ਅੰਮ੍ਰਿਤਸਰ: ਸ਼ੌਂਕ ਦਾ ਕੋਈ ਮੁੱਲ ਨਹੀਂ ! ਆਪਣੇ ਪਿਤਾ ਸੁਖਵੰਤ ਸਿੰਘ ਜੋ ਕਿ ਹਾਕੀ ਦੇ ਹਰਿਆਣਾ ਸਟੇਟ ਖਿਡਾਰੀ ਹਨ, ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚਲਦੇ ਹੋਏ ਅਮਰਪ੍ਰੀਤ ਸਿੰਘ ਨਾਮਕ ਨੌਜਵਾਨ ਅੰਬਾਲਾ ਤੋਂ ਰੋਜ਼ਾਨਾ 20 ਕਿਲੋਮੀਟਰ ਦੌੜਨ ਤੋਂ ਬਾਅਦ ਅੰਮ੍ਰਿਤਸਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚਿਆ ਅਤੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ।
ਸ਼ੌਂਕ 2015 ਤੋਂ ਸ਼ੁਰੂ ਹੋਇਆ
ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਪ੍ਰੀਤ ਨੇ ਦੱਸਿਆ ਕਿ ਉਸ ਦਾ ਇਹ ਸ਼ੌਂਕ 2015 ਤੋਂ ਸ਼ੁਰੂ ਹੋਇਆ ਸੀ ਅਤੇ ਪਿਤਾ ਦੀ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਦਾਦਾ ਦੀ ਬਿਜਲੀ ਬੋਰਡ ਤੋਂ ਮਿਲ ਰਹੀ ਪੈਨਸ਼ਨ ਤੋਂ ਹੁੰਦਾ ਸੀ। ਉਸ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿਹਾ ਕਿ ਜੇਕਰ ਅਸੀਂ ਆਪਣੇ ਧਰਮ ਵਿੱਚ ਪੱਕੇ ਹੋਵਾਂਗੇ, ਤਾਂ ਨਸ਼ਾ ਕੋਈ ਨਹੀ ਕਰੇਗਾ।
ਮੱਥਾ ਟੇਕ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ
ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਦੌੜ 9 ਸਤੰਬਰ ਨੂੰ ਆਪਣੇ ਪਿੰਡ ਤੋਂ ਸ਼ੁਰੂ ਕੀਤੀ ਸੀ। ਜਿਸ ਵਿੱਚ ਉਹ ਰੋਜ਼ਾਨਾ 20 ਕਿਲੋਮੀਟਰ ਦੌੜ ਲਗਾਉਂਦਾ ਸੀ ਅਤੇ ਅੱਜ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਉਸਨੇ ਆਪਣੀ ਦੌੜ ਖ਼ਤਮ ਕੀਤੀ ਹੈ ਅਤੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ ਹੈ। ਅਮਰਪ੍ਰੀਤ ਨੇ ਦੱਸਿਆ ਕਿ 20 ਕਿਲੋਮੀਟਰ ਦੀ ਦੌੜ ਲਈ ਕਰੀਬ ਡੇਢ ਤੋਂ ਦੋ ਘੰਟੇ ਦਾ ਸਮਾਂ ਲੱਗਦਾ ਸੀ। ਨੌਜਵਾਨ ਨੇ ਦੱਸਿਆ ਹੈ ਕਿ ਰਸਤੇ ਵਿੱਚ ਫਤਿਹਗੜ੍ਹ ਸਾਹਿਬ, ਕੋਤਵਾਲ ਸਾਹਿਬ , ਚਮਕੌਰ ਦੀ ਗੜੀ , ਸ੍ਰੀ ਭੱਠਾ ਸਾਹਿਬ, ਬਾਬਾ ਬਚਿੱਤਰ ਸਿੰਘ ਦੇ ਸਥਾਨ 'ਤੇ ਆਦਿ ਥਾਵਾਂ 'ਤੇ ਵੀ ਮੱਥਾ ਟੇਕਿਆ।
ਸਿੱਖ ਕੌਮ ਇੱਕ ਵਿਲੱਖਣ ਕੌਮ
ਜਦੋਂ ਨੌਜਵਾਨ ਨੂੰ ਪੁੱਛਿਆ ਗਿਆ ਕਿ ਇਹ ਦੌੜ ਕਿਉਂ ਲਗਾ ਰਹੇ ਹਨ, ਤਾਂ ਉਸਨੇ ਦੱਸਿਆ ਕਿ ਉਹ ਆਪਣੇ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨਾ ਚਾਹੁੰਦਾ ਹੈ ਅਤੇ ਜਨਤਾ ਨੂੰ ਦੱਸਣਾ ਚਾਹੁੰਦਾ ਹੈ ਕਿ ਸਿੱਖ ਕੌਮ ਇੱਕ ਵਿਲੱਖਣ ਕੌਮ ਹੈ।
ਐਥਲੈਟਿਕਸ ਵਿੱਚ ਜਿੱਤ ਚੁੱਕਾ 6 ਮੈਡਲ
ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਹਰਿਆਣਾ ਸਟੇਟ 6 ਮੈਡਲ ਐਥਲੈਟਿਕਸ ਵਿੱਚ ਜਿੱਤ ਚੁੱਕਿਆ ਹੈ, ਪਰ ਸਰਕਾਰ ਨੇ ਉਨ੍ਹਾਂ ਦੀ ਕੋਈ ਵੀ ਮਦਦ ਨਹੀਂ ਕੀਤੀ। ਜਿਸ ਕਰਕੇ ਉਹ ਆਪਣਾ ਇਹ ਹੁਨਰ ਲੋਕਾਂ ਦੀ ਕਚਹਿਰੀ ਵਿੱਚ ਖੁਦ ਲੈ ਕੇ ਜਾ ਰਿਹਾ ਹੈ।
ਖੇਡ ਦੇ ਜ਼ਰੀਏ ਆਪਣੀ ਸਿੱਖ ਕੌਮ ਦਾ ਪ੍ਰਚਾਰ ਕਰ ਰਿਹਾ
ਨੌਜਵਾਨ ਅਮਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਇੱਕ ਖਿਡਾਰੀ ਹੈ ਅਤੇ ਉਹ ਆਪਣੇ ਖੇਡ ਦੇ ਜ਼ਰੀਏ ਆਪਣੀ ਸਿੱਖ ਕੌਮ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਦੁਨੀਆਂ ਨੂੰ ਦੱਸ ਰਿਹਾ ਕਿ ਸਿੱਖ ਕੌਮ ਦੀਆਂ ਦੁਨੀਆਂ ਵਿੱਚ ਕੀ ਕੁਰਬਾਨੀਆਂ ਹਨ ਅਤੇ ਇਸ ਸਾਰੇ ਸਫਰ ਦੌਰਾਨ ਉਸ ਦਾ ਇੱਕ ਦੋਸਤ ਮੋਟਰਸਾਈਕਲ 'ਤੇ ਉਸ ਦੀ ਵੀਡੀਓ ਵੀ ਬਣਾਉਂਦਾ ਰਿਹਾ ਹੈ।