ਬਠਿੰਡਾ: ਲੋਕ ਸਭਾ ਚੋਣਾਂ ਲਈ ਸੂਬੇ 'ਚ 1 ਜੂਨ ਨੂੰ ਵੋਟਾਂ ਹੋਣ ਜਾ ਰਹੀਆਂ ਹਨ, ਜਿਸ ਦੇ ਚੱਲਦੇ ਨਾਮਜ਼ਦਗੀਆਂ ਦਾ ਦੌਰ ਪੂਰਾ ਹੋਣ ਤੋਂ ਬਾਅਦ ਸਿਆਸੀ ਲੀਡਰ ਆਪਣੇ ਪ੍ਰਚਾਰ 'ਚ ਡਟੇ ਹੋਏ ਹਨ। ਇਸ ਦੌਰਾਨ ਭਾਜਪਾ ਉਮੀਦਵਾਰਾਂ ਲਈ ਸੂਬੇ 'ਚ ਇਹ ਚੋਣਾਂ ਸਿਰਦਰਦੀ ਬਣਦੀਆਂ ਜਾ ਰਹੀਆਂ ਹਨ। ਕਿਸਾਨਾਂ ਵਲੋਂ ਵੱਡੇ ਪੱਧਰ 'ਤੇ ਭਾਜਪਾ ਉਮੀਦਵਾਰਾਂ ਅਤੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਦਾ ਬਠਿੰਡਾ ਦੇ ਪਿੰਡ ਫੁੱਲੋ ਮਿੱਠੀ 'ਚ ਕਿਸਾਨਾਂ ਵਲੋਂ ਜਬਰਦਸਤ ਵਿਰੋਧ ਕੀਤਾ ਗਿਆ।
ਜਨਸਭਾ ਨੂੰ ਸੰਬੋਧਨ ਦੌਰਾਨ ਵਿਰੋਧ: ਦੱਸ ਦਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਲੀਡਰਾਂ ਵੱਲੋਂ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਜਪਾ ਦੇ ਉਮੀਦਵਾਰਾਂ ਦਾ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਬਠਿੰਡਾ ਦੇ ਪਿੰਡ ਫੁੱਲੋ ਮਿੱਠੀ ਵਿਖੇ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਜਦੋਂ ਚੋਣ ਪ੍ਰਚਾਰ ਕਰਨ ਲਈ ਇੱਕ ਜਨਸਭਾ ਨੂੰ ਸੰਬੋਧਨ ਕਰਨ ਪਹੁੰਚੇ ਤਾਂ ਇਸ ਦੌਰਾਨ ਕਿਸਾਨਾਂ ਵੱਲੋਂ ਉਨਾਂ ਦੀ ਇਸ ਜਨਸਭਾ ਵਿੱਚ ਜਾ ਕੇ ਜ਼ਬਰਦਸਤ ਵਿਰੋਧ ਕੀਤਾ ਗਿਆ।
ਕਿਸਾਨਾਂ ਦੀ ਦੁਸ਼ਮਣ ਜਮਾਤ ਭਾਜਪਾ: ਇਸ ਮੌਕੇ ਜਿੱਥੇ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਇਜਾਜ਼ਤ ਲੈ ਕੇ ਪ੍ਰੋਗਰਾਮ ਕਰਨ ਦੀ ਗੱਲ ਆਖੀ ਗਈ ਤਾਂ ਉੱਥੇ ਹੀ ਵਿਰੋਧ ਕਰਨ ਪਹੁੰਚੇ ਕਿਸਾਨ ਆਗੂ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਭਾਜਪਾ ਕਿਸਾਨਾਂ ਦੀ ਦੁਸ਼ਮਣ ਜਮਾਤ ਹੈ। ਜਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਜਿੱਥੇ ਗੱਡੀਆਂ ਚੜਾਈਆਂ ਗਈਆਂ ਤਾਂ ਉੱਥੇ ਹੀ 13 ਮਹੀਨੇ 13 ਦਿਨ ਸੰਘਰਸ਼ ਕਰਨ ਵਾਲੇ ਕਿਸਾਨਾਂ ਨਾਲ ਧੋਖਾ ਕੀਤਾ ਅਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ।
ਅੱਗੇ ਵੀ ਕਰਦੇ ਰਹਾਂਗੇ ਵਿਰੋਧ: ਕਿਸਾਨ ਆਗੂ ਦਰਸ਼ਨ ਸਿੰਘ ਨੇ ਕਿਹਾ ਕਿ ਆਖਿਰ ਕਿਸ ਮੂੰਹ ਨਾਲ ਭਾਜਪਾ ਦੇ ਉਮੀਦਵਾਰ ਉਹਨਾਂ ਦੇ ਪਿੰਡ ਵਿੱਚ ਵੋਟਾਂ ਮੰਗਣ ਆ ਰਹੇ ਹਨ। ਉਹਨਾਂ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਇਹਨਾਂ ਆਗੂਆਂ ਦਾ ਇਸੇ ਤਰ੍ਹਾਂ ਵਿਰੋਧ ਕਰਦੇ ਰਹਿਣਗੇ, ਜਦੋਂ ਤੱਕ ਭਾਜਪਾ ਵੱਲੋਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਅਤੇ ਕਿਸਾਨਾਂ 'ਤੇ ਹੋਏ ਤਸ਼ੱਦਦ ਸਬੰਧੀ ਮੁਆਫੀ ਨਹੀਂ ਮੰਗੀ ਜਾਂਦੀ।
- ਨਹਿਰੀ ਪਾਣੀ ਦੇ ਅਹਿਮ ਮੁੱਦੇ ਨੂੰ ਲੈ ਕੇ ਸੂਬਾ ਸਰਕਾਰ 'ਤੇ ਵਰ੍ਹੇ ਸੁਖਪਾਲ ਖਹਿਰਾ, ਬੋਲੇ- 'ਆਪ' ਸਰਕਾਰ ਨੇ ਕੀਤਾ ਕਿਸਾਨ ਵਿਰੋਧੀ ਰੋਲ ਅਦਾ
- ਸਿੱਧੂ ਮੂਸੇਵਾਲਾ ਦੇ ਪਿਤਾ ਤੋਂ ਨਿਰਾਸ਼ ਹੋਏ ਸਿਮਰਨਜੀਤ ਮਾਨ, ਕਿਹਾ- ਕਾਂਗਰਸ ਦੀ ਹਮਾਇਤ ਕਰਕੇ ਬਲਕੌਰ ਸਿੰਘ ਨੇ ਕੀਤਾ ਮਨ ਉਦਾਸ
- ਅਰਵਿੰਦ ਕੇਜਰੀਵਾਲ ਦਾ ਦੋ ਦਿਨਾਂ ਪੰਜਾਬ ਦੌਰਾ; ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ, ਫਿਰ ਕੱਢਣਗੇ ਰੋਡ ਸ਼ੋਅ