ਮੋਹਾਲੀ: ਚੰਡੀਗੜ੍ਹ ਦੇ ਖਿਜ਼ਰਾਬਾਦ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਤਿੰਨ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ ਹਨ। ਦੱਸ ਦੇਈਏ ਕਿ ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਡੇਰਾਬੱਸੀ ਵਿੱਚ ਵੀ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਸੀ। ਇਸ ਮੁਕਾਬਲੇ ਦੀ ਅਗਵਾਈ ਸਪੈਸ਼ਲ ਸੈੱਲ ਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਕੀਤੀ।
ਹਰਿਆਣਾ ਦੇ ਰਹਿਣ ਵਾਲੇ ਬਦਮਾਸ਼ਾਂ ਨਾਲ ਮੁੱਠਭੇੜ: ਮੋਹਾਲੀ ਵਿੱਚ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਜ਼ਖਮੀ ਹੋਏ ਤਿੰਨੋਂ ਬਦਮਾਸ਼ ਹਰਿਆਣਾ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਛਾਣ ਅਕਸ਼ੈ ਵਾਸੀ ਸ਼ਾਸਤਰੀ ਨਗਰ ਹਿਸਾਰ, ਨਰੇਸ਼ ਕੁਮਾਰ ਵਾਸੀ ਅਹਿਰਕਾ ਪਿੰਡ ਜੀਂਦ ਅਤੇ ਸੁਨੀਲ ਕੁਮਾਰ ਵਾਸੀ ਆਜ਼ਾਦ ਨਗਰ ਹਿਸਾਰ ਵਜੋਂ ਹੋਈ ਹੈ।
ਡੇਰਾਬੱਸੀ 'ਚ ਔਰਤ 'ਤੇ ਹੋਈ ਫਾਇਰਿੰਗ: ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਮੋਹਾਲੀ ਨਾਲ ਜੁੜੇ ਕਸਬੇ ਡੇਰਾਬੱਸੀ 'ਚ ਬਦਮਾਸ਼ਾਂ ਨੇ ਇਕ ਔਰਤ 'ਤੇ ਗੋਲੀਬਾਰੀ ਕੀਤੀ ਸੀ, ਜਿਸ 'ਚ ਗੋਲੀ ਲੱਗਣ ਨਾਲ ਔਰਤ ਦੀ ਹਾਲਤ ਨਾਜ਼ੁਕ ਹੋ ਗਈ ਸੀ ਅਤੇ ਫਿਰ ਬਾਅਦ ਵਿੱਚ ਮੌਤ ਆਈ ਸੀ। ਉਦੋਂ ਤੋਂ ਹੀ ਪੁਲੀਸ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਸੀ। ਪੁਲਿਸ ਨੂੰ ਮੁਲਜ਼ਮਾਂ ਬਾਰੇ ਸੁਰਾਗ ਮਿਲਿਆ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਘੇਰ ਲਿਆ ਅਤੇ ਫਿਰ ਮੁਕਾਬਲਾ ਸ਼ੁਰੂ ਹੋ ਗਿਆ।
ਔਰਤ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਪੁਲਿਸ ਫਾਇਰਿੰਗ ਦੇ ਅਸਲ ਕਾਰਨ ਦਾ ਪਤਾ ਨਹੀਂ ਲਗਾ ਸਕੀ ਪਰ ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਗੋਲੀਬਾਰੀ ਪੀੜਤ ਔਰਤ ਦੇ ਜਵਾਈ ਨੇ ਕੀਤੀ ਹੈ। ਕਿਉਂਕਿ ਉਸ ਦੀ ਲੜਕੀ ਦਾ ਆਪਣੇ ਪਤੀ ਨਾਲ ਪਿਛਲੇ ਕਈ ਸਾਲਾਂ ਤੋਂ ਪਰਿਵਾਰਕ ਝਗੜਾ ਚੱਲ ਰਿਹਾ ਸੀ। ਪੁਲਿਸ ਨੇ ਇਸ ਕੋਣ ਤੋਂ ਵੀ ਜਾਂਚ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਪੀੜਤ ਲੜਕੀ ਕਿਰਨ ਦਾ ਵਿਆਹ 2016 ਵਿੱਚ ਹੋਇਆ ਸੀ। ਪਰ ਉਹ ਲੰਬੇ ਸਮੇਂ ਤੋਂ ਆਪਣੇ ਬੱਚਿਆਂ ਨਾਲ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ।