ਲੁਧਿਆਣਾ : ਅੱਜ 15 ਨਵੰਬਰ ਨੂੰ ਪੂਰੇ ਵਿਸ਼ਵ ਭਰ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਇਤਿਹਾਸਿਕ ਗੁਰਦੁਆਰਾ ਗਊ ਘਾਟ ਸਾਹਿਬ ਵਿਖੇ ਸਵੇਰ ਤੋਂ ਸਮਾਗਮ ਚੱਲ ਰਹੇ ਹਨ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉੱਥੇ ਹੀ ਸੰਗਤਾਂ ਨੇ ਇਲਾਹੀ ਬਾਣੀ ਦਾ ਸਰਵਣ ਕੀਤਾ। ਇਸ ਮੌਕੇ ਲੰਗਰ ਵੀ ਅਟੁੱਟ ਚੱਲਿਆ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਸਵੇਰ ਤੋਂ ਪਹੁੰਚ ਰਹੀਆਂ ਹਨ।
ਗੁਰਦੁਆਰਾ ਗਊ ਘਾਟ ਦਾ ਇਤਿਹਾਸ
ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਸ ਜਗ੍ਹਾ ਦੀ ਇਤਿਹਾਸਕ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਗੁਰਦੁਆਰਾ ਗਊ ਘਾਟ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਸੁਸ਼ੋਭਿਤ ਗੁਰਦੁਆਰਾ ਸਾਹਿਬ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਸੁਲਤਾਨ ਲੋਧੀ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀ, ਉਦੋਂ ਗੁਰੂ ਸਾਹਿਬ ਇੱਥੇ ਹੀ ਸਤਲੁਜ ਦਰਿਆ ਦੇ ਕੰਢੇ ਰੁਕੇ ਹੋਏ ਸਨ , ਜਿਸ ਦੇ ਨਾਂ ਤੇ ਇਹ ਗੁਰਦੁਆਰਾ ਲੁਧਿਆਣਾ ਸ਼ਹਿਰ ਬਣਿਆ ਹੈ। ਗੂਰੁ ਸਾਹਿਬ ਦੇ ਸਮੇਂ ਸੁਲਤਾਨ ਲੋਧੀ ਨੇ ਗੁਰੂ ਸਾਹਿਬ ਨੂੰ ਅਰਜੋਈ ਕੀਤੀ ਸੀ ਕਿ ਸਤਲੁਜ ਦਰਿਆ ਕਰਕੇ ਉਨ੍ਹਾਂ ਦੇ ਸ਼ਹਿਰ ਦਾ ਨੁਕਸਾਨ ਕਾਫੀ ਹੁੰਦਾ ਹੈ। ਜਿਸ ਕਰਕੇ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਇਸ ਦੇ ਹੱਲ ਲਈ ਅਰਦਾਸ ਕੀਤੀ। ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਸੀ ਕਿ ਸਤਲੁਜ ਦਰਿਆ ਇੱਥੋਂ ਦੂਰ ਚਲਾ ਜਾਵੇਗਾ ਅਤੇ ਅੱਜ ਓਹੀ ਸੱਤ ਕੋਹ ਦੂਰ ਜਾ ਕੇ ਹੁਣ ਸਤਲੁਜ ਦਰਿਆ ਵਗਦਾ ਹੈ ਪਰ ਇੱਥੇ ਬੁੱਢਾ ਦਰਿਆ ਜਰੂਰ ਬਚ ਗਿਆ ਹੈ। ਜਿਸ ਦਾ ਨਾਂ ਅੱਜ ਦੇ ਸਮੇਂ ਦੇ ਵਿੱਚ ਬੁੱਢਾ ਨਾਲਾ ਪੈ ਗਿਆ ਹੈ, ਕਿਉਂਕਿ ਉਸ ਦਰਿਆ ਵਿੱਚ ਪਾਣੀ ਗੰਦਾ ਹੋ ਗਿਆ ਹੈ।
ਵਾਤਾਵਰਨ ਨੂੰ ਬਚਾਉਣ ਦੀ ਅਪੀਲ
ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਉੱਥੇ ਹੀ ਵਾਤਾਵਰਨ ਨੂੰ ਬਚਾਉਣ ਦੀ ਵੀ ਉਨ੍ਹਾਂ ਅਪੀਲ ਕੀਤੀ ਅਤੇ ਕਿਹਾ ਕਿ ਆਕਸੀਜਨ ਦੀ ਸਾਨੂੰ ਸਾਰਿਆਂ ਨੂੰ ਹੀ ਲੋੜ ਹੈ। ਇਸ ਕਰਕੇ ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ ਅਤੇ ਨਾ ਹੀ ਪਟਾਕੇ ਜ਼ਿਆਦਾ ਚਲਾਉਣੇ ਚਾਹੀਦੇ ਹਨ।