ਅੰਮ੍ਰਿਤਸਰ: ਭਾਰਤ ਦੀ ਅਜ਼ਾਦੀ ਦੇ ਵਿੱਚ ਕਈ ਦੇਸ਼ ਭਗਤ ਸੂਰਵੀਰਾਂ ਵੱਲੋਂ ਦੇਸ਼ ਭਗਤੀ ਦੀ ਭਾਵਨਾ ਦੇ ਨਾਲ ਦੇਸ਼ ਨੂੰ ਅਜ਼ਾਦ ਕਰਾਉਣ ਦੇ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਗਈਆਂ ਹਨ। ਜਿਸ ਦੇ ਚੱਲਦਿਆਂ ਕੁਝ ਚੋਣਵੇਂ ਦਿਨਾਂ ਦੇ ਉੱਤੇ ਦੇਸ਼ ਲਈ ਜਾਨਾਂ ਵਾਰਨ ਵਾਲੇ ਸੂਰਵੀਰਾਂ ਨੂੰ ਯਾਦ ਕਰਦੇ ਹੋਏ ਵੱਡੇ-ਵੱਡੇ ਸਮਾਗਮ ਹੁੰਦੇ ਹਨ ਅਤੇ ਉਥੇ ਅਜ਼ਾਦੀ ਘੁਲਾਟੀਆਂ ਜਾਂ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੂੰ ਬੜੇ ਫਖਰ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਪਰ ਉਸ ਸਨਮਾਨ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਦੀ ਇਸ ਸਮੇਂ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ ਇਸ ਉੱਤੇ ਕੋਈ ਵੀ ਸਰਕਾਰ ਗੌਰ ਕਰਦੀ ਹੋਈ ਨਜ਼ਰ ਨਹੀਂ ਆਉਂਦੀ।
ਸਰਕਾਰਾਂ ਨੇ ਨਹੀਂ ਲਈ ਪਰਿਵਾਰ ਦੀ ਸਾਰ: ਅਜਿਹਾ ਅਸੀਂ ਨਹੀਂ ਕਹਿ ਰਹੇ, ਸਗੋਂ ਇਹ ਸੁਤੰਤਰਤਾ ਸੈਨਾਨੀ ਦਾ ਉਹ ਪਰਿਵਾਰ ਕਹਿ ਰਿਹਾ ਹੈ, ਜੋ ਸੜਕ ਕਿਨਾਰੇ ਇੱਕ ਚਾਹ ਦਾ ਸਟੋਲ ਲਗਾ ਕੇ ਗੁਜ਼ਾਰਾ ਕਰ ਰਿਹਾ ਹੈ। ਇਸ ਪਰਿਵਾਰ ਨੂੰ ਗਿਲਾ ਹੈ ਕਿ ਅੱਜ ਤੱਕ ਸਥਾਨਕ ਲੋਕਾਂ ਜਾਂ ਮੀਡੀਆ ਨੇ ਜ਼ਰੂਰ ਉਹਨਾਂ ਦੀ ਸਾਰ ਲਈ ਹੈ ਪਰ ਅੱਜ ਤੱਕ ਉਹਨਾਂ ਦੀ ਆਵਾਜ਼ ਸਰਕਾਰ ਦੇ ਕੰਨ ਤੱਕ ਨਹੀਂ ਪਹੁੰਚ ਪਾਈ ਹੈ। ਜਿਸ ਕਾਰਨ ਰੋਸ ਵਜੋਂ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਦਾਦਾ ਜੀ ਨੂੰ ਮਿਲਿਆ ਹੋਇਆ ਸਨਮਾਨ ਉਹ ਕਿਸੇ ਮੌਜੂਦਾ ਸੁਤੰਤਰਤਾ ਸੈਨਾਨੀ ਅਫਸਰ ਨੂੰ ਸੌਂਪ ਦੇਣ।
ਚਾਹ ਵੇਚ ਕੇ ਕਰ ਰਹੇ ਪਰਿਵਾਰ ਦਾ ਗੁਜ਼ਾਰਾ: ਅਜ਼ਾਦ ਹਿੰਦ ਫੌਜ ਵਿੱਚ ਸੇਵਾ ਨਿਭਾਉਣ ਵਾਲੇ ਫ਼ੌਜੀ ਚਰਨ ਸਿੰਘ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਵੀ ਸਰਕਾਰੀ ਸਹੂਲਤ ਨਾ ਮਿਲਣ ਕਾਰਨ, ਪਿੱਛੇ ਉਸ ਦੇ ਪਰਿਵਾਰ ਨੂੰ ਜੰਡਿਆਲਾ ਗੁਰੂ ਨੇੜੇ ਹਾਈਵੇ ਸੜਕ ਕਿਨਾਰੇ ਝੋਪੜੀ ਬਣਾ ਕੇ ਚਾਹ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਚਰਨ ਸਿੰਘ ਦੀ ਵਿਧਵਾ ਬਜ਼ੁਰਗ ਪਤਨੀ ਕਰਤਾਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਚਰਨ ਸਿੰਘ ਅਜਾਦ ਹਿੰਦ ਫੌਜ ਵਿੱਚ ਨੌਕਰੀ ਕਰਦੇ ਰਹੇ ਸਨ ਪਰ ਉਨ੍ਹਾਂ ਦੀ ਦੇਸ਼ ਲਈ ਦਿੱਤੀ ਗਈ ਸ਼ਹੀਦੀ ਤੋਂ ਬਾਅਦ, ਹੁਣ ਤੱਕ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਦਾ ਬਣਦਾ ਮਾਣ ਸਨਮਾਨ ਨਹੀਂ ਦਿੱਤਾ।
ਪਰਿਵਾਰ ਨੂੰ ਨਹੀਂ ਮਿਲੀ ਕੋਈ ਸਹੂਲਤ: ਬਜ਼ੁਰਗ ਕਰਤਾਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਇੱਕ ਤਾਮਿਲ ਪੱਤਰ ਤੋਂ ਇਲਾਵਾ ਕੋਈ ਸਰਕਾਰੀ ਸਹੂਲਤ ਨਹੀਂ ਮਿਲੀ ਅਤੇ ਨਾ ਹੀ ਕੋਈ ਪੈਨਸ਼ਨ ਮਿਲਦੀ ਹੈ। ਬਜੁਰਗ ਕਰਤਾਰ ਕੌਰ ਨੇ ਕਿਹਾ ਕਿ ਮੈਂ ਇਸ ਤਮਿਲ ਪੱਤਰ ਨੂੰ ਸਾਂਭ ਕੇ ਰੱਖਿਆ ਹੈ ਅਤੇ ਉਹਨਾਂ ਦੇ ਪਤੀ ਦੀ ਫੋਟੋ ਅਜਾਇਬ ਘਰ ਅੰਮ੍ਰਿਤਸਰ ਦੇ ਵਿਚ ਲੱਗੀ ਹੈ, ਪਰ ਫੋਟੋ ਲੱਗਣ ਨਾਲ ਘਰ ਦੀ ਰੋਜ਼ੀ ਰੋਟੀ ਨਹੀਂ ਚੱਲਦੀ, ਉਸ ਲਈ ਇਸ ਉਮਰੇ ਪੈਨਸ਼ਨ, ਸਿਹਤ ਸਹੂਲਤਾਂ ਤੇ ਹੋਰਨਾਂ ਸਰਕਾਰੀ ਸਹੂਲਤਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਾਕਾਰਾਂ ਨੂੰ ਚਾਹੀਦਾ ਹੈ ਕਿ ਦੇਸ਼ ਲਈ ਸ਼ਹੀਦ ਹੋਏ ਇਨਸਾਨ ਦੇ ਪਰਿਵਾਰ ਬਾਰੇ ਵੀ ਸੋਚਣ। ਬਜ਼ੁਰਗ ਕਰਤਾਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨੇ ਫੌਜ ਵਿੱਚ ਜੰਗਾਂ ਦੌਰਾਨ ਦਰੱਖਤਾਂ ਦੇ ਪੱਤੇ ਖਾ ਖਾ ਕੇ ਗੁਜ਼ਾਰਾ ਕੀਤਾ ਹੈ ਪਰ ਸਰਕਾਰ ਨੇ ਉਨ੍ਹਾਂ ਦਾ ਕੋਈ ਮੁੱਲ ਨਹੀਂ ਪਾਇਆ।
ਘਰ ਦੀ ਸਥਿਤੀ ਕਾਰਨ ਵਿਦੇਸ਼ ਜਾਣਾ ਚਾਹੁੰਦਾ ਸੀ ਪੋਤਾ: ਬਜੁਰਗ ਹੋ ਚੁੱਕੀ ਕਰਤਾਰ ਕੌਰ ਦਾ ਪੋਤਰਾ ਮਨਪ੍ਰੀਤ ਸਿੰਘ ਜੋ ਆਪਣੀ ਦਾਦੀ ਨਾਲ ਚਾਹ ਦੀ ਦੁਕਾਨ ਚਲਾਉਂਦਾ ਹੈ। ਉਸ ਨੇ ਕਿਹਾ ਕਿ ਉਹ ਘਰ ਦੇ ਹਲਾਤਾਂ ਨੂੰ ਵੇਖਦੇ ਹੋਏ ਬਾਹਰਲੇ ਦੇਸ਼ ਵਿੱਚ ਜਾ ਕੇ ਕੰਮ ਕਰਨਾ ਚਹੁੰਦਾ ਸੀ ਤਾਂ ਜੋ ਘਰ ਦੀ ਸਥਿਤੀ ਸਹੀ ਹੋ ਸਕੇ ਪਰ ਉਨ੍ਹਾਂ ਦੀ ਦਾਦੀ ਨੇ ਉਸ ਨੂੰ ਇਥੇ ਆਪਣੇ ਦੇਸ਼ ਵਿੱਚ ਰਹਿ ਕੇ ਹੀ ਕੰਮ ਕਰਨ ਲਈ ਪ੍ਰੇਰਿਤ ਕੀਤਾ ਤੇ ਅਸੀਂ ਦਾਦੀ ਪੋਤਰੇ ਨੇ ਚਾਹ ਦੀ ਦੁਕਾਨ ਖੋਲ੍ਹ ਲਈ ਤੇ ਉਹ ਹੁਣ ਪੂਰੀ ਤਰ੍ਹਾਂ ਖੁਸ਼ ਹੈ।
ਨੌਜਵਾਨਾਂ ਨੂੰ ਵੀ ਕੀਤੀ ਖਾਸ ਅਪੀਲ: ਮਨਪ੍ਰੀਤ ਸਿੰਘ ਨੇ ਹੋਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਉਨ੍ਹਾਂ ਦੇ ਨੌਕਰ ਬਣਨ ਨਾਲੋਂ ਆਪਣੇ ਹੀ ਦੇਸ਼ ਵਿਚ ਰਹਿ ਕੇ ਆਪਣਾ ਕਾਰੋਬਾਰ ਕਰਨ। ਉਸ ਨੇ ਕਿਹਾ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ, ਆਪਣੇ ਦੇਸ਼ ਵਿਚ ਰਹਿ ਕੇ ਅਸੀਂ ਆਪਣੇ ਘਰ ਵਾਲਿਆਂ ਦੇ ਨਜ਼ਦੀਕ ਰਹਿ ਕੇ ਬਹੁਮੁੱਲੀ ਸੌਗਾਤ ਰੂਪੀ ਅਸ਼ੀਰਵਾਦ ਪਾ ਸਕਦੇ ਹਾਂ।