ਮਾਨਸਾ: ਬੁਢਲਾਡਾ ਵਿਖੇ ਅੱਜ ਬਦਮਾਸ਼ਾਂ ਅਤੇ ਪੁਲਿਸ ਵਿਚਕਾਰ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਬਦਮਾਸ਼ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਫਰਾਰ ਹੋ ਗਏ ਹਨ। ਸੂਤਰਾਂ ਅਨੁਸਾਰ ਬਦਮਾਸ਼ ਬੁਢਲਾਡਾ ਵਿਖੇ ਅੱਜ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਵਿੱਚ ਸਪੋਰਟ ਕਰਨ ਦੇ ਲਈ ਪਹੁੰਚੇ ਸਨ, ਜਿਨਾਂ ਦਾ ਏਜੀਟੀਐਫ ਚੰਡੀਗੜ੍ਹ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ। ਹਾਲਾਂਕਿ ਪ੍ਰਧਾਨਗੀ ਦੇ ਮਸਲੇ 'ਚ ਸ਼ਮੂਲੀਅਤ ਤੋਂ ਪੁਲਿਸ ਨੇ ਇਨਕਾਰ ਕੀਤਾ ਹੈ।
ਪੁਲਿਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ
ਦੱਸ ਦੇਈਏ ਕਿ ਬੁਢਲਾਡਾ ਦੇ ਵਿੱਚ ਅੱਜ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਕੀਤੀ ਜਾ ਰਹੀ ਸੀ, ਜਿਸ ਦੇ ਵਿੱਚ ਕੁਝ ਬਦਮਾਸ਼ ਸ਼ਾਮਿਲ ਹੋਏ ਸਨ। ਜਿਨਾਂ ਦਾ ਏਜੀਟੀਐਫ ਚੰਡੀਗੜ੍ਹ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ। ਏਜੀਟੀਐਫ ਵੱਲੋਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬੁਢਲਾਡਾ ਅੱਡੇ 'ਤੇ ਗੁਰੂ ਨਾਨਕ ਕਾਲਜ ਦੇ ਨਜ਼ਦੀਕ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਫਾਇਰਿੰਗ ਕਰਦੇ ਹੋਏ ਬਦਮਾਸ਼ ਫ਼ਰਾਰ ਹੋ ਗਏ ਹਨ।
ਬਦਮਾਸ਼ਾਂ ਨੇ ਪੁਲਿਸ ਦੀ ਗੱਡੀ 'ਚ ਮਾਰੀ ਗੱਡੀ
ਉਧਰ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਤੇਜ਼ ਰਫਤਾਰ ਗੱਡੀ ਦੇ ਵਿੱਚ ਟੱਕਰ ਮਾਰ ਕੇ ਫਾਇਰਿੰਗ ਕਰਦੇ ਹੋਏ ਫ਼ਰਾਰ ਹੋ ਗਏ ਹਨ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਉਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਗੱਡੀ ਤੇਜ਼ ਰਫਤਾਰ ਹੋਣ ਦੇ ਚੱਲਦਿਆਂ ਪੁਲਿਸ ਤੋਂ ਬਚ ਕੇ ਬਦਮਾਸ਼ ਨਿਕਲਣ ਵਿਚ ਕਾਮਯਾਬ ਹੋ ਗਏ।
ਪੁਲਿਸ 'ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
ਉਧਰ ਜਦੋਂ ਮੌਕੇ 'ਤੇ ਪੱਤਰਕਾਰਾਂ ਵਲੋਂ ਇਸ ਮਾਮਲੇ ਵਿੱਚ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਹਾਲਾਂਕਿ ਬਾਅਦ 'ਚ ਡੀਐਸਪੀ ਬੁਢਲਾਡਾ ਗਮਦੂਰ ਸਿੰਘ ਵਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਕਾਲਜ ਦੇ ਨੇੜੇ ਪੁਲਿਸ ਵਲੋਂ ਸ਼ੱਕੀ ਅਨਸਰਾਂ ਦੀ ਭਾਲ ਲਈ ਨਾਕਾਬੰਦੀ ਕੀਤੀ ਗਈ ਸੀ। ਜਿਸ 'ਚ ਇੱਕ ਗੱਡੀ ਆਈ ਤੇ ਉਸ ਵਲੋਂ ਪੁਲਿਸ ਮੁਲਾਜ਼ਮਾਂ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ।
ਗੱਡੀ 'ਚ ਸਵਾਰ ਸਨ ਇਹ ਮੁਲਜ਼ਮ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵਲੋਂ ਉਸ ਗੱਡੀ ਦਾ ਪਿੱਛਾ ਕੀਤਾ ਗਿਆ, ਜਿਸ 'ਚ ਮੁਲਜ਼ਮਾਂ ਵਲੋਂ ਜਿਥੇ ਪੁਲਿਸ ਦੀ ਗੱਡੀ 'ਚ ਗੱਡੀ ਮਾਰੀ ਗਈ ਤਾਂ ਉਥੇ ਹੀ ਪੁਲਿਸ 'ਤੇ ਗੋਲੀਆਂ ਵੀ ਚਲਾਈਆਂ ਗਈਆਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਪਰ ਮੁਲਜ਼ਮ ਮੌਕੇ ਤੋਂ ਗੱਡੀ ਭਜਾ ਕੇ ਨਿਕਲਣ 'ਚ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਹਰਜੀਵਨ ਸਿੰਘ ਜੱਸਾ ਨਾਨਕਸਰੀਆ, ਹਰਪਾਲ ਸਿੰਘ ਉਰਫ਼ ਬੱਬੂ ਧਲੇਮਾ, ਸੁੱਖੀ ਅਤਲਾ, ਗੋਲੂ ਹਰਜਿੰਦਰ ਸਿੰਘ ਤਖਤਮੱਲ ਗੱਡੀ 'ਚ ਸਵਾਰ ਸਨ, ਜਿਨ੍ਹਾਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।