ਲੁਧਿਆਣਾ: ਸਟੀਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਫੈਕਟਰੀਆਂ ਵਿੱਚ 55 ਹਜ਼ਾਰ ਰੁਪਏ ਪ੍ਰਤੀ ਟਨ ਸਟੀਲ ਦੀਆਂ ਕੀਮਤਾਂ ਪਹੁੰਚ ਚੁੱਕੀਆਂ ਹਨ, ਉੱਥੇ ਹੀ, ਰਿਟੇਲ ਵਿੱਚ ਇਹ ਕੀਮਤਾਂ 59 ਹਜ਼ਾਰ ਤੋਂ ਵੀ ਪਾਰ ਹੋ ਗਈਆਂ ਹਨ। ਉੱਥੇ ਹੀ ਸਕਰੈਪ ਦਾ ਲੋਹਾ 50 ਹਜ਼ਾਰ ਰੁਪਏ ਪ੍ਰਤੀ ਟਨ ਤੱਕ ਪਹੁੰਚ ਚੁੱਕਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਕੀਮਤਾਂ ਸਥਿਰ ਰਹਿਣ ਤੋਂ ਬਾਅਦ ਚੋਣਾਂ ਵਿੱਚ ਕੋਡ ਲੱਗਣ ਤੋਂ ਇੱਕਦਮ ਬਾਅਦ ਸਟੀਲ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਦਾ ਅਸਰ ਹੁਣ ਇੰਡਸਟਰੀਆਂ ਵਿੱਚ ਪੈਣਾ ਸ਼ੁਰੂ ਹੋ ਚੁੱਕਾ ਹੈ।
ਲੁਧਿਆਣਾ ਵਿਸ਼ਵ ਦਾ ਦੂਜੇ ਨੰਬਰ ਦਾ ਸਭ ਤੋਂ ਵੱਧ ਸਾਈਕਲ ਮੈਨੇਫੈਕਚਰ ਕਰਨ ਵਾਲਾ ਸ਼ਹਿਰ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਆਟੋ ਪਾਰਟਸ ਅਤੇ ਲੋਹੇ ਨਾਲ ਬਣਨ ਵਾਲੇ ਨੱਟ ਬੋਲਟ ਅਤੇ ਹੋਰ ਸਮਾਨ ਵੱਡੀ ਗਿਣਤੀ ਦੇ ਵਿੱਚ ਬਣਦਾ ਹੈ। ਇਥੋਂ ਤੱਕ ਕਿ ਬੰਦੇ ਭਾਰਤ ਟ੍ਰੇਨ ਦੇ ਪਾਰਟਸ ਵੀ ਲੁਧਿਆਣਾ ਵਿੱਚ ਬਣਾਏ ਜਾਂਦੇ ਹਨ। ਮੰਡੀ ਗੋਬਿੰਦਗੜ੍ਹ ਦੀ ਲੋਹਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਲੋਹੇ ਮੰਡੀ ਵਿੱਚੋਂ ਇੱਕ ਹੈ।
ਕਿੰਨਾ ਅਸਰ: ਏਆਈਟੀਐਫ ਯਾਨੀ ਆਲ ਇੰਡਸਟਰੀਜ ਅਤੇ ਟਰੇਡ ਫੋਰਮ ਦੇ ਕੌਮੀ ਪ੍ਰਧਾਨ ਬਾਦੀਸ਼ ਜਿੰਦਲ ਨੇ ਕਿਹਾ ਕਿ ਸਟੀਲ ਦੀਆਂ ਕੀਮਤਾਂ ਵਧਣ ਦੇ ਨਾਲ ਸਿੱਧੇ ਤੌਰ ਉੱਤੇ ਸਾਈਕਲ ਇੰਡਸਟਰੀ ਨੂੰ ਇਸ ਦਾ ਅਸਰ ਝੱਲਣਾ ਪਵੇਗਾ। ਇਸ ਤੋਂ ਇਲਾਵਾ ਘਰਾਂ ਵਿੱਚ ਵਰਤੇ ਜਾਣ ਵਾਲੇ ਸਰੀਏ ਦੀਆਂ ਕੀਮਤਾਂ 'ਚ ਵੀ ਇਜਾਫਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਥਾਂ ਉੱਤੇ ਵੀ ਲੋਹੇ ਦੀ ਵਰਤੋਂ ਹੁੰਦੀ ਹੈ, ਉਸ ਹਰ ਕਾਰੋਬਾਰ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਲਗਾਤਾਰ ਇੱਕ ਹਫਤੇ ਤੋਂ ਲਗਭਗ 5 ਹਜਾਰ ਰੁਪਏ ਪ੍ਰਤੀ ਟਨ ਸਟੀਲ ਦੀਆਂ ਕੀਮਤਾਂ ਵਿੱਚ ਇਜਾਫਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਸਾਈਕਲ ਦੀ ਕੀਮਤ 200 ਰੁਪਏ ਤੋਂ ਲੈ ਕੇ 300 ਰੁਪਏ ਤੱਕ ਵਧਣ ਦੇ ਆਸਾਰ ਹਨ।
ਪ੍ਰੋਡਕਸ਼ਨ 'ਤੇ ਅਸਰ : ਏਸ਼ੀਆ ਦੀ ਸਭ ਤੋਂ ਵੱਡੀ ਸਾਈਕਲ ਮੈਨਫੈਕਚਰਿੰਗ ਪਾਰਟਸ ਐਸੋਸੀਏਸ਼ਨ ਯੂਸੀਪੀਐਮਏ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਅਵਤਾਰ ਸਿੰਘ ਭੋਗਲ ਨੇ ਦੱਸਿਆ ਕਿ ਸਟੀਲ ਦੀਆਂ ਕੀਮਤਾਂ ਵਿੱਚ ਲਗਾਤਾਰ ਦੇ ਨਾਲ ਪੰਜਾਬ ਦੀ ਸਨਅਤ ਦੇ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਚੋਣਾਂ ਦੇ ਮੱਦੇਨਜ਼ਰ ਪਹਿਲਾਂ ਹੀ ਕੰਮ ਕਾਰ ਬਹੁਤ ਘੱਟ ਹੈ ਅਤੇ ਹੁਣ ਲੇਬਰ ਵੀ ਆਪੋ ਆਪਣੇ ਸੂਬਿਆਂ ਦੇ ਵਿੱਚ ਵੋਟ ਪਾਉਣ ਕਰਕੇ ਵਾਪਿਸ ਜਾ ਰਹੀ ਹੈ, ਕਿਉਂਕਿ ਹੋਰਨਾਂ ਸੂਬਿਆਂ ਦੇ ਵਿੱਚ ਵੋਟਿੰਗ ਪੰਜਾਬ ਤੋਂ ਪਹਿਲਾਂ ਹੋਣੀ ਹੈ।
ਇਸ ਤੋਂ ਇਲਾਵਾ ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਪਹਿਲਾਂ ਹੀ ਪ੍ਰੋਡਕਸ਼ਨ ਘਟੀ ਹੋਈ ਸੀ ਅਤੇ ਹੁਣ ਹੋਰ ਘੱਟ ਗਈ ਹੈ। ਉਹਨਾਂ ਕਿਹਾ ਕਿ ਲੋਹੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਆ ਰਹੇ ਉਤਾਰ-ਚੜਾਅ ਕਰਕੇ ਕਾਰੋਬਾਰੀ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲੋਹੇ ਦੀਆਂ ਕੀਮਤਾਂ ਸਾਲ ਵਿੱਚ ਦੋ ਜਾਂ ਤਿੰਨ ਵਾਰ ਵੱਧਦੀਆਂ ਸਨ, ਪਰ ਹੁਣ ਸਵੇਰ ਦੀ ਕੀਮਤ ਕੁਝ ਹੋਰ ਅਤੇ ਸ਼ਾਮ ਦੀ ਕੀਮਤ ਕੁਝ ਹੋਰ ਹੁੰਦੀ ਹੈ। ਕੀਮਤਾਂ ਦੇ ਵਿੱਚ ਸਥਿਰਤਾ ਨਹੀਂ ਹੈ। ਇਥੋਂ ਤੱਕ ਕੇ ਸਕਰੈਪ ਦੇ ਲੋਹੇ ਦੀ ਕੀਮਤ ਵਿੱਚ ਵੀ ਵਾਧਾ ਹੋਇਆ ਹੈ।
ਚੋਣਾਂ ਦਾ ਅਸਰ: ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਅਤੇ ਏਆਈਟੀਐਫ ਯਾਨੀ ਆਲ ਇੰਡਸਟਰੀਜ ਅਤੇ ਟਰੇਡ ਫੋਰਮ ਦੇ ਕੌਮੀ ਪ੍ਰਧਾਨ ਬਾਦੀਸ਼ ਜਿੰਦਲ ਨੇ ਕਿਹਾ ਕਿ ਚੋਣਾਂ ਦੇ ਵਿੱਚ ਅਕਸਰ ਹੀ ਸਟੀਲ ਕੰਪਨੀਆਂ ਆਪਣੀਆਂ ਮਨਮਾਨੀਆਂ ਕਰਦੀਆਂ ਹਨ ਅਤੇ ਕੀਮਤਾਂ ਦੇ ਵਿੱਚ ਮਰਜ਼ੀ ਦੇ ਨਾਲ ਇਜਾਫਾ ਕਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਉਹ ਰਾਜਨੀਤਿਕ ਪਾਰਟੀਆਂ ਨੂੰ ਚੰਦਾ ਦੇਣ ਦੇ ਲਈ ਇਹ ਸਭ ਕਰਦੀਆਂ ਹਨ। ਉਨ੍ਹਾਂ ਨੂੰ ਇਹ ਲੱਗ ਰਿਹਾ ਹੈ ਕਿ ਚੋਣਾਂ ਵਿੱਚ ਜਾਣ ਬੁਝ ਕੇ ਇਹ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਹਨ, ਕਿਉਂਕਿ ਕੋਈ ਮੋਨੀਟਰਿੰਗ ਨਹੀਂ ਕਰਦਾ ਜਿਸ ਦਾ ਨੁਕਸਾਨ ਸਿੱਧੇ ਤੌਰ ਉੱਤੇ ਕਾਰੋਬਾਰੀਆਂ ਨੂੰ ਹੁੰਦਾ ਹੈ।
ਬਾਦੀਸ਼ ਜਿੰਦਲ ਨੇ ਕਿਹਾ ਕਿ ਅਸੀਂ ਕਈ ਵਾਰ ਮਨ ਕਰ ਚੁੱਕੇ ਹਨ ਕਿ ਸਟੀਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਰੈਗੂਲੇਟਰੀ ਕਮਿਸ਼ਨ ਬਣਨਾ ਚਾਹੀਦਾ ਹੈ, ਪਰ ਲੰਬੇ ਸਮੇਂ ਤੋਂ ਸਾਡੀ ਚੱਲੀ ਆ ਰਹੀ ਇਸ ਮੰਗ ਵੱਲ ਕੋਈ ਗੌਰ ਨਹੀਂ ਫਰਮਾਈ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਫੈਕਟਰੀਆਂ ਬੰਦ ਹੋ ਜਾਣਗੀਆਂ ਤੇ ਕੰਮ ਨਹੀਂ ਚੱਲੇਗਾ, ਕਿਉਂਕਿ ਜਾਣ ਬੁਝ ਕੇ ਲੋਹੇ ਦੀ ਸ਼ੋਰਟੇਜ ਵਿਖਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਲੋਹਾ ਬਲੈਕ ਹੋਣਾ ਸ਼ੁਰੂ ਹੋ ਗਿਆ।
ਚਾਈਨਾ ਦੀ ਮਾਰ: ਏਆਈਟੀਐਫ ਯਾਨੀ ਆਲ ਇੰਡਸਟਰੀਜ ਅਤੇ ਟਰੇਡ ਫੋਰਮ ਦੇ ਕੌਮੀ ਪ੍ਰਧਾਨ ਬਾਦੀਸ਼ ਜਿੰਦਲ ਨੇ ਸਵਾਦ ਖੜੇ ਕਰਦੇ ਪੁੱਛਿਆ ਹੈ ਕਿ ਐਸਐਮਐਸ ਆਉਣ ਤੋਂ ਬਾਅਦ ਕੀਮਤਾਂ ਵਿੱਚ ਇਜਾਫਾ ਹੋਇਆ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ ਵਿੱਚ ਉਲਟਾ ਕੰਮ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਚੀਨ ਵਿੱਚ ਲੋਹੇ ਦੀਆਂ ਕੀਮਤਾਂ ਵਿੱਚ ਕਟੌਤੀ ਆ ਰਹੀ ਹੈ ਅਤੇ ਸਾਡੇ ਦੇਸ਼ ਵਿੱਚ ਲੋਹਾ ਮਹਿੰਗਾ ਹੋ ਰਿਹਾ ਹੈ। ਅਜਿਹੇ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਕੀਮਤਾਂ ਵਿੱਚ ਇਜਾਫਾ ਹੋਵੇਗਾ, ਤਾਂ ਜ਼ਾਹਿਰ ਤੌਰ ਉੱਤੇ ਮੈਨੀਫੈਕਚਰਿੰਗ ਵੀ ਵਧੇਗੀ, ਪ੍ਰੋਡਕਸ਼ਨ ਉੱਤੇ ਇਸ ਦਾ ਅਸਰ ਵੇਖਣ ਨੂੰ ਮਿਲੇਗਾ।
ਉਨ੍ਹਾਂ ਕਿਹਾ ਕਿ ਚਾਈਨਾ ਦਾ ਮਾਲ ਪਹਿਲਾ ਹੀ ਵੱਡੀ ਪੱਧਰ ਤੇ ਇੰਡੀਆ ਦੇ ਵਿੱਚ ਇੰਪੋਰਟ ਕਰਵਾਇਆ ਜਾ ਰਿਹਾ ਹੈ ਅਤੇ ਹੁਣ ਕੀਮਤਾਂ ਵਧਣ ਦੇ ਨਾਲ ਇੰਪੋਰਟ ਹੋਰ ਵਧੇਗੀ। ਇਸ ਦੇ ਨਾਲ ਹੀ, ਭਾਰਤ ਦੀ ਪ੍ਰੋਡਕਸ਼ਨ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਕੀਮਤਾਂ ਸਥਿਰ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਪਿਛਲੇ ਕੁਝ ਸਾਲਾਂ ਦੇ ਵਿੱਚ ਚਾਈਨਾ ਭਾਰਤ ਦੇ ਪ੍ਰੋਡਕਟ ਨੂੰ ਮਾਤ ਦੇ ਰਿਹਾ ਹੈ, ਨਾ ਸਿਰਫ ਕੌਮਾਂਤਰੀ ਪੱਧਰ ਤੇ ਸਗੋਂ ਕੌਮੀ ਪੱਧਰ ਉੱਤੇ ਵੀ ਹੁਣ ਚਾਈਨਾ ਤੋਂ ਵੱਡੇ ਪੱਧਰ ਤੋਂ ਇੰਪੋਰਟ ਕਰਵਾਈ ਜਾ ਰਹੀ ਹੈ ਜਿਸ ਉੱਤੇ ਠੱਲ੍ਹ ਪਾਉਣਾ ਜ਼ਰੂਰੀ ਹੈ।