ਅੰਮ੍ਰਿਤਸਰ: ਪਿੱਛਲੇ ਕੁੱਝ ਦਿਨਾਂ ਤੋਂ ਡੇਰਾ ਬਿਆਸ ਕਾਫ਼ੀ ਚਰਚਾ 'ਚ ਹੈ। ਇਸ ਦਾ ਕਾਰਨ ਡੇਰੇ ਦੇ ਨਵੇਂ ਉੱਤਰਅਧਿਕਾਰੀ ਦਾ ਐਲਾਨ ਹੋਣਾ ਹੈ। ਇਸੇ ਐਲਾਨ ਤੋਂ ਬਾਅਦ ਕਰੀਬ 34 ਸਾਲ ਬਾਅਦ ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਸ਼ਰਧਾਲੂਆਂ ਨੂੰ ਸਤੰਬਰ ਦੇ ਪਹਿਲੇ ਭੰਡਾਰੇ ਦੌਰਾਨ ਸਟੇਜ ਦੇ ਉੱਤੇ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕਿਸੇ ਹੋਰ ਦੀ ਗੱਦੀ ਲੱਗੀ ਹੋਈ ਨਜ਼ਰ ਆਈ। ਇਹ ਗੱਦੀ ਕਿਸੇ ਹੋਰ ਦੀ ਨਹੀਂ ਬਲਕਿ ਜਸਦੀਪ ਸਿੰਘ ਗਿੱਲ ਦੀ ਸੀ ਜਿਸ ਤੇ ਉਹ ਬੈਠੇ ਨਜ਼ਰ ਵੀ ਆਏ।
ਕਦੋਂ ਹੋਇਆ ਨਵੇਂ ਵਾਰਿਸ ਦਾ ਐਲਾਨ
ਜਿਕਰਯੋਗ ਹੈ ਕਿ 2 ਸਤੰਬਰ ਨੂੰ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੀ ਗੱਦੀ ਦੇ ਵਾਰਿਸ ਜਸਦੀਪ ਸਿੰਘ ਗਿੱਲ ਦੇ ਨਾਂ ਦਾ ਐਲਾਨ ਕੀਤਾ ਸੀ। ਜਿਸ ਬਾਰੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਟਰੱਸਟ ਨੇ ਦੇਸ਼ ਅਤੇ ਦੁਨੀਆ ਵਿੱਚ ਸਥਿਤ ਡੇਰਾ ਬਿਆਸ ਸਮੂਹ ਸਤਿਸੰਗ ਕੇਂਦਰਾਂ ਨੂੰ ਪੱਤਰ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ
ਡੇਰੇ ਦੇ 2 ਵੱਡੇ ਭੰਡਾਰੇ
ਇਸ ਮਹੀਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਵੱਡੇ ਭੰਡਾਰੇ ਦੇ ਪ੍ਰੋਗਰਾਮ ਹਨ, ਜਿਸ ਵਿੱਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਖੁਦ ਸਤਿਸੰਗ ਕਰ ਰਹੇ ਹਨ। ਇਸ ਦੌਰਾਨ ਅੱਜ ਵੀ ਸਵੇਰੇ ਕਰੀਬ 08.30 ਤੋਂ ਸ਼ੁਰੂ ਹੋ ਕੇ ਲਗਭਗ 09.30 ਵਜੇ ਤੱਕ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਵੱਲੋਂ ਸਤਿਸੰਗ ਕੀਤਾ ਗਿਆ ਹੈ।ਇਸ ਦੇ ਨਾਲ ਹੀ ਅੱਜ ਪਹਿਲੀ ਵਾਰ ਡੇਰਾ ਬਿਆਸ ਵਿਖੇ ਗੱਦੀ ਦੇ ਵਾਰਿਸ ਦੇ ਨਾਮ ਦਾ ਐਲਾਨ ਕਰਨ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਖੁਦ ਸਤਿਸੰਗ ਕਰਕੇ ਸੰਗਤ ਦੇ ਮਨਾਂ ਦੀਆਂ ਸ਼ੰਕਾਵਾਂ ਨੂੰ ਦੂਰ ਕੀਤਾ ਗਿਆ ਅਤੇ ਸਪੱਸ਼ਟ ਕੀਤਾ ਕਿ ਡੇਰਾ ਬਿਆਸ ਦੀ ਗੱਦੀ ਲਈ ਭਵਿੱਖ ਵਿੱਚ ਸਰਦਾਰ ਜਸਦੀਪ ਸਿੰਘ ਗਿੱਲ ਜ਼ਿੰਮੇਵਾਰੀ ਸੰਭਾਲਣਗੇ ਜਦਕਿ ਫਿਲਹਾਲ ਉਹ ਆਪ ਇਸ ਗੱਦੀ 'ਤੇ ਆਪਣੀਆਂ ਸੇਵਾਵਾਂ ਨਿਭਾਉਣਗੇ।ਦੱਸ ਦੇਈਏ ਕਿ ਇਸ ਮਹੀਨੇ ਡੇਰਾ ਬਿਆਸ ਵਿਖੇ 15 ਸਤੰਬਰ ਅਤੇ ਫਿਰ 22 ਸਤੰਬਰ ਨੂੰ ਭੰਡਾਰੇ ਦੇ ਪ੍ਰੋਗਰਾਮ ਹੋਣਗੇ।
ਚੰਨੀ ਪਹੁੰਚੇ ਡੇਰਾ ਬਿਆਸ
ਕਾਬਲੇਜ਼ਿਕਰ ਹੈ ਕਿ ਇਸ ਭੰਡਾਰੇ 'ਚ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਸਵੇਰ ਸਮੇਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਪੁੱਜੇ। ਉਨ੍ਹਾਂ ਨੇ ਡੇਰੇ 'ਚ ਕਰੀਬ ਢਾਈ ਘੰਟੇ ਤੱਕ ਸਮਾਂ ਬਿਤਾਇਆ ਅਤੇ ਡੇਰਾ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ।
ਹਾਈਵੇਅ 'ਤੇ ਲੰਮਾ ਜਾਮ
ਡੇਰਾ ਬਿਆਸ 'ਚ ਸਤੰਬਰ ਮਹੀਨੇ ਦੇ ਪਹਿਲੇ ਭੰਡਾਰੇ ਦੌਰਾਨ ਅਤੇ ਡੇਰਾ ਬਿਆਸ ਵੱਲੋਂ ਆਪਣੇ ਵਾਰਿਸ ਦੇ ਐਲਾਨ ਤੋਂ ਬਾਅਦ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਪੁੱਜੇ । ਇਸ ਦੌਰਾਨ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਦੇ ਉੱਤੇ ਵੱਡੀ ਗਿਣਤੀ ਵਿੱਚ ਵਾਹਨਾਂ ਦੀਆਂ ਕਤਾਰਾਂ ਨਜ਼ਰ ਆਈਆਂ।
- ਡੇਰਾ ਬਿਆਸ ਦੇ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ, ਰੇਲਵੇ ਨੇ ਸ਼ੁਰੂ ਕੀਤੀਆਂ ਦੋ ਸਪੈਸ਼ਲ ਰੇਲਾਂ, ਜਾਣੋ ਕਿਹੜੇ-ਕਿਹੜੇ ਰੂਟ 'ਤੇ ਚੱਲਣੀਆਂ ਰੇਲਾਂ? - dera beas special trains start
- ਮੁੜ ਕਿਉ ਸ਼ੁਰੂ ਹੋਈ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋ ਤੇ ਐਲਾਨੇ ਗਏ ਵਾਰਿਸ ਦੀ ਚਰਚਾ ? - Dera Beas New Chief
- ਡੇਰਾ ਬਿਆਸ ਦਾ ਸਪਸ਼ਟੀਕਰਨ: ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰਾ ਮੁਖੀ - Dera Beas New Head