਇੱਕ ਪਾਸੇ ਸਰਕਾਰ ਤੇ ਪੁਲਿਸ ਕਾਨੂੰਨ ਵਿਵਸਥਾ ਸਹੀ ਹੋਣ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ ਤਾਂ ਦੂਜੇ ਪਾਸੇ ਆਏ ਦਿਨ ਕੋਈ ਨਾ ਕੋਈ ਘਟਨਾ ਉਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਵਾਰ ਫਿਰ ਤੋਂ ਗੁੰਡਾਗਰਦੀ ਸ਼ਰੇਆਮ ਹੁੰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਮਜੀਠਾ ਰੋਡ ਬਾਈਪਾਸ 'ਤੇ ਸਥਿਤ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ ਪਿਛਲੇ ਦਿਨੀ ਕਥਿਤ ਤੌਰ 'ਤੇ 15 ਤੋਂ 20 ਸ਼ਰਾਰਤੀ ਅਨਸਰਾਂ ਵੱਲੋਂ ਛਾਉਣੀ 'ਚ ਦਾਖ਼ਲ ਹੋ ਕੇ ਹਮਲਾ ਕਰ ਦਿੱਤਾ ਗਿਆ।
ਨਿਹੰਗਾਂ ਸਿੰਘਾਂ ਦੀ ਛਾਉਣੀ 'ਚ ਗੁੰਡਾਗਰਦੀ: ਇਸ ਦੌਰਾਨ ਉਨ੍ਹਾਂ ਸ਼ਰਾਰਤੀ ਅਨਸਰਾਂ ਵਲੋਂ ਛਾਉਣੀ ਦੇ ਵਿੱਚ ਮੌਜੂਦ ਨਿਹੰਗ ਸਿੰਘਾਂ ਦੇ ਨਾਲ ਕਥਿਤ ਕੁੱਟਮਾਰ ਕੀਤੀ ਗਈ ਤੇ ਖੂਬ ਹੰਗਾਮਾ ਕੀਤਾ ਗਿਆ। ਇਥੋਂ ਤੱਕ ਕਿ ਉਨ੍ਹਾਂ ਵਲੋਂ ਉਥੇ ਮੌਜੂਦ ਮਹਿਲਾਵਾਂ ਨਾਲ ਵੀ ਬਦਤਮੀਜ਼ੀ ਕੀਤੀ ਗਈ। ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਅਤੇ ਇਸ ਤੋਂ ਬਾਅਦ ਹੁਣ ਨਿਹੰਗ ਸਿੰਘ ਜਥੇਬੰਦੀਆਂ ਤੇ ਵਾਲਮੀਕੀ ਸਮਾਜ ਦੀਆਂ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਏਸੀਪੀ ਨੌਰਥ ਵਰਿੰਦਰ ਸਿੰਘ ਖੋਸਾ ਨੂੰ ਮੰਗ ਪੱਤਰ ਦੇ ਕੇ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਵਲੋਂ ਮਾਮਲਾ ਕੀਤਾ ਗਿਆ ਦਰਜ: ਦੂਜੇ ਪਾਸੇ ਇਸ ਮਾਮਲੇ ਵਿੱਚ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਨਿਹੰਗ ਸਿੰਘਾਂ ਬਾਈਪਾਸ ਮਜੀਠਾ ਰੋਡ ਦੇ ਉੱਪਰ ਦੋ ਧਿਰਾਂ ਵਿਚਾਲੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਪਾਸੇ ਪ੍ਰਗਟ ਸਿੰਘ ਅਤੇ ਦੂਜੇ ਪਾਸੇ ਜਸਬੀਰ ਸਿੰਘ ਦੋਵਾਂ ਵਿਚਾਲੇ ਬੀਤੀ 5 ਫਰਵਰੀ ਨੂੰ ਝਗੜਾ ਹੋਇਆ ਸੀ। ਇਸ ਦੌਰਾਨ 20 ਤੋਂ 25 ਕਥਿਤ ਮੁਲਜ਼ਮ ਇਕੱਠੇ ਹੋ ਕੇ ਉਹਨਾਂ ਵੱਲੋਂ ਨਿਹੰਗ ਸਿੰਘਾਂ ਦੀ ਛਾਉਣੀ ਦੇ ਉੱਤੇ ਜਾ ਕੇ ਹਮਲਾ ਕੀਤਾ ਗਿਆ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਉਸ ਵੀਡੀਓ ਦੇ ਆਧਾਰ 'ਤੇ ਅਤੇ ਨਿਹੰਗ ਸਿੰਘਾਂ ਦੀ ਛਾਉਣੀ ਦੇ ਵਿੱਚ ਲੱਗੀਆਂ ਸੇਵਾਦਾਰਾਂ ਦੇ ਸੱਟਾਂ ਦੀ ਰਿਪੋਰਟ ਦੇ ਆਧਾਰ ਦੇ ਉੱਪਰ ਪੁਲਿਸ ਵੱਲੋਂ ਸੱਤ ਲੋਕਾਂ 'ਤੇ ਬਾਈ ਨੇਮ ਅਤੇ 15 ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਰ ਰਹੀ ਛਾਪੇਮਾਰੀ: ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਹਨਾਂ ਦੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ, ਜਿਸ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ। ਏਸੀਪੀ ਖੋਸਾ ਨੇ ਦੱਸਿਆ ਕਿ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਧਾਰਾ 295 ਦਾ ਵੀ ਮਾਮਲਾ ਦਰਜ ਕੀਤਾ ਜਾਵੇ ਅਤੇ ਉਸ ਦੇ ਲਈ ਪੁਲਿਸ ਹੁਣ ਜਾਂਚ ਕਰ ਰਹੀ ਹੈ ਅਤੇ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਧਾਰਾਵਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ।