ਲੁਧਿਆਣਾ: ਦਿਵਾਲੀ ਦੇ ਤਿਉਹਾਰ ਨੂੰ ਲੈ ਕੇ ਅਕਸਰ ਹੀ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਇਜ਼ਾਫਾ ਹੋ ਜਾਂਦਾ। ਪਿਛਲੇ ਸਾਲ 35 ਦੇ ਕਰੀਬ ਫਾਇਰ ਕਾਲ ਜਦੋਂ ਕਿ ਸਾਲ 2022 ਦੇ ਵਿੱਚ 50 ਤੋਂ ਵੱਧ ਫਾਇਰ ਕਾਲ ਦਿਵਾਲੀ ਅਤੇ ਉਸ ਤੋਂ ਇੱਕ ਦਿਨ ਬਾਅਦ ਆਏ ਸਨ। ਇਸ ਵਾਰ ਵੀ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਾਰੇ ਹੀ ਮੁਲਾਜ਼ਮਾਂ ਦੀਆਂ ਛੁੱਟੀਆਂ 3 ਨਵੰਬਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਦਿਵਾਲੀ ਦਫਤਰ ਦੇ ਵਿੱਚ ਹੀ ਮਨਾਉਣਗੇ, ਇੰਨਾ ਹੀ ਨਹੀਂ ਕਈ ਅਜਿਹੇ ਵੀ ਮੁਲਾਜ਼ਮ ਹਨ ਜੋ ਪਿਛਲੇ ਕਈ ਕਈ ਸਾਲਾਂ ਤੋਂ ਦਿਵਾਲੀ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਮਨਾਉਂਦੇ ਨੇ ਤਾਂ ਜੋ ਲੋਕਾਂ ਦੀ ਸੁਰੱਖਿਆ ਦੇ ਵਿੱਚ ਉਹ 24 ਘੰਟੇ ਤਾਇਨਾਤ ਰਹਿ ਸਕਣ।
ਸੈਂਟਰ ਪੁਆਇੰਟ ਬਣਾਏ ਗਏ
ਲੁਧਿਆਣਾ ਅਸਿਸਟੈਂਟ ਫਾਇਰ ਡਿਵੀਜ਼ਨਲ ਅਫਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਪਟਾਕਿਆਂ ਦੀਆਂ ਮਾਰਕੀਟ ਲੱਗੀਆਂ ਹਨ ਉੱਥੇ ਵਿਸ਼ੇਸ਼ ਤੌਰ ਉੱਤੇ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਮਾਡਲ ਟਾਊਨ ਅਤੇ ਦੁਗਰੀ ਇਲਾਕੇ ਦੇ ਵਿੱਚ ਸੈਂਟਰ ਪੁਆਇੰਟ ਬਣਾਏ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਸੈਂਟਰ ਪੁਆਇੰਟ ਬਣਾ ਕੇ ਗੱਡੀਆਂ ਤਾਇਨਾਤ ਰੱਖੀਆਂ ਜਾਣਗੀਆਂ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਸਮੇਂ ਤੁਰੰਤ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚ ਸਕੇ ਅਤੇ ਘੱਟ ਤੋਂ ਘੱਟ ਟਾਈਮ ਦੇ ਵਿੱਚ ਅੱਗ ਉੱਤੇ ਕਾਬੂ ਪਾ ਸਕੇ।
ਪੂਰੀ ਤਿਆਰੀ ਵਿਭਾਗ ਵੱਲੋਂ
ਫਾਇਰ ਅਫਸਰ ਮਨਿੰਦਰ ਸਿੰਘ ਨੇ ਕਿਹਾ ਕਿ ਸਾਡੇ ਕਈ ਮੁਲਾਜ਼ਮ ਪਿਛਲੇ ਕਈ ਕਈ ਸਾਲਾਂ ਤੋਂ ਦਫਤਰ ਦੇ ਵਿੱਚ ਹੀ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਦਿਵਾਲੀ ਦਾ ਤਿਉਹਾਰ ਮਨਾਉਂਦੇ ਹਨ ਕਿਉਂਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਉਹ ਤਿਆਰ ਬਰ ਤਿਆਰ ਰਹਿੰਦੇ ਹਨ। ਉਹਨਾਂ ਦੱਸਿਆ ਕਿ ਸਾਡੇ ਕੋਲ ਵਿਸ਼ੇਸ਼ ਫਾਇਰ ਬ੍ਰਿਗੇਡ ਵੀ ਸ਼ਾਮਿਲ ਹੈ ਜਿਸ ਦੀ ਕੀਮਤ 13 ਕਰੋੜ ਰੁਪਏ ਹੈ ਇਹ ਪੰਜਾਬ ਦੀ ਪਹਿਲੀ ਅਜਿਹੀ ਹਾਈਡਰੋਲਿਕ ਲੈਡਰ ਵਾਲੀ ਫਾਈਲ ਬ੍ਰਿਗੇਡ ਦੀ ਗੱਡੀ ਹੈ ਜਿਸ ਦੀ ਪੌੜੀ ਦੀ ਲੰਬਾਈ 50 ਮੀਟਰ ਤੋਂ ਉੱਤੇ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਸਾਡੀਆਂ ਗੱਡੀਆਂ ਤਿਆਰ ਹਨ ਅਤੇ ਲਗਾਤਾਰ ਅਸੀਂ ਉਹਨਾਂ ਦੀ ਚੈਕਿੰਗ ਆਦ ਵੀ ਕਰ ਰਹੇ ਹਨ।