ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਹਰ ਕੋਈ ਇਸਨਾਨ ਕਰਕੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਮੰਨਦਾ ਹੈ। ਇੱਕ ਵਾਰ ਇਹ ਪਵਿੱਤਰ ਸਰੋਵਰ ਵੇਖ ਕੇ ਜ਼ਹਿਨ ਵਿੱਚ ਜ਼ਰੂਰ ਆਉਂਦਾ ਹੈ ਕਿ ਆਖਿਰ ਇਸ ਵਿੱਚ ਪਾਣੀ ਕਿੱਥੋ ਆਉਂਦਾ ਹੈ। ਸੋ, ਅੱਜ ਅਸੀ ਇਸ ਇੱਕ ਅਜਿਹੀ ਨਹਿਰ ਬਾਰੇ ਗੱਲ ਕਰਾਂਗੇ ਜਿਸ ਬਾਰੇ ਸ਼ਾਇਦ ਹੀ ਕਿਸੇ ਨੂੰ ਜ਼ਿਆਦਾ ਜਾਣਕਾਰੀ ਹੋਵੇਗੀ।
ਹੰਸਲੀ - ਵਿਰਾਸਤੀ ਨਹਿਰ : ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਨਾਲ-ਨਾਲ ਚਾਰ ਹੋਰ ਗੁਰਦੁਆਰਿਆਂ ਦੇ ਸਰੋਵਰਾਂ ਨੂੰ ਪਾਣੀ ਇੱਕ ਹੰਸਲੀ ਤੋਂ ਆਉਂਦਾ ਹੈ। ਪਹਿਲਾਂ ਹੰਸਲੀ ਤੋਂ ਲੋੜ ਅਨੁਸਾਰ ਪਾਣੀ ਛੱਡਿਆ ਜਾਂਦਾ ਹੈ ਅਤੇ ਅਗਲੇ ਪੜਾਅ 'ਤੇ ਪਾਣੀ ਨੂੰ ਸਟੋਰ ਕੀਤਾ ਜਾਂਦਾ ਹੈ। ਫਿਰ ਇਸ ਨੂੰ ਸਾਫ਼ ਕੀਤਾ ਜਾਂਦਾ ਹੈ ਅਤੇ ਫਿਰ ਸਰੋਵਰ ਤੱਕ ਪਹੁੰਚਦਾ ਹੈ। ਆਓ ਜਾਣਦੇ ਹਾਂ ਇਹ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਇਹ ਹੰਸਲੀ ਦਾ ਇਤਹਾਸ ਇਹ ਹੈ ਕਿ ਇਸ ਹੰਸਲੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਲ ਜਾਂਦਾ ਹੈ। ਬੜੇ ਲੰਮੇ ਸਮੇਂ ਤੋਂ ਸੰਤ ਮਹਾਂਪੁਰਸ਼ਾਂ ਦਾ ਉਪਰਾਲਾ ਸੀ ਅਤੇ ਇਹ ਵਿਰਾਸਤੀ ਨਹਿਰ ਹੈ, ਇਹ ਜਲ ਪਵਿੱਤਰ ਸਰੋਵਰਾਂ ਨੂੰ ਜਾਂਦਾ ਹੈ।
ਇੱਥੋ ਪੈਦਾ ਕੀਤੀ ਸੀ ਬਿਜਲੀ: ਸਰਬਜੀਤ ਨੇ ਕਿਹਾ ਕਿ ਇਸੇ ਹੰਸਲੀ ਉੱਤੇ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁੱਲ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਸੀ, ਇੱਥੋਂ ਥੋੜਾ ਦੂਰ ਜਾਈਏ ਤੇ ਦੁਰਗਿਆਣਾ ਮੰਦਰ ਨੂੰ ਵੀ ਇੱਥੋਂ ਹੀ ਜਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿੰਨੇ ਜਲ ਦੀ ਜ਼ਰੂਰਤ ਹੁੰਦੀ ਹੈ, ਐਸਜੀਪੀਸੀ ਵੱਲੋਂ ਇਸ ਨੂੰ ਸਟੋਰ ਕੀਤਾ ਜਾਂਦਾ ਹੈ। ਇਸ ਤੋਂ ਅੱਗੇ ਘਿਓ ਮੰਡੀ ਇਹ ਜਲ ਪਹੁੰਚਦਾ ਹੈ ਤੇ ਉਸ ਤੋਂ ਅੱਗੇ ਪੰਜ ਸਰੋਵਰਾਂ- ਰਾਮਸਰ, ਕੋਲਸਰ, ਵਿਵੇਕਸਰ, ਸੰਤੋਖਸਰ ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਹੈ। ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਹੰਸਲੀ ਦੀ ਸਫਾਈ ਕਰਵਾਈ ਜਾ ਰਹੀ ਹੈ। ਇਸ ਦੀ ਸਫਾਈ ਦੇ ਲਈ ਮਨਰੇਗਾ ਕੋਲੋਂ 20 ਲੱਖ ਰੁਪਏ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਪਾਸ ਕਰਵਾਏ ਗਏ ਹਨ।
ਲੋਕਾਂ ਨੂੰ ਹੱਥ ਜੋੜ ਅਪੀਲ: ਸਰਬਜੀਤ ਸਿੰਘ ਨੇ ਕਿਹਾ ਕਿ ਜਦੋਂ ਮੀਡੀਆ ਦੇ ਧਿਆਨ ਵਿੱਚ ਆਇਆ ਤਾਂ ਉਸ ਤੋਂ ਬਾਅਦ ਇਸ ਦੀ ਸਫਾਈ ਦਾ ਅਭਿਆਸ ਸ਼ੁਰੂ ਕੀਤਾ ਗਿਆ। ਹੁਣ ਇਸ ਦੀ ਸੇਵਾ ਅਸੀਂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਲੋਕ ਜਾਦੂ ਟੂਣੇ ਕਰ ਕੇ ਇਸ ਜਲ ਨੂੰ ਖਰਾਬ ਕਰ ਰਹੇ ਹਨ ਤੇ ਕਈ ਲੋਕ ਇਸ ਪਵਿੱਤਰ ਜਲ ਨੂੰ ਦੂਸ਼ਿਤ ਵੀ ਕਰ ਰਹੇ ਹਨ। ਆਪਣੇ ਘਰੋਂ ਜਲ ਵਿੱਚ ਚੀਜ਼ਾਂ ਲਿਆ ਕੇ ਇੱਥੇ ਸੁੱਟਦੇ ਹਨ, ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਜਲ ਦੀ ਸਾਡੇ ਜੀਵਨ ਵਿੱਚ ਬਹੁਤ ਵੱਡੀ ਦੇਣ ਹੈ। ਗੁਰੂਆਂ ਨੇ ਵੀ ਕਿਹਾ ਹੈ ਕਿ ਸਾਨੂੰ ਪਾਣੀ ਦੀ ਕਦਰ ਕਰਨੀ ਚਾਹੀਦੀ ਹੈ। ਜੇਕਰ ਪਾਣੀ ਤੇ ਬਾਣੀ ਦੀ ਕਦਰ ਕਰਾਂਗੇ ਤਾਂ ਹੀ ਸਾਡਾ ਜੀਵਨ ਠੀਕ ਰਹੇਗਾ। ਉਨ੍ਹਾਂ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ ਪਵਿੱਤਰ ਸਰੋਵਰਾਂ ਦਾ ਪਾਣੀ ਖਰਾਬ ਨਾ ਕੀਤਾ ਜਾਵੇ ਤੇ ਇੱਥੇ ਗੰਦਗੀ ਨਾ ਪਾਈ ਜਾਵੇ।