ਅੰਮ੍ਰਿਤਸਰ: ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਆਯੂਸ਼ਮਾਨ ਕਾਰਡ ਦੀ ਸਹੂਲਤ ਦਿੱਤੀ ਗਈ ਹੈ ਪਰ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਲੋਕਾਂ ਤੋਂ ਆਯੂਸ਼ਮਾਨ ਕਾਰਡ ਬਣਾਉਣ ਦੇ ਬਦਲੇ ਪੈਸੇ ਮੰਗੇ ਗਏ। ਲੋਕਾਂ ਵਿੱਚ ਰੋਸ ਸੀ ਕਿ ਸਰਕਾਰ ਵੱਲੋਂ ਮੁਫਤ ਬਣਾਏ ਜਾ ਰਹੇ ਕਾਰਡਾਂ ਲਈ ਪੈਸੇ ਮੰਗੇ ਜਾ ਰਹੇ ਹਨ। ਉਧਰ ਮੌਕੇ 'ਤੇ ਪਹੁੰਚੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰਾਹੁਲ ਕੁਮਾਰ ਵਲੋਂ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ ਤੇ ਨਾਲ ਹੀ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਗਏ।
ਕਾਂਗਰਸੀ ਆਗੂ ਨੇ ਵਾਪਸ ਕਰਵਾਏ ਪੈਸੇ: ਇਸ ਮੌਕੇ ਜਾਣਕਾਰੀ ਦਿੰਦਿਆ ਰਾਹੁਲ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਹਨਾਂ ਦੇ ਇਲਾਕੇ ਵਿਚ ਕੁਝ ਨੌਜਵਾਨਾਂ ਵਲੋ ਆਯੂਸ਼ਮਾਨ ਕਾਰਡ ਬਣਾਉਣ ਦੇ ਨਾਮ 'ਤੇ ਲੋਕਾਂ ਕੋਲੋਂ ਪੈਸੇ ਲਏ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਇਸ ਸੰਬਧੀ ਆਯੂਸ਼ਮਾਨ ਕਾਰਡ ਬਣਾਉਣ ਆਏ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੋਈ ਸ਼ੰਤੁਸ਼ਟੀ ਜਨਕ ਜਵਾਬ ਨਹੀ ਦੇ ਪਾਏ, ਜਿਸਦੇ ਚੱਲਦੇ ਉਹਨਾਂ ਕੋਲੋਂ ਪੈਸੇ ਵਾਪਸ ਲੈਕੇ ਲੋਕਾਂ ਨੂੰ ਮੋੜੇ ਗਏ ਹਨ। ਇਸ ਦੇ ਨਾਲ ਹੀ ਨੌਜਵਾਨ ਆਗੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦੀ ਫੀਸ ਇੰਨ੍ਹਾਂ ਕਾਰਡਾਂ ਲਈ ਨਹੀਂ ਲਈ ਜਾਂਦੀ ਹੈ। ਇਸ ਲਈ ਕੋਈ ਵੀ ਅਜਿਹੇ ਲੋਕਾਂ ਨੂੰ ਪੈਸੇ ਦੇ ਕੇ ਠੱਗੀ ਦਾ ਸ਼ਿਕਾਰ ਨਾ ਹੋਣ।
ਲੋਕਾਂ ਤੋਂ ਲਏ ਜਾ ਰਹੇ ਸੀ ਕਾਰਡ ਬਣਾਉਣ ਦੇ ਪੈਸੇ: ਉੱਥੇ ਹੀ ਆਯੂਸ਼ਮਾਨ ਕਾਰਡ ਬਣਾਉਣ ਆਈ ਟੀਮ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਸਰਕਾਰ ਵੱਲੋਂ ਨਹੀਂ ਆਏ, ਅਸੀਂ ਕੈਂਪ ਲਗਾਇਆ ਹੈ। ਉਸ ਨੇ ਦੱਸਿਆ ਕਿ ਪ੍ਰਾਈਵੇਟ ਤੌਰ 'ਤੇ ਉਹ ਫਾਰਮ ਭਰਨ ਦੀ ਆਪਣੀ ਫੀਸ ਲੈ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਆਯੂਸ਼ਮਾਨ ਕਾਰਡ ਬਣਾ ਕੇ ਪੀਡੀਐਫ ਦੇ ਰਹੇ ਹਨ। ਕਾਬਿਲੇਗੌਰ ਹੈ ਕਿ ਇੰਨ੍ਹਾਂ ਵਲੋਂ ਲੋਕਾਂ ਤੋਂ ਇੱਕ ਕਾਰਡ ਬਣਾਉਣ ਲਈ 50-100 ਤੋਂ 600 ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਜਿਸ 'ਚ ਕਾਂਗਰਸੀ ਆਗੂ ਦੇ ਦਖਲ ਤੋਂ ਬਾਅਦ ਇਹ ਪੈਸੇ ਵਾਪਸ ਮੋੜੇ ਗਏ ਹਨ।