ਅੰਮ੍ਰਿਤਸਰ: ਮੁਹਾਲੀ ਵਿੱਚ ਸਥਿਤ ਸੀਬੀਆਈ ਅਦਾਲਤ ਨੇ 32 ਸਾਲ ਬਾਅਦ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਸੁਣਾਈ ਹੈ। 1992 ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੇ ਹੀ ਦੋ ਮੁਲਾਜ਼ਮਾਂ ਦਾ ਕਥਿਤ ਫਰਜ਼ੀ ਮੁਕਾਬਲਾ ਬਣਾ ਕੇ ਕਤਲ ਕਰ ਦਿੱਤਾ ਗਿਆ ਸੀ। ਤਿੰਨਾਂ ਦੋਸ਼ੀਆਂ ਨੂੰ ਅਦਾਲਤ ਨੇ ਧਾਰਾ 302 ਅਤੇ 120ਬੀ ਤਹਿਤ ਉਮਰ ਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਅਤੇ ਜੇਲ੍ਹ ਭੇਜ ਦਿੱਤਾ ਗਿਆ।
ਉਮਰਕੈਦ ਦੇ ਨਾਲ ਲੱਖਾਂ ਰੁਪਏ ਦਾ ਜ਼ੁਰਮਾਨਾ
ਅਦਾਲਤ ਨੇ ਥਾਣਾ ਸਿਟੀ ਤਰਨ ਤਾਰਨ ਦੇ ਤਤਕਾਲੀ ਐੱਸਐੱਚਓ ਗੁਰਬਚਨ ਸਿੰਘ, ਏਐੱਸਆਈ ਰੇਸ਼ਮ ਸਿੰਘ ਅਤੇ ਪੁਲਿਸ ਅਧਿਕਾਰੀ ਹੰਸਰਾਜ ਸਿੰਘ ਨੂੰ ਪੁਲਿਸ ਮੁਲਾਜ਼ਮ ਜਗਦੀਪ ਸਿੰਘ ਮੱਖਣ ਅਤੇ ਗੁਰਨਾਮ ਸਿੰਘ ਪਾਲੀ ਦੇ ਕਤਲ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਇਸ ਤੋਂ ਇਲਾਵਾ ਇੱਕ ਪੁਲਿਸ ਅਧਿਕਾਰੀ ਦੀ ਦੌਰਾਨ ਏ ਕੇਸ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਧਾਰਾ 302 ਅਤੇ 120ਬੀ ਤਹਿਤ ਉਮਰ ਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਘਰ ਤੋਂ ਲਿਜਾ ਕੇ ਬਣਾਇਆ ਫਰਜ਼ੀ ਐਨਕਾਊਂਟਰ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲ ਦਾ ਕਹਿਣਾ ਹੈ ਕਿ 1992 ਦੇ ਦੌਰਾਨ ਬਹੁਤ ਸਾਰੇ ਪੁਲਿਸ ਮੁਕਾਬਲਿਆਂ ਵਿੱਚ ਬੇਕਸੂਰ ਨੌਜਵਾਨਾਂ ਦਾ ਕਤਲ ਕੀਤਾ ਗਿਆ ਸੀ ਪਰ ਇਹ ਕਤਲ ਪੁਲਿਸ ਨੇ ਆਪਣੇ ਹੀ ਮਹਿਕਮੇ ਵਿੱਚ ਭਰਤੀ ਹੋਮਗਾਰਡ ਦੇ ਜਵਾਨਾਂ ਦਾ ਕੀਤਾ ਸੀ। ਮ੍ਰਿਤਕ ਨੌਜਵਾਨ ਪਾਲੀ ਦੀ ਭੈਣ ਹਰਬੰਸ ਕੌਰ ਦਾ ਕਹਿਣਾ ਹੈ ਕਿ ਉਸ ਦਾ ਭਰਾ ਸਿਰਫ 21 ਸਾਲ ਦਾ ਸੀ, ਉਹ ਇੱਕ ਸ਼ਾਮ ਡਿਊਟੀ ਤੋਂ ਵਾਪਿਸ ਆਇਆ ਤਾਂ 4 ਪੁਲਿਸ ਮੁਲਾਜ਼ਮ ਉਸ ਨੂੰ ਜ਼ਰੂਰੀ ਕੰਮ ਕਹਿ ਕੇ ਨਾਲ ਲੈ ਗਏ। ਬਾਅਦ ਵਿੱਚ ਜਦੋਂ ਉਹ ਥਾਣੇ ਗਏ ਤਾਂ ਕੁੱਝ ਵੀ ਪੁਲਿਸ ਨੇ ਸਪੱਸ਼ਟੀਕਰਨ ਨਹੀਂ ਦਿੱਤਾ। ਇਸ ਤੋ ਬਾਅਦ ਅਖਬਾਰ ਰਾਹੀਂ ਫਰਜ਼ੀ ਐਨਕਾਊਂਟਰ ਦੀ ਗੱਲ ਸਾਹਮਣੇ ਆਈ।
ਕੇਸ ਵਾਪਿਸ ਲੈਣ ਲਈ ਪਾਇਆ ਗਿਆ ਦਬਾਅ
ਪਰਿਵਾਰ ਦਾ ਕਹਿਣਾ ਹੈ ਕਿ ਤਰੱਕੀਆਂ ਦੇ ਭੁੱਖੇ ਅਫਸਰਾਂ ਨੇ ਬੇਕਸੂਰਾਂ ਦਾ ਕਤਲ ਕਰਨ ਤੋਂ ਬਾਅਦ ਉਨ੍ਹਾਂ ਉੱਤੇ ਵੀ ਕੇਸ ਵਾਪਿਸ ਲੈਣ ਲਈ ਦਬਾਅ ਪਾਇਆ ਪਰ ਉਹ ਪਿੱਛੇ ਨਹੀਂ ਹਟੇ ਅਤੇ ਹੁਣ 32 ਸਾਲ ਬਾਅਦ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ। ਪਰਿਵਾਰ ਨੇ ਕਿਹਾ ਕਿ ਅਜਿਹੇ ਬੇਰਹਿਮ ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਪਰ ਉਮਰ ਕੈਦ ਹੋਈ ਇਹ ਵੀ ਖੁਸ਼ੀ ਦੀ ਗੱਲ ਹੈ।