ਅੰਮ੍ਰਿਤਸਰ: ਸ਼ਨੀਵਾਰ ਰਾਤ ਨੂੰ ਇੱਕ ਵਾਰ ਫਿਰ ਅਮਰੀਕਾ ਵੱਲੋਂ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ। ਇਨ੍ਹਾਂ ਡਿਪੋਰਟ ਹੋਣ ਵਾਲੇ ਨੌਜਵਾਨਾਂ ਵਿੱਚ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਪਿੰਡ ਭੁੱਲਰ ਦਾ ਵੀ ਇੱਕ ਨੌਜਵਾਨ ਗੁਰਜਿੰਦਰ ਸ਼ਾਮਿਲ ਹੈ, ਜੋ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਮਕਸਦ ਨਾਲ ਰੋਜ਼ੀ ਰੋਟੀ ਲਈ ਅਮਰੀਕਾ ਗਿਆ ਸੀ। ਗੁਰਜਿੰਦਰ ਘਰੋਂ ਤਕਰੀਬਨ ਇੱਕ ਸਾਲ ਪਹਿਲਾਂ ਅਮਰੀਕਾ ਲਈ ਰਵਾਨਾ ਹੋਇਆ ਸੀ ਹਾਲੇ ਮਹਿਜ਼ 15 ਦਿਨ ਪਹਿਲਾਂ ਹੀ ਅਮਰੀਕਾ ਪਹੁੰਚਿਆ ਸੀ ਕਿ ਅਮਰੀਕਾ ਨੇ ਡਿਪੋਰਟ ਕਰ ਵਾਪਸ ਭਾਰਤ ਭੇਜ ਦਿੱਤਾ।
ਘਰ ਦੇ ਹਲਾਤ ਬਹੁਤ ਮਾੜੇ
ਗੁਰਜਿੰਦਰ ਦੇ ਜੇਕਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ 'ਚ ਵਿਧਵਾ ਮਾਂ ਅਤੇ 2 ਭੈਣਾਂ ਹਨ ਜਦਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਦੇ ਘਰ ਦੇ ਹਲਾਤ ਬਹੁਤ ਮਾੜੇ ਹਨ। ਗੁਰਜਿੰਦਰ ਨੇ ਆਪਣੇ ਇੰਨ੍ਹਾਂ ਹਲਾਤਾਂ ਨੂੰ ਸੁਧਾਰਨ ਲਈ ਵੀ ਵਿਦੇਸ਼ ਦਾ ਰੁਖ ਕੀਤਾ ਸੀ। ਇੱਥੇ ਹੀ ਬਸ ਨਹੀਂ ਗੁਰਜਿੰਦਰ ਮਹਿਜ਼ ਇੱਕ ਏਕੜ ਜ਼ਮੀਨ ਦਾ ਮਾਲਕ ਸੀ, ਉਸ ਨੇ ਟਰੈਵਲ ਏਜੰਟ ਨੂੰ ਆਪਣੀ ਜ਼ਮੀਨ ਵੇਚ ਦਿੱਤੀ। ਫਿਰ ਵੀ ਪੈਸੇ ਪੂਰੇ ਨਹੀਂ ਹੋਏ ਤਾਂ ਰਿਸ਼ਤੇਦਾਰਾਂ ਅਤੇ ਯਾਰਾਂ ਮਿੱਤਰਾਂ ਨੂੰ ਇਕੱਠੇ ਕਰ 50 ਲੱਖ ਪੂਰਾ ਕੀਤਾ ਸੀ।
ਖੁਸ਼ੀ ਮਨਾਈਏ ਜਾਂ ਦੁੱਖ
ਗੁਰਜਿੰਦਰ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਪੁੱਤ ਦੇ ਘਰ ਵਾਪਸ ਆਉਣ ਦੀ ਖੁਸ਼ੀ ਮਨਾਈਏ ਜਾਂ ਫਿਰ ਕਰਜੇ ਹੇਠ ਆਉਣ ਦਾ ਦੁੱਖ ਮਨਾਈਏ। ਹੁਣ ਪੀੜਤ ਪਰਿਵਾਰ ਵੱਲੋਂ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਉਹਨ੍ਹਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕੀਤਾ ਜਾ ਸਕੇ।