ਲੁਧਿਆਣਾ: ਸ਼ਹਿਰ ਲੁਧਿਆਣਾ ਮੈਕ ਦੇ ਵਿਦਿਆਰਥੀਆਂ ਵੱਲੋਂ ਮੁੰਬਈ ਦੇ ਵਿੱਚ ਬੀਤੇ ਦਿਨੀਂ ਹੋਏ ਥ੍ਰੀ ਡੀ ਗ੍ਰਾਫਿਕਸ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਕੇ ਸਨਮਾਨ ਹਾਸਿਲ ਕੀਤਾ ਗਿਆ ਹੈ। ਉਹਨਾਂ ਨੂੰ ਐਵਾਰਡ ਮਿਲਿਆ ਹੈ, ਜਿਸ ਦੀ ਚਰਚੇ ਚਾਰੇ ਪਾਸੇ ਹੋ ਰਹੇ ਹਨ। ਇਹਨਾਂ ਵਿਦਿਆਰਥੀਆਂ ਵੱਲੋਂ ਹੋਟਲ ਟਰਾਂਸਿਲਵੇਨੀਆ ਐਨੀਮੇਸ਼ਨ ਫਿਲਮ ਦਾ ਇੱਕ ਕਲਿੱਪ ਤਿਆਰ ਕੀਤਾ ਗਿਆ ਸੀ ਜੋ ਕਿ ਹੂਬਹੂ ਫਿਲਮ ਦੇ ਸੀਨ ਨਾਲ ਮਿਲਦਾ ਜੁਲਦਾ ਸੀ। ਇਹ ਪੂਰਾ ਕਲਿੱਪ ਤਿਆਰ ਕਰਨ ਲਈ ਐਨੀਮੇਸ਼ਨ ਦੇ ਵਿਦਿਆਰਥੀਆਂ ਨੂੰ ਤਿੰਨ ਮਹੀਨੇ ਦਾ ਸਮਾਂ ਲੱਗ ਗਿਆ ਅਤੇ ਤਿੰਨ ਮਹੀਨੇ ਦੀ ਮਿਹਨਤ ਤੋਂ ਬਾਅਦ ਉਹਨਾਂ ਨੇ ਇਹ ਸਨਮਾਨ ਹਾਸਿਲ ਕੀਤਾ ਹੈ। ਜਿਸ ਨੂੰ ਲੈ ਕੇ ਉਹਨਾਂ ਦੇ ਇੰਸਟੀਟਿਊਟ ਦੇ ਪ੍ਰਬੰਧਕਾਂ ਅਤੇ ਮਾਪਿਆਂ ਨੇ ਖੁਸ਼ੀ ਜਾਹਿਰ ਕੀਤੀ ਹੈ।
ਮੁੰਬਈ 'ਚ ਵਿਦਿਆਰਥੀਆਂ ਨੇ ਜਿੱਤਿਆ ਐਵਾਰਡ: ਇਸ ਦੌਰਾਨ ਮੀਡੀਆ ਨੂੰ ਵਿਦਿਆਰਥੀਆਂ ਵੱਲੋਂ ਬਣਾਇਆ ਗਿਆ ਕਲਿੱਪ ਵੀ ਵਿਖਾਇਆ ਗਿਆ, ਜਿਸ ਨੇ ਇਹ ਐਵਾਰਡ ਹਾਸਲ ਕੀਤਾ ਹੈ। ਇਸ ਦੌਰਾਨ ਨੈਸ਼ਨਲ ਹੈਡਮੈਕ ਦੇ ਅਮਿਤ ਦੁਆ ਨੇ ਕਿਹਾ ਕਿ ਏਆਈ ਦੀ ਵਰਤੋਂ ਦੇ ਨਾਲ ਅਸੀਂ ਨਵੇਂ ਕੋਰਸਾਂ ਦੀ ਵੀ ਸ਼ੁਰੂਆਤ ਕੀਤੀ ਹੈ। ਉਹਨਾਂ ਕਿਹਾ ਕਿ ਆਉਣ ਵਾਲਾ ਸਮਾਂ ਏਆਈ ਦਾ ਹੈ ਅਤੇ ਇਸ ਦੀ ਵਰਤੋਂ ਆਉਣੀ ਬੇਹਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦਾ ਐਨੀਮੇਸ਼ਨ ਦੇ ਵਿੱਚ ਸੁਨਹਿਰਾ ਭਵਿੱਖ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਜੋ ਫਿਲਮਾਂ ਬਣਦੀਆਂ ਹਨ, ਉਹਨਾਂ ਦਾ ਬਜਟ ਬਹੁਤ ਵੱਡਾ ਹੁੰਦਾ ਹੈ ਜਿਸ ਕਰਕੇ ਪੂਰੇ ਵਿਸ਼ਵ ਦੇ ਵਿੱਚ ਉਹ ਰਿਲੀਜ਼ ਹੁੰਦੀਆਂ ਹਨ ਅਤੇ ਵੱਡਾ ਮੁਨਾਫਾ ਵੀ ਕਮਾਉਂਦੀਆਂ ਹਨ। ਪਰ ਭਾਰਤ ਦੇ ਵਿੱਚ ਵੀ ਐਨੀਮੇਸ਼ਨ ਫਿਲਮਾਂ ਹੁਣ ਕਾਮਯਾਬ ਹੋ ਰਹੀਆਂ ਹਨ ਅਤੇ ਸਾਨੂੰ ਉਮੀਦ ਹੈ, ਆਉਂਦੇ ਸਮੇਂ ਦੇ ਵਿੱਚ ਹੋਰ ਇਸਦਾ ਭਵਿੱਖ ਬਣੇਗਾ।
ਕਈ ਫਿਲਮਾਂ 'ਚ ਕੰਮ ਕਰ ਚੁੱਕੇ ਵਿਦਿਆਰਥੀ: ਇਸ ਦੌਰਾਨ ਮੈਕ ਦੀ ਪ੍ਰਬੰਧਕ ਨੇ ਦੱਸਿਆ ਕਿ ਉਹਨਾਂ ਦੇ ਵਿਦਿਆਰਥੀ ਪਹਿਲਾਂ ਹੀ ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਵਿੱਚ ਬਣੀਆਂ ਕਈ ਐਨੀਮੇਸ਼ਨ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਹਨ। ਜਿਨਾਂ ਦੇ ਵਿੱਚ ਚਾਰ ਸਾਹਿਬਜ਼ਾਦੇ ਅਤੇ ਮਸਤਾਨੇ ਫਿਲਮ ਵੀ ਸ਼ਾਮਿਲ ਹੈ। ਉਹਨਾਂ ਕਿਹਾ ਕਿ ਸਾਡੇ ਵਿਦਿਆਰਥੀ ਇਹਨਾਂ ਫਿਲਮਾਂ ਦੇ ਵਿੱਚ ਐਨੀਮੇਸ਼ਨ ਵਰਕ ਦਾ ਹਿੱਸਾ ਰਹੇ ਹਨ। ਇਥੋਂ ਤੱਕ ਕਿ Avenger ਵਰਗੀਆਂ ਫਿਲਮਾਂ ਦੇ ਵਿੱਚ ਵੀ ਉਹਨਾਂ ਦੇ ਵਿਦਿਆਰਥੀ ਆਪਣਾ ਯੋਗਦਾਨ ਪਾ ਰਹੇ ਹਨ।
ਬੱਚਿਆਂ 'ਤੇ ਮਾਪਿਆਂ ਨੂੰ ਮਾਣ: ਦੂਜੇ ਪਾਸੇ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਅਕਸਰ ਹੀ ਮਾਪਿਆਂ ਨੂੰ ਇਹ ਕਾਫੀ ਚਿੰਤਾ ਹੁੰਦੀ ਹੈ, ਜਦੋਂ ਉਹਨਾਂ ਦਾ ਬੱਚਾ ਬਾਰ੍ਹਵੀਂ ਜਮਾਤ ਪਾਸ ਕਰ ਲੈਂਦਾ ਹੈ ਤਾਂ ਉਸ ਤੋਂ ਬਾਅਦ ਉਹ ਕਿਸ ਖੇਤਰ ਦੇ ਵਿੱਚ ਜਾਵੇ ਅਤੇ ਕਿਸ ਖੇਤਰ ਦੇ ਵਿੱਚ ਕੰਮ ਕਰੇ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਐਨੀਮੇਸ਼ਨ ਵੱਲ ਲਗਾਇਆ ਸੀ ਅਤੇ ਹੁਣ ਉਹਨਾਂ ਦੇ ਬੇਟੇ ਨੇ ਇੱਕ ਨਵਾਂ ਕਿਰਤੀਮਾਨ ਸਥਾਪਿਤ ਕੀਤਾ ਹੈ। ਉਹ ਉਸ ਟੀਮ ਦਾ ਹਿੱਸਾ ਰਿਹਾ ਹੈ, ਜਿਨਾਂ ਵੱਲੋਂ ਮੁੰਬਈ ਦੇ ਵਿੱਚ ਹੋਏ ਐਨੀਮੇਸ਼ਨ ਕਲਿੱਪ ਮੁਕਾਬਲਿਆਂ ਦੇ ਅੰਦਰ ਐਵਰਡ ਹਾਸਿਲ ਕੀਤਾ ਹੈ।