ਅੰਮ੍ਰਿਤਸਰ: ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਦਿੱਲੀ ਜਾਣ ਲਈ ਵਜਿੱਦ ਹਨ ਤਾਂ ਦੂਜੇ ਪਾਸੇ ਹਰਿਆਣਾ ਅਤੇ ਕੇਂਦਰ ਸਰਕਾਰ ਦਾ ਪੂਰਾ ਜੋਰ ਲੱਗਾ ਹੋਇਆ ਹੈ ਕਿ ਕਿਸਾਨਾਂ ਨੂੰ ਦਿੱਲੀ ਨਾ ਆਉਣ ਦਿੱਤਾ ਜਾਵੇ, ਕਿਉਂਕਿ ਜੇ ਕਿਸਾਨ ਅੰਦੋਲਨ 2.0 ਪਹਿਲੇ ਅੰਦੋਲਨ ਵਾਂਗ ਸਿਖਰਾਂ 'ਤੇ ਪਹੁੰਚਦਾ ਹੈ ਤਾਂ ਅਗਾਮੀ ਲੋਕ ਸਭਾ ਚੋਣਾਂ 'ਚ ਇਹ ਸਰਕਾਰ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਦੱਸ ਦਈਏ ਕਿ ਕਿਸਾਨ ਅੰਦੋਲਨ 2.0 ਦਾ ਅੱਜ 27ਵਾਂ ਦਿਨ ਹੈ। ਉਧਰ ਹੁਣ ਕਿਸਾਨਾਂ ਵਲੋਂ 10 ਮਾਰਚ ਨੂੰ ਰੇਲਾਂ ਰੋਕਣ ਦਾ ਐਲਾਨ ਕੀਤਾ ਹੋਇਆ ਸੀ, ਜਿਸ ਦੇ ਚੱਲਦੇ ਅੱਜ ਚਾਰ ਘੰਟਿਆਂ ਲਈ ਕਿਸਾਨ ਜਥੇਬੰਦੀਆਂ ਰੇਲਵੇ ਪਟੜੀਆਂ 'ਤੇ ਧਰਨਾ ਦੇਣਗੀਆਂ ਤਾਂ ਜੋ ਉਹ ਆਪਣੀ ਆਵਾਜ਼ ਨੂੰ ਕੇਂਦਰ ਸਰਕਾਰ ਤੱਕ ਪਹੁੰਚਾ ਸਕਣ।
ਪੰਜਾਬ ਤੇ ਹਰਿਆਣਾ 'ਚ 55 ਥਾਵਾਂ 'ਤੇ ਧਰਨਾ: ਪੰਜਾਬ ਵਿੱਚ 22 ਜ਼ਿਲ੍ਹਿਆਂ ਵਿੱਚ 52 ਥਾਵਾਂ ’ਤੇ ਕਿਸਾਨ ਪਟੜੀਆਂ ’ਤੇ ਬੈਠਣਗੇ। ਉਥੇ ਹੀ ਹਰਿਆਣਾ ਦੇ ਸਿਰਸਾ 'ਚ 3 ਥਾਵਾਂ 'ਤੇ ਰੇਲਵੇ ਟਰੈਕ ਜਾਮ ਕਰਨ ਦੀ ਤਿਆਰੀ ਹੈ। ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਉੱਤਰੀ ਭਾਰਤ ਦੇ 30 ਜ਼ਿਲ੍ਹਿਆਂ ਵਿੱਚ ਰੇਲ ਗੱਡੀਆਂ ਰੋਕਣ ਦਾ ਸੱਦਾ ਦਿੱਤਾ ਹੈ। ਉਥੇ ਹੀ ਰੇਲਵੇ ਵਿਭਾਗ ਮੁਤਾਬਕ ਕਿਸਾਨਾਂ ਨੇ ਅੰਬਾਲਾ ਡਿਵੀਜ਼ਨ ਵਿੱਚ ਟ੍ਰੈਕ ਜਾਮ ਕਰਨ ਲਈ 21 ਥਾਵਾਂ ਦੀ ਚੋਣ ਕੀਤੀ ਹੈ। ਜਿਸ ਕਾਰਨ ਕਈ ਟਰੇਨਾਂ ਪ੍ਰਭਾਵਿਤ ਹੋਣਗੀਆਂ। ਪੁਲਿਸ ਨੇ ਰੇਲ ਰੋਕੋ ਅੰਦੋਲਨ ਵਿੱਚ ਹਿੱਸਾ ਲੈਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।
ਸ਼ਾਂਤਮਈ ਰਹੇਗਾ ਰੇਲ ਰੋਕ ਅੰਦੋਲਨ: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਰੇਲ ਰੋਕੋ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਰੇਲ ਰੋਕੋ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ। ਉਨ੍ਹਾਂ ਕਿਹਾ ਕਿ ਰੇਲ ਗੱਡੀ ਨੂੰ ਰੇਲਵੇ ਸਟੇਸ਼ਨ ਅਤੇ ਫਾਟਕ 'ਤੇ ਹੀ ਰੋਕਣਾ ਹੈ, ਕਿਉਂਕਿ ਜੇਕਰ ਤੁਸੀਂ ਟ੍ਰੈਕ ਦੇ ਵਿਚਕਾਰ ਬੈਠੋਗੇ ਤਾਂ ਨੁਕਸਾਨ ਹੋ ਸਕਦਾ ਹੈ। ਇਹ ਪ੍ਰਤੀਕਾਤਮਕ ਅੰਦੋਲਨ ਹੋਵੇਗਾ। ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਗੱਡੀਆਂ ਨੂੰ ਰੋਕਣਗੇ। ਪੰਧੇਰ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਕਹਿ ਰਹੀ ਹੈ ਕਿ ਇਹ ਅੰਦੋਲਨ ਪੰਜਾਬ ਦਾ ਹੈ। ਸਰਕਾਰ ਨੂੰ ਹੁਣ ਪਤਾ ਲੱਗੇਗਾ ਕਿ ਇਹ ਅੰਦੋਲਨ ਕਿਸ ਦਾ ਹੈ।
ਕਿਸਾਨ ਆਗੂ ਵਲੋਂ ਲੋਕਾਂ ਨੂੰ ਅਪੀਲ: ਪੰਧੇਰ ਨੇ ਮਾਵਾਂ-ਭੈਣਾਂ ਨੂੰ ਵੀ ਰੇਲ ਰੋਕੋ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਸ਼ੰਭੂ ਬਾਰਡਰ ਜਾਂ ਫਿਰ ਖਨੌਰੀ ਬਾਰਡਰ 'ਤੇ ਨਹੀਂ ਪਹੁੰਚ ਸਕੇ, ਉਹ ਲੋਕ ਇਸ ਰੇਲ ਰੋਕੋ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਅਤੇ ਹਾਜ਼ਰੀ ਜ਼ਰੂਰ ਲਗਵਾਉਣ ਤਾਂ ਜੋ ਕਿਸਾਨਾਂ ਦੀ ਆਵਾਜ਼ ਕੇਂਦਰ ਦੇ ਕੰਨਾਂ ਤੱਕ ਪਹੁੰਚ ਸਕੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਦੇ ਨਾਲ-ਨਾਲ ਸ਼ਹੀਦ ਸ਼ੁੱਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਲੋਕ ਇਸ ਰੇਲ ਰੋਕੋ ਅੰਦੋਲਨ ਦੇ ਵਿੱਚ ਜ਼ਰੂਰ ਸ਼ਿਰਕਤ ਕਰਨ।
ਕਿਸਾਨਾਂ 'ਤੇ ਕਾਰਵਾਈ ਦੀ ਤਿਆਰੀ 'ਚ RPF: ਉਧਰ ਆਰਪੀਐਫ, ਜੀਆਰਪੀ ਅਤੇ ਖੁਫੀਆ ਏਜੰਸੀਆਂ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ 'ਤੇ ਨਜ਼ਰ ਰੱਖ ਰਹੀਆਂ ਹਨ। ਰੇਲ ਗੱਡੀਆਂ ਅਤੇ ਸਟੇਸ਼ਨਾਂ 'ਤੇ ਤਿੱਖੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਆਰਪੀਐਫ ਦੇ ਸੀਨੀਅਰ ਡੀਐਸਸੀ ਨਿਤੀਸ਼ ਸ਼ਰਮਾ ਨੇ ਦੱਸਿਆ ਕਿ ਆਰਪੀਐਫ ਵਲੋਂ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਆਰਪੀਐਫ ਦੀਆਂ ਟੀਮਾਂ ਹਰ ਉਸ ਥਾਂ 'ਤੇ ਤਾਇਨਾਤ ਹਨ ਜਿੱਥੇ ਕਿਸਾਨ ਟਰੈਕ 'ਤੇ ਬੈਠਣਗੇ। ਜੇਕਰ ਟਰੈਕ ਜਾਮ ਕੀਤਾ ਗਿਆ ਤਾਂ ਕਿਸਾਨਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਡੀਆਰਐਮ ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਅੰਬਾਲਾ ਡਿਵੀਜ਼ਨ ਵਿੱਚ 21 ਥਾਵਾਂ ’ਤੇ ਕਿਸਾਨ ਬੈਠਣਗੇ। ਡਿਵੀਜ਼ਨ 'ਚ ਇੱਕ ਦਿਨ ਵਿੱਚ 220 ਮੇਲ, ਐਕਸਪ੍ਰੈਸ, 100 ਯਾਤਰੀ ਅਤੇ ਲਗਭਗ 150 ਮਾਲ ਗੱਡੀਆਂ ਚੱਲਦੀਆਂ ਹਨ।
ਪੰਜਾਬ 'ਚ ਇੰਨ੍ਹਾਂ ਥਾਵਾਂ 'ਤੇ ਬੈਠਣਗੇ ਕਿਸਾਨ: ਅੰਮ੍ਰਿਤਸਰ-ਦੇਵੀਦਾਸ ਪੁਰਾ, ਰਾਇਆ, ਕੱਥੂਨੰਗਲ, ਜੈਂਤੀਪੁਰ, ਕੋਟਲਾ ਗੁਜਰਾ, ਜਹਾਂਗੀਰ, ਪੰਧੇਰ ਗੇਟ, ਰਾਮਦਾਸ, ਵੇਰਕਾ, ਗੁਰਦਾਸਪੁਰ-ਬਟਾਲਾ, ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ, ਤਰਨਤਾਰਨ-ਖਡੂਰ ਸਾਹਿਬ, ਤਰਨਤਾਰਨ, ਪੱਟੀ, ਹੁਸ਼ਿਆਰਪੁਰ-ਟਾਡਾ, ਦਸੂਹਾ, ਹੁਸ਼ਿਆਰਪੁਰ, ਜਲੰਧਰ-ਫਿਲੌਰ, ਫਗਵਾੜਾ, ਜਲੰਧਰ ਕੈਟ, ਕਪੂਰਥਲਾ-ਲੋਹੀਆ, ਸੁਲਤਾਨਪੁਰ ਲੋਧੀ, ਫ਼ਿਰੋਜ਼ਪੁਰ-ਬਸਤੀ ਟੈਂਕਵਾਲੀ, ਗੁਰੂਹਰਸਹਾਏ, ਮੱਖੂ, ਮੱਲਾਂਵਾਲਾ, ਫਰੀਦਕੋਟ-ਜੈਤੋ, ਫਰੀਦਕੋਟ ਸਟੇਸ਼ਨ, ਮੋਗਾ-ਬਾਘਾ ਪੁਰਾਣਾ, ਮੋਗਾ ਸਟੇਸ਼ਨ, ਮੁਕਤਸਰ-ਮਲੋਟ, ਗਿੱਦੜਬਾਹਾ, ਫਾਜ਼ਿਲਕਾ- ਅਬੋਹਰ, ਫਾਜ਼ਿਲਕਾ ਸਟੇਸ਼ਨ, ਬਠਿੰਡਾ-ਰਾਮਪੁਰਾਫੂਲ, ਮਲੇਰਕੋਟਲਾ-ਅਹਿਮਦਗੜ੍ਹ, ਮਾਨਸਾ-ਬੁਢਲਾਡਾ, ਮਾਨਸਾ ਸਟੇਸ਼ਨ, ਪਟਿਆਲਾ-ਪਟਿਆਲਾ ਸਟੇਸ਼ਨ, ਸੁਨਾਮ, ਸ਼ੰਭੂ, ਮੋਹਾਲੀ-ਕੁਰਾਲੀ, ਖਰੜ, ਲਾਲੜੂ, ਪਠਾਨਕੋਟ-ਦੀਨਾਨਗਰ, ਲੁਧਿਆਣਾ-ਸਮਰਾਲਾ,ਮੁਲਾਨਪੁਰ, ਜਗਰਾਉਂ, ਫਤਿਹਗੜ੍ਹ ਸਾਹਿਬ-ਸਰਹਿੰਦ, ਰੋਪੜ-ਮੋਰਿੰਡਾ, ਸੰਗਰੂਰ ਰੇਲਵੇ ਸਟੇਸ਼ਨ ਅਤੇ ਬਰਨਾਲਾ ਰੇਲਵੇ ਸਟੇਸ਼ਨ ’ਤੇ ਕਿਸਾਨ ਧਰਨਾ ਦੇਣਗੇ।