ਰੂਪਨਗਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਸਮਾਜ ਸੇਵੀ ਭਾਨਾ ਸਿੱਧੂ ਦੇ ਹੱਕ ਵਿਚ ਨਿੱਤਰੇ ਹਨ। ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਉਨ੍ਹਾਂ ਖਿਲਾਫ਼ ਬੋਲਣ ਵਾਲੀ ਹਰ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਚੰਨੀ ਨੇ ਕਿਹਾ ਕਿ ਇਸ ਦੇ ਤਹਿਤ ਹੀ ਭਾਨਾ ਸਿੱਧੂ ਨੂੰ ਵੀ ਨਿਸ਼ਾਨਾ ਬਣਾ ਕੇ ਕਨੂੰਨੀ ਕਾਰਵਾਈ ਵਿੱਚ ਸਰਕਾਰ ਵਲੋਂ ਉਲਝਾਇਆ ਜਾ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ।
ਸਰਕਾਰ ਖਿਲਾਫ ਬੋਲਿਣ ਵਾਲੇ ਦੀ ਆਵਾਜ਼ ਦਵਾਉਣ ਦੀ ਕੋਸ਼ਿਸ਼: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੱਖਾ ਸਿਧਾਣਾ ਤੇ ਭਾਨਾ ਸਿੱਧੂ ਅਤੇ ਸਰਕਾਰ ਖਿਲਾਫ ਬੋਲਦੇ ਰਾਜਨੀਤਿਕ ਆਗੂਆਂ ਸਮੇਤ ਅਜਿਹੇ ਹੋਰ ਲੋਕਾਂ 'ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਤੇ ਇੱਕ ਪਰਚੇ ਵਿੱਚ ਜ਼ਮਾਨਤ ਹੋਣ ਤੋਂ ਬਾਅਦ ਹੋਰ ਪਰਚੇ ਦਰਜ ਕਰਕੇ ਧੱਕਾ ਕੀਤਾ ਜਾ ਰਿਹਾ ਹੈ। ਚੰਨੀ ਨੇ ਕਿਹਾ ਕਿ ਉਹ ਹਰ ਉਸ ਵਿਅਕਤੀ ਦੇ ਨਾਲ ਖੜੇ ਹਨ, ਜਿਸ ਦੇ ਨਾਲ ਸਰਕਾਰ ਧੱਕੇਸ਼ਾਹੀ ਕਰੇਗੀ ਜਾਂ ਫਿਰ ਕਰ ਰਹੀ ਹੈ।
ਮੁੱਖ ਮੰਤਰੀ ਮਾਨ 'ਤੇ ਵੀ ਸਾਧਿਆ ਨਿਸ਼ਾਨਾ: ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ 26 ਜਨਵਰੀ ਦੇ ਪ੍ਰੋਗਰਾਮ ਦੌਰਾਨ ਆਪਣੇ ਪਰਿਵਾਰ ਵਿੱਚ ਵਾਧਾ ਹੋਣ ਦੀ ਕਹੀ ਗੱਲ 'ਤੇ ਪਹਿਲਾਂ ਤਾਂ ਵਧਾਈ ਦਿੱਤੀ ਗਈ ਤੇ ਫਿਰ ਨਾਲ ਹੀ ਤੰਜ ਕੱਸਦਿਆਂ ਕਿਹਾ ਕਿ ਅਜਿਹੇ ਸਰਕਾਰੀ ਸਮਾਗਮਾਂ ਦੌਰਾਨ ਦੇਸ਼ ਖਾਤਰ ਕੁਰਬਾਨੀਆਂ ਕਰਨ ਵਾਲਿਆਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਸਰਕਾਰ ਅਤੇ ਸੂਬੇ ਦੀਆਂ ਉਪਲੱਬਧੀਆਂ ਦੱਸੀਆਂ ਜਾਂਦੀਆਂ ਹਨ ਨਾ ਕਿ ਆਪਣੇ ਪਰਿਵਾਰ ਦੀਆਂ। ਇਸ ਦੇ ਨਾਲ ਹੀ ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਲਿੰਗ ਦੀ ਜਾਂਚ ਕਰਵਾਉਣਾ ਕਾਫ਼ੀ ਪਹਿਲਾਂ ਤੋਂ ਕਨੂੰਨੀ ਜੁਰਮ ਹੈ ਤੇ ਫਿਰ ਮੁੱਖ ਮੰਤਰੀ ਮਾਨ ਦੇ ਦਿੱਤੇ ਬਿਆਨ ਦੇ ਕੀ ਮਾਈਨੇ ਹਨ।
ਭਾਨਾ ਸਿੱਧੂ 'ਤੇ ਤਿੰਨ ਪਰਚੇ: ਜਿਕਰਯੋਗ ਹੈ ਕਿ ਇਸ ਵਕਤ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਨੇ ਸਿੱਧੂ ਨੂੰ ਲੈ ਕੇ ਰਾਜਨੀਤੀ ਗਰਮਾਈ ਹੋਈ ਹੈ। ਭਾਨੇ ਸਿੱਧੂ 'ਤੇ ਇਸ ਤੋਂ ਪਹਿਲਾਂ ਇੱਕ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਉਸ ਉੱਤੇ ਇੱਕ ਹੋਰ ਮਾਮਲਾ ਦਰਜ ਕਰ ਦਿੱਤਾ ਗਿਆ। ਇਹ ਪਰਚਾ ਚੈਨ ਚੋਰੀ ਕਰਨ ਦਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਫਿਲਹਾਲ ਉਸ ਨੂੰ ਪੁਲਿਸ ਵੱਲੋਂ ਵਰੰਟ 'ਤੇ ਲੈ ਕੇ ਪੁੱਛਕਿਛ ਕੀਤੀ ਜਾ ਰਹੀ ਸੀ ਕਿ ਇਸ ਵਿਚਾਲੇ ਤੀਜਾ ਪਰਚਾ ਅਬੋਹਰ 'ਚ ਦਰਜ ਕਰ ਦਿੱਤਾ ਗਿਆ।