ਲੁਧਿਆਣਾ: ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਲਗਾਤਾਰ ਕਿਸਾਨ ਡਟੇ ਹੋਏ ਹਨ, ਉੱਥੇ ਹੀ ਬੀਤੇ ਦਿਨ ਨੌਜਵਾਨ ਕਿਸਾਨ ਦੀ ਮੌਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵਿੱਚ ਰੋਸ ਦੀ ਲਹਿਰ ਹੈ। ਇਸੇ ਦੇ ਚੱਲਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਤੇ ਜਾਮ ਲਗਾ ਦਿੱਤਾ ਗਿਆ, ਜਿਸ ਕਰਕੇ ਦੋ ਘੰਟੇ ਤੱਕ ਗੱਡੀਆਂ ਫਸੀਆਂ ਰਹੀਆਂ ਅਤੇ ਲੰਮਾ ਜਾਮ ਲੱਗ ਗਿਆ।
ਟੋਲ ਪਲਾਜ਼ਾ ਤੇ ਸੜਕ ਬੰਦ, ਲੋਕ ਪਰੇਸ਼ਾਨ: ਇਸ ਦੌਰਾਨ ਲੋਕ ਵੀ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ। ਲੋਕ ਪੈਦਲ ਹੀ ਆਪੋ ਆਪਣੇ ਰਸਤੇ ਨੂੰ ਤੁਰੇ ਜਾਂਦੇ ਵਿਖਾਈ ਦਿੱਤੇ ਪਰ ਕਾਫੀ ਸਮੇਂ ਬਾਅਦ ਰਾਹ ਖੋਲ੍ਹ ਦਿੱਤਾ ਗਿਆ। ਇਸ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਡੀ ਅੱਜ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੈ, ਜਿਸ ਤੋਂ ਬਾਅਦ ਅਗਲੀ ਰਣਨੀਤੀ ਤੇ ਫੈਸਲਾ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ ਤਿੰਨ ਦਿਨ ਤੋਂ ਟੋਲ ਪਲਾਜ਼ੇ ਬੰਦ ਕੀਤੇ ਹੋਏ ਹਨ ਅਤੇ ਅੱਜ ਵੀ ਟੋਲ ਪਲਾਜ਼ਾ ਬੰਦ ਹੈ। ਸਾਡੀ ਕੋਸ਼ਿਸ਼ ਹੈ ਕਿ ਕਿਸੇ ਵੀ ਆਮ ਵਿਅਕਤੀ ਨੂੰ ਇਹਨਾਂ ਧਰਨਿਆਂ ਦਾ ਨੁਕਸਾਨ ਨਾ ਹੋਵੇ।
ਨੌਜਵਾਨ ਕਿਸਾਨ ਕੀਤਾ ਸ਼ਹੀਦ: ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ ਪਰ ਕੁਝ ਜਥੇਬੰਦੀਆਂ ਵੱਲੋਂ ਦਿੱਲੀ ਜਾਣ ਦਾ ਫੈਸਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਬਾਰਡਰ 'ਤੇ ਜੋ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨਾਂ ਦੇ ਨਾਲ ਸਲੂਕ ਕੀਤਾ ਹੈ ਉਹ ਬੇਹਦ ਨਿੰਦਣਯੋਗ ਹੈ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਸਾਡਾ ਇੱਕ ਨੌਜਵਾਨ ਕਿਸਾਨ ਸ਼ਹੀਦ ਹੋ ਗਿਆ। ਉਹਨਾਂ ਕਿਹਾ ਕਿ ਉਸ ਲਈ ਸਰਕਾਰਾਂ ਜਿੰਮੇਵਾਰ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਲਾਡੋਵਾਲ ਤੇ ਸਾਡੇ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਹਨ।
ਐੱਮਐੱਸਪੀ ਸਣੇ ਹੋਰ ਮੰਗਾਂ ਦਾ ਹੋਵੇ ਹੱਲ: ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਸਾਡੀ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੈ, ਜਿਸ ਤੋਂ ਬਾਅਦ ਉਹ ਅਗਲੀ ਰਣਨੀਤੀ ਤਿਆਰ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀਆਂ ਮੰਗ ਕੋਈ ਨਵੀਂ ਨਹੀਂ ਹੈ, ਸਗੋਂ ਇਹ ਪੁਰਾਣੀਆਂ ਮੰਗਾਂ ਹਨ। ਉਨ੍ਹਾਂ ਕਿਹਾ ਕਿ ਐੱਮ.ਐੱਸ.ਪੀ ਦਾ ਮੁੱਦਾ ਹੋਵੇ ਜਾਂ ਫਿਰ ਕਰਜ਼ਾ ਮੁਆਫੀ ਦਾ ਮੁੱਦਾ ਹੋਵੇ। ਕਿਸਾਨ ਜਥੇਬੰਦੀ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਜਾਮ ਦੂਜੀ ਜਥੇਬੰਦੀ ਨੇ ਲਾਇਆ ਸੀ, ਇਹ ਸਾਡੀ ਕਾਲ ਨਹੀਂ ਸੀ। ਅਸੀਂ ਆਮ ਲੋਕਾਂ ਨੂੰ ਖੱਜਲ ਨਹੀਂ ਕਰਨਾ ਚਾਹੁੰਦੇ। ਇਸ ਦੌਰਾਨ ਆਮ ਲੋਕ ਜ਼ਰੂਰ ਖੱਜਲ ਹੁੰਦੇ ਵਿਖਾਈ ਦਿੱਤੇ ਜਿਸ ਤੋਂ ਬਾਅਦ ਜਾਮ ਖੋਲ੍ਹ ਦਿੱਤਾ ਗਿਆ।
- ਪੰਜਾਬ ਵਜ਼ਾਰਤ ਦੀ ਮੀਟਿੰਗ ਦੌਰਾਨ ਬਜਟ ਸੈਸ਼ਨ ਦਾ ਐਲਾਨ, 5 ਮਾਰਚ ਨੂੰ ਬਜਟ ਕੀਤਾ ਜਾਵੇਗਾ ਪੇਸ਼ ਤੇ ਇੰਨ੍ਹਾਂ ਮੁੱਦਿਆਂ 'ਤੇ ਵੀ ਲੱਗੀ ਮੋਹਰ
- ਕਿਸਾਨੀ ਅੰਦੋਲਨ ਨੂੰ ਲੈ ਕੇ ਸੀਐਮ ਮਾਨ 'ਤੇ ਵਰ੍ਹੇ ਅਕਾਲੀ ਆਗੂ ਚੰਦੂਮਾਜਰਾ, ਕਿਹਾ- 'ਪੰਜਾਬ ਸਰਕਾਰ ਚਾਹੇ ਤਾਂ ਕੁਝ ਵੀ ਹੋ ਸਕਦਾ ਹੈ'
- ਈਟੀਵੀ ਭਾਰਤ 'ਤੇ ਬੋਲੇ ਰਾਕੇਸ਼ ਟਿਕੈਤ, ਕਿਹਾ- ਹਰਿਆਣਾ ਸਰਕਾਰ ਦੀ ਕਾਰਵਾਈ ਗ਼ਲਤ, ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼