ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਖਿਲਾਫ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਪ੍ਰੀਮ ਫੈਸਲੇ ਦਾ ਇੰਤਜ਼ਾਰ ਹਰ ਇੱਕ ਨੂੰ ਹੈ। ਇਸ ਨੂੰ ਲੈਕੇ ਸਵੇਰ ਤੋਂ ਹੀ ਸਿਆਸੀ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਰਹੇ ਹਨ। ਉਥੇ ਹੀ ਹੁਣ ਸੁਖਬੀਰ ਸਿੰਘ ਬਾਦਲ ਵੀ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਲਈ ਪਹੁੰਚ ਗਏ ਹਨ। ਉਹਨਾਂ ਨੂੰ ਵ੍ਹੀਲ ਚੇਅਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਆਂਦਾ ਗਿਆ ਹੈ।
ਦੱਸਣਯੋਗ ਹੈ ਕਿ ਅੱਜ ਹਰ ਇੱਕ ਦੀ ਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ 'ਤੇ ਬਣੀ ਹੋਈ ਹੈ। ਉਥੇ ਹੀ ਇਸ ਸਬੰਧੀ ਸੀਨੀਅਰ ਆਕਾਲੀ ਆਗੂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣਾ ਸ਼ੁਰੂ ਹੋ ਗਏ ਹਨ। ਦੱਸ ਦਈਏ ਕਿ ਡੇਰਾ ਮੁਖੀ ਨੂੰ ਮੁਆਫੀ ਅਤੇ ਪੰਜਾਬ 'ਚ ਅਕਾਲੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਨੂੰ ਲੈਕੇ ਪਹਿਲਾਂ ਹੀ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵੱਲੋਂ ਤਨਖਾਹੀਆ ਅਲਾਨਿਆ ਜਾ ਚੁਕਿਆ ਹੈ, ਪਰ ਅੱਜ ਉਹਨਾਂ ਨੂੰ ਧਾਰਮਿਕ ਸਜ਼ਾ ਕੀ ਹੋਣੀ ਹੈ ਇਸ ਦਾ ਫੈਸਲਾ ਹੋਣਾ ਬਾਕੀ ਹੈ।
ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨਾਂ ਦੀ ਹੋਵੇਗੀ ਬੈਠਕ
ਦਸੱਣਯੋਗ ਹੈ ਕਿ ਸਜ਼ਾ ਦੇ ਐਲਾਨ ਤੋਂ ਪਹਿਲ਼ਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ,ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਸ਼ਾਮਿਲ ਹੋਣਗੇ ਅਤੇ ਇਸ ਤੋਂ ਬਾਅਦ 1 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਉਣਗੇ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੋ ਆਦੇਸ਼ ਹੋਇਆ ਸੀ ਉਹਦੇ ਮੁਤਾਬਕ ਅੱਜ ਸਾਡੀ ਸਾਰੀ ਲੀਡਰਸ਼ਿੱਪ ਪ੍ਰਧਾਨ ਸਾਹਿਬ ਅਤੇ ਜਿਹੜੇ ਉਸ ਵੇਲੇ ਦੇ ਮੰਤਰੀ ਸਾਹਿਬਾਨ ਸਨ ਉਹ ਸਾਰੇ ਹੀ ਅੱਜ ਸਿੱਖਾਂ ਦੀ ਸੁਪ੍ਰੀਮ ਅਦਾਲਤ 'ਚ ਪੇਸ਼ ਹੋਏ ਹਨ। ਇਸ ਅਦਾਲਤ 'ਚ ਕਿਸੀ ਵੀ ਤਰ੍ਹਾਂ ਦਾ ਕਿੰਤੂ ਪ੍ਰੰਤੂ ਨਹੀ ਹੂੰਦਾ ਅਤੇ ਜੋ ਵੀ ਹੁਕਮ ਸਿੰਘ ਸਾਹਿਬਾਨਾਂ ਵੱਲੋਂ ਹੋਣਗੇ ਉਹ ਨਿਮਾਣੇ ਸਿੱਖ ਵੱਜੋਂ ਅਸੀਂ ਕਬੂਲ ਕਰਾਂਗੇ।
'ਮੈਂ ਪਾਰਟੀ ਦਾ ਹਿੱਸਾ ਨਹੀਂ ਸੀ'
ਇਸ ਮੌਕੇ ਭਾਜਪਾ ਆਗੂ ਅਤੇ ਤਤਕਾਲੀ ਅਕਾਲੀ ਸਰਕਾਰ ਵੇਲੇ ਕੈਬਿਨੇਟ ਦਾ ਹਿੱਸਾ ਰਹੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਦੋਂ ਬੇਅਦਬੀ ਅਤੇ ਡੇਰਾ ਮੁਖੀ ਨੂੰ ਮੁਆਫੀ ਦਿੱਤੀ ਗਈ ਉਸ ਵੇਲੇ ਮੈਂ ਅਕਾਲੀ ਦਲ ਦਾ ਹਿੱਸਾ ਨਹੀਂ ਸੀ, ਮੈਂ ਪਾਰਟੀ ਵਿੱਚ 2016 ਵਿਚ ਆਇਆ ਸੀ। ਫਿਰ ਵੀ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਵੇਗਾ ਉਹ ਸਿਰ ਮਥੇ ਹੈ।
ਪੰਥ ਦੇ ਭਲੇ ਲਈ ਲੜੀ ਅਕਾਲੀ ਦਲ
ਉਥੇ ਹੀ ਸੁਖਬੀਰ ਬਾਦਲ ਮਾਮਲੇ 'ਚ ਗੱਲਬਾਤ ਕਰਦਿਆਂ ਇਸ ਮੌਕੇ ਅਕਾਲੀ ਆਗੂ ਮਨਜੀਤ ਸਿੰਘ ਨੇ ਕਿਹਾ ਕਿ ਜੋ ਵੀ ਹੁਕਮ ਹੋਣਗੇ ਉਹ ਹਰ ਸਿੱਖ ਨੂੰ ਮੰਨਨੇ ਹੋਣਗੇ। ਸਿੰਘ ਸਾਹਿਬਾਨ ਦੇ ਫੈਸਲੇ ਤੋਂ ਪਹਿਲਾਂ ਕੁਝ ਵੀ ਕਹਿਣਾ ਗਲਤ ਹੋਵੇਗਾ। ਨਾਲ ਹੀ ਉਹਨਾਂ ਕਿਹਾ ਕਿ ਅਕਾਲੀ ਦਲ ਪੰਥਕ ਪਾਰਟੀ ਹੈ ਪੰਥ ਦੇ ਹਿੱਤਾਂ ਲਈ ਬਹੁਤ ਕੁਝ ਕੀਤਾ ਹੈ। ਇਸ ਦੌਰਾਨ ਉਹਨਾਂ ਤੋਂ ਜੋ ਕੁਤਾਹੀਆਂ ਹੋਈਆਂ ਹਨ, ਉਹਨਾਂ ਦੀ ਜੇਕਰ ਸਜ਼ਾ ਹੁੰਦੀ ਹੈ ਤਾਂ ਉਹ ਵੀ ਪੰਥ ਦੇ ਭਲੇ ਲਈ ਹੋਵੇਗੀ।
ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਸਿਰ ਮੱਥੇ
ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਸਿੱਖਾਂ ਦੇ ਪਵਿੱਤਰ ਸਥਾਨ ਤੇ ਪੇਸ਼ ਹੋਏ ਹਾਂ। ਜਦੋਂ ਜਦੋਂ ਸਿੱਖ ਕੌਮ ਉੱਤੇ ਕੋਈ ਵੀ ਤੰਗੀ ਤਕਲੀਫ ਹੁੰਦੀ ਹੈ ਗੁਰੂ ਸਾਹਿਬ ਕੋਲ ਆਕੇ ਅਸੀਂ ਸਾਰੇ ਦੁੱਖ ਦੂਰ ਕਰ ਸਕਦੇ ਹਾਂ। ਜਥੇਦਾਰ ਸਾਹਿਬ ਵੱਲੋਂ ਹੋ ਫੈਸਲੇ ਲਏ ਜਾਂਦੇ ਹਨ ਉਹ ਸਿੱਖ ਕੌਮ ਦੇ ਹਿੱਤ ਲਈ ਹੁੰਦੇ ਹਨ। ਸਾਨੂੰ ਉਮੀਦ ਹੈ ਸਿੰਘ ਸਾਹਿਬ ਸੁਚਜਤਾ ਨਾਲ ਸਾਨੂੰ ਉਪਦੇਸ਼ ਦੇਣਗੇ । ਉਹਨਾਂ ਕਿਹਾ ਕਿ ਅਸੀਂ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਹੁਣ ਜੌ ਵੀ ਫ਼ੈਸਲਾ ਹੋਵੇਗਾ ਮਨਜ਼ੂਰ ਹੋਵੇਗਾ।
ਪਰਮਿੰਦਰ ਢੀਂਡਸਾ ਵੀ ਹੋਏ ਪੇਸ਼
ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਲਈ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਪਰਮਿੰਦਰ ਢੀਂਡਸਾ ਵੀ ਪਹੁੰਚੇ ਅਤੇ ਉਹਨਾਂ ਕਿਹਾ ਕਿ ਸਾਨੂੰ ਪੇਸ਼ ਹੋਣ ਦੇ ਹੁਕਮ ਸਨ ਅਤੇ ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਹਾਂ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਉੱਤੇ ਕੋਈ ਕਿੰਤੂ ਪ੍ਰੰਤੂ ਅਤੇ ਸਵਾਲ ਚੁੱਕਣ ਦਾ ਅਧਿਕਾਰ ਨਹੀਂ ਹੈ। ਜੋ ਜਥੇਦਾਰ ਸਾਹਿਬਾਨਾਂ ਦੇ ਹੁਕਮ ਹੋਣਗੇ ਉਹਨਾਂ ਨੂੰ ਮੰਨਾਂਗੇ।
ਬਿਕਰਮ ਮਜੀਠੀਆ ਵੀ ਪਹੁੰਚੇ
ਇਸ ਮੌਕੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਸ੍ਰੀ ਆਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਲਈ ਪਹੁੰਚੇ। ਉਹਨਾਂ ਕਿਹਾ ਕਿ ਹੋ ਵੀ ਫੈਸਲਾ ਹੋਏਗਾ ਉਹਨਾਂ ਨੂੰ ਮਨਜ਼ੂਰ ਹੈ।ਇਸ ਮੌਕੇ ਉਹਨਾਂ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਧਾਰ ਲਹਿਰ ਹੋਵੇ ਚਾਹੇ ਬਦਲਾਅ ਲਹਿਰ ਹੋਵੇ, ਗੁਰੂ ਸਾਹਿਬ ਦੇ ਦਰ ਤੋਂ ਕੋਈ ਨਹੀਂ ਬਚ ਸਕਦਾ।