ਮਾਨਸਾ: ਆਮ ਲੋਕਾਂ ਦੀ ਗੱਲ ਕਰਨ ਅਤੇ ਆਮ ਲੋਕਾਂ ਨੂੰ ਟਿਕਟ ਦੇਣ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਲੋਕ ਸਭਾ ਦੀਆਂ ਟਿਕਟਾਂ ਆਪਣੇ ਕਰੋੜਪਤੀ ਮੰਤਰੀਆਂ ਨੂੰ ਦੇ ਦਿੱਤੀਆਂ ਹਨ ਅਤੇ ਆਮ ਲੋਕ ਸਿਰਫ ਦਰੀਆਂ ਵਿਛਾਉਣ ਜੋਗੇ ਹੀ ਰਹਿ ਗਏ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਠਿੰਡਾ ਤੋਂ ਸੰਸਦ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਸਰਦੂਲਗੜ੍ਹ ਹਲਕੇ ਦੇ ਦੌਰਾਨ ਕੀਤਾ।
ਸਹੂਲਤਾਂ ਤੋਂ ਵਾਂਝੇ ਲੋਕ: ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਨੇ ਅੱਜ ਆਪਣੇ ਹਲਕੇ ਦੇ ਦੌਰੇ ਦੌਰਾਨ ਪਿੰਡ ਬਹਿਣੀਵਾਲ ਪੇਰੋ ਬਣਾਵਾਲੀ ਧਿੰਗੜ ਦਾ ਦੌਰਾ ਕਰਦੇ ਹੋਏ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਲੋਕਾਂ ਤੋਂ ਦੂਰੀ ਬਣਾ ਲਈ ਹੈ ਅਤੇ ਜੋ ਲੋਕ ਪੈਨਸ਼ਨ ਸ਼ਗਨ ਸਕੀਮ ਵਰਗੀਆਂ ਸੁਵਿਧਾਵਾਂ ਬਾਦਲ ਸਰਕਾਰ ਤੋਂ ਲੈ ਰਹੇ ਸਨ ਅੱਜ ਹਰ ਇੱਕ ਸਹੂਲਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੰਦ ਕਰ ਦਿੱਤੀ ਹੈ।
ਕਰੋੜਪਤੀਆਂ ਨੂੰ ਦਿੱਤੀਆਂ ਟਿਕਟਾਂ: ਉਹਨਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਗਾਨਿਆਂ ਨੂੰ ਪਹਿਚਾਨਣ ਵਿੱਚ ਅਸੀਂ ਦੇਰੀ ਕਰ ਦਿੱਤੀ ਹੈ ਪਰ ਆਪਣੇ ਹਮੇਸ਼ਾ ਆਪਣੇ ਹੀ ਕੰਮ ਆਉਂਦੇ ਹੁੰਦੇ ਹਨ। ਉਹਨਾਂ ਕਿਹਾ ਕਿ ਜੋ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਗੱਲ ਕਰਦੀ ਸੀ ਅਤੇ ਆਮ ਲੋਕਾਂ ਨੂੰ ਟਿਕਟ ਦੇਣ ਦੇ ਝੂਠੇ ਡਰਾਮੇ ਕਰਦੀ ਸੀ ਅੱਜ ਉਸ ਪਾਰਟੀ ਨੇ ਆਪਣੇ ਕਰੋੜਪਤੀ ਮੰਤਰੀਆਂ ਨੂੰ ਟਿਕਟਾਂ ਦੇ ਕੇ ਲੋਕ ਸਭਾ ਚੋਣਾਂ ਲੜਾਉਣ ਦੀ ਤਿਆਰੀ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਹਨਾਂ ਤੋਂ ਸਵਾਲ ਜਰੂਰ ਪੁੱਛਣ ਕਿ ਘਰ ਘਰ ਆਟਾ ਦਾਲ ਸਕੀਮ ਜੋ ਆ ਰਹੀ ਸੀ ਉਸਦੇ ਕਾਰਡ ਕਿਉਂ ਕੱਟ ਦਿੱਤੇ ਹਨ ਅਤੇ ਮਹਿਲਾਵਾਂ ਨੂੰ 1000 ਦੇਣ ਦਾ ਵਾਅਦਾ ਕਿੱਥੇ ਗਿਆ। ਉਹਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਅਤੇ ਪੰਜਾਬ ਦੇ ਲੋਕਾਂ ਦੀ ਹਰ ਸਮੇਂ ਦੁੱਖ-ਸੁੱਖ ਵਿੱਚ ਸ਼ਰੀਕ ਰਹਿੰਦੀ ਹੈ।