ਫਤਿਹਗੜ੍ਹ ਸਾਹਿਬ : ਸੂਬੇ 'ਚ ਵੱਧ ਰਹੇ ਅਪਰਾਧ ਦੇ ਚੱਲਦਿਆਂ ਪੁਲਿਸ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ। ਇਸ ਹੀ ਤਹਿਤ ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਮਾਮਲਿਆਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹਨਾਂ ਵਿੱਚ ਇੱਕ ਵਿਅਕਤੀ ਤੋਂ ਚੈਕਿੰਗ ਦੌਰਾਨ ਦੋ 32 ਬੋਰ ਦੇ ਪਿਸਟਲ ਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ। ਉਥੇ ਹੀ ਦੋ ਵਿਅਕਤੀਆਂ ਨੂੰ 300 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਅਤੇ ਤਿੰਨ ਵਿਅਕਤੀਆਂ ਨੂੰ 5 ਕਿਲੋ ਗ੍ਰਾਮ ਅਫੀਮ ਸਮੇਤ ਗਿਰਫ਼ਤਾਰ ਕੀਤਾ ਹੈ।
ਪਹਿਲਾਂ ਵੀ ਦਰਜ ਹਨ ਡਕੈਤੀ ਦੇ ਮਾਮਲੇ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਤਿਹਗੜ੍ਹ ਸਾਹਿਬ ਦੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਡਾ.ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਦੋ 32 ਬੋਰ ਦੇ ਪਿਸਟਲ ਅਤੇ 10 ਜ਼ਿੰਦਾ ਕਾਰਤੂਸਾਂ ਸਮੇਤ ਨਾਕੇ ਬੰਦੀ ਦੌਰਾਨ ਤਰਖਾਣ ਮਾਜਰਾ ਦੇ ਟੀ ਪੁਆਇੰਟ ਤੋਂ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਹਿਚਾਣ ਜੈਮਸ ਦੇ ਤੌਰ ‘ਤੇ ਹੋਈ ਹੈ ਜੋ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਅਲੀਪੁਰ ਸੰਦਲ ਦਾ ਰਹਿਣ ਵਾਲਾ ਹੈ। ਜਿਸ ਦੇ ਖਿਲਾਫ਼ ਪਹਿਲਾਂ ਵੀ ਡਕੈਤੀ ਦਾ ਮਾਮਲਾ ਦਰਜ ਹੈ। ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਅਸਲਾ ਕਿੱਥੋਂ ਲੈ ਕੇ ਆਇਆ ਸੀ।
300 ਗ੍ਰਾਮ ਹੈਰੋਇਨ ਬਰਾਮਦ : ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਸਰਹਿੰਦ ਸੀਆਈਏ ਸਟਾਫ ਦੀ ਟੀਮ ਵੱਲੋਂ ਦੋ ਵਿਅਕਤੀਆਂ ਤੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਹਨਾਂ ਦੀ ਪਹਿਚਾਣ ਸੋਮਾ ਸਿੰਘ ਵਾਸੀ ਪਿੰਡ ਪੂਨੀਵਾਲ ਜਿਲਾ ਪਟਿਆਲਾ ਤੇ ਅਮਰਜੀਤ ਸਿੰਘ ਵਾਸੀ ਪਿੰਡ ਨੂਰਪੁਰਾ ਜਿਲਾ ਫਤਿਹਗੜ੍ਹ ਸਾਹਿਬ ਦੇ ਤੌਰ ਤੇ ਹੋਈ। ਉਕਤ ਵਿਅਕਤੀਆਂ ਦੇ ਖਿਲਾਫ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਲਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਪੰਜ ਕਿਲੋ ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ ਜੋ ਕਿ ਯੂਪੀ ਦੇ ਰਹਿਣ ਵਾਲੇ ਹਨ, ਜਿਨਾਂ ਦੀ ਪਹਿਚਾਣ ਰਜਨੇਸ਼, ਸਤਵੀਰ ਤੇ ਧਰਮਵੀਰ ਦੇ ਤੌਰ ਤੇ ਹੋਈ ਹੈ। ਉਹਨਾਂ ਦੱਸਿਆ ਕਿ ਸਤਵੀਰ ਅਤੇ ਧਰਮਵੀਰ ਦੋਵੇਂ ਆਪਸ ਵਿੱਚ ਸਕੇ ਭਰਾ ਹਨ ਉਹਨਾਂ ਦੱਸਿਆ ਕਿ ਉਕਤ ਵਿਅਕਤੀਆਂ ਦੇ ਖਿਲਾਫ ਥਾਣਾ ਅਮਲੋਹ ਵਿਖੇ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।