ਲੁਧਿਆਣਾ: ਸ਼ਹਿਰ ਦੀ ਨੀਯਤੀ ਰਾਜ ਵੱਲੋਂ ਇੰਡਿਆ ਬੁੱਕ ਆਫ ਰਿਕਾਰਡ ਵਿੱਚ ਅਪਣਾ ਨਾਮ ਦਰਜ ਕਰਵਾ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਨੀਯਤੀ ਲੁਧਿਆਣਾ ਦੇ ਬੀਆਰਐਸ ਨਗਰ ਡੀਏਵੀ ਸਕੂਲ ਦੀ ਤੀਜੀ ਜਮਾਤ ਦੀ ਵਿਦਿਆਰਥਣ ਹੈ। ਉਸ ਨੇ ਆਨਲਾਈਨ ਹੀ ਇਸ ਪ੍ਰੀਖਿਆ ਵਿੱਚ ਹਿੱਸਾ ਲਿਆ ਸੀ ਅਤੇ 3 ਮਿੰਟਾਂ ਵਿੱਚ ਉਸ ਨੇ 50 ਤੋਂ ਵੱਧ ਸਰੀਰਕ ਅੰਗਾਂ ਦੇ ਨਾਮ ਬੋਲ ਕੇ ਇਹ ਮਾਣ ਹਾਸਿਲ ਕੀਤਾ ਹੈ। ਹੁਣ ਉਹ ਲਿਮਕਾ ਬੁੱਕ ਆਫ ਰਿਕਾਰਡ ਦੀ ਤਿਆਰੀ ਕਰ ਰਹੀ ਹੈ। ਉਸ ਦਾ ਸੁਪਨਾ ਹੈ ਕਿ ਉਹ ਵੱਡੀ ਹੋਕੇ ਡਾਕਟਰ ਬਣੇ ਅਤੇ ਲੋਕਾਂ ਦੀ ਸੇਵਾ ਕਰੇ।
ਪਰਿਵਾਰ ਵਿੱਚ ਖੁਸ਼ੀ: ਨੀਯਤੀ ਦੇ ਪਰਿਵਾਰਕ ਮੈਂਬਰ ਉਸ ਦੀ ਇਸ ਉਪਲਬਧੀ ਤੋਂ ਕਾਫੀ ਖੁਸ਼ ਨੇ ਅਤੇ ਰਿਸ਼ਤੇਦਾਰ ਉਸ ਨੂੰ ਵਧਾਈਆਂ ਦੇ ਰਹੇ ਹਨ। ਉਸ ਦੇ ਮਾਤਾ ਪਿਤਾ ਦੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸ਼ੁਰੂ ਤੋਂ ਹੀ ਕਾਫੀ ਹੁਸ਼ਿਆਰ ਹੈ ਅਤੇ ਪੜ੍ਹਾਈ ਵਿੱਚ ਉਸ ਦਾ ਕਾਫੀ ਦਿਲ ਲੱਗਦਾ ਹੈ। ਹੋਰ ਵੀ ਕਈ ਮੁਕਾਬਲਿਆਂ ਦੇ ਵਿੱਚ ਉਹ ਹਿੱਸਾ ਲੈ ਕੇ ਇਹ ਮੁਕਾਮ ਹਾਸਿਲ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੇਟੀ ਦੀ ਇਸ ਉਪਲਬਧੀ ਕਰਕੇ ਉਨ੍ਹਾਂ ਦਾ ਸਕੂਲ ਵਿੱਚ ਵੀ ਕਾਫੀ ਮਾਣ ਵਧਿਆ ਹੈ। ਨੀਯਤੀ ਨੇ ਦੱਸਿਆ ਉਹ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ। ਉਸ ਦੀਆਂ ਦੋ ਵੱਡੀਆਂ ਭੈਣਾਂ ਵੀ ਹਨ, ਉਹ ਵੀ ਪੜ੍ਹਾਈ ਦੇ ਵਿੱਚ ਕਾਫੀ ਹੁਸ਼ਿਆਰ ਹਨ। ਉਹਨਾਂ ਦੇ ਮਾਤਾ ਪਿਤਾ ਨੇ ਦੱਸਿਆ ਕਿ ਸਾਨੂੰ ਆਪਣੀ ਤਿੰਨੇ ਬੇਟੀਆਂ ਤੇ ਮਾਣ ਹੈ।
ਲਿਮਿਕਾ ਬੁੱਕ ਆਫ ਰਿਕਾਰਡ ਦੀ ਤਿਆਰੀ: ਨੀਯਤੀ ਨੇ ਦੱਸਿਆ ਕਿ ਹੁਣ ਉਸ ਵੱਲੋਂ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਉਹ ਗਿਨਿਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਆਪਣਾ ਨਾਂ ਜਰੂਰ ਇੱਕ ਦਿਨ ਦਰਜ ਕਰਵਾਏਗੀ। ਉਸ ਨੇ ਕਿਹਾ ਕਿ ਉਸ ਲਈ ਵੀ ਉਹ ਲਗਾਤਾਰ ਤਿਆਰੀ ਕਰ ਰਹੀ ਹੈ। ਹਾਲਾਂਕਿ, ਉਹ ਦਿਨ ਵਿੱਚ ਮਹਿਜ਼ ਇੱਕ ਤੋਂ ਡੇਢ ਘੰਟਾ ਹੀ ਪੜ੍ਹਾਈ ਕਰਦੀ ਹੈ, ਪਰ ਉਸ ਦੇ ਮਾਤਾ ਪਿਤਾ ਦੇ ਮੁਤਾਬਿਕ ਉਸ ਦਾ ਦਿਮਾਗ ਸ਼ੁਰੂ ਤੋਂ ਹੀ ਕਾਫੀ ਤੇਜ਼ ਹੈ। ਉਹ ਬਹੁਤ ਹੀ ਜਲਦੀ ਹਰ ਗੱਲ ਨੂੰ ਸਿੱਖ ਲੈਂਦੀ ਹੈ।
ਨੀਯਤੀ ਦੀਆਂ ਦੋ ਹੋਰ ਭੈਣਾਂ ਵੀ ਪੜ੍ਹਾਈ ਵਿੱਚ ਹੁਸ਼ਿਆਰ: ਨੀਯਤੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਸ ਨੂੰ ਪੇਂਟਿੰਗ ਦਾ ਅਤੇ ਮਿਊਜ਼ਿਕ ਦਾ ਵੀ ਕਾਫੀ ਸ਼ੌਂਕ ਹੈ। ਨਰਸਰੀ ਕਲਾਸ ਵਿੱਚ ਹੀ ਉਸ ਨੇ ਸਾ ਰੇ ਗਾ ਮਾ ਪਾ ਧੁੰਨ ਵਜਾਉਣਾ ਸਿੱਖ ਲਿਆ ਸੀ। ਉਹ ਆਪਣੀ ਵੱਡੀਆਂ ਭੈਣਾਂ ਤੋਂ ਬਹੁਤ ਜਲਦੀ ਸਭ ਕੁਝ ਸਿੱਖਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸ ਬੇਟੀ ਦਾ ਜਨਮ ਵੀ ਨਵਰਾਤਰਿਆਂ ਦੇ ਦਿਨਾਂ ਵਿੱਚ ਹੋਇਆ ਸੀ ਜਿਸ ਕਰਕੇ ਉਨ੍ਹਾਂ ਨੂੰ ਇਹ ਮਾਤਾ ਦਾ ਹੀ ਰੂਪ ਲੱਗਦੀ ਹੈ ਅਤੇ ਉਨਾਂ ਦੀਆਂ ਹੋਰ 2 ਬੇਟੀਆਂ ਨੇ ਵੀ ਉਨ੍ਹਾਂ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਦੀਆਂ ਦੂਜੀਆਂ ਬੇਟੀਆਂ ਵੀ ਪੜ੍ਹਾਈ ਵਿੱਚ ਕਾਫੀ ਤੇਜ਼ ਹਨ ਅਤੇ ਸਕੂਲ ਵਿੱਚ ਹਮੇਸ਼ਾ ਹੀ ਅਵਲ ਆਉਂਦੀਆਂ ਹਨ।