ਲੁਧਿਆਣਾ: ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਕਿਸਾਨ ਜਾਗਰੂਕ ਹੁੰਦੇ ਵਿਖਾਈ ਦੇ ਰਹੇ ਹਨ। ਸਿੱਧੀ ਬਜਾਈ ਦਾ ਰਕਬਾ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਵੱਧ ਕੇ 44 ਫੀਸਦੀ ਵੱਧ ਚੁੱਕਾ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਬੀਤੇ ਦਿਨੀ ਦਿੱਤੇ ਬਿਆਨ ਦੇ ਮੁਤਾਬਿਕ 2.48 ਲੱਖ ਏਕੜ ਤੋਂ ਵੱਧ ਰਕਬੇ ਦੇ ਅੰਦਰ ਇਸ ਵਾਰ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਜਾਈ ਕੀਤੀ ਗਈ ਹੈ। ਹਾਲਾਂਕਿ ਪਿਛਲੇ ਸਾਲ ਇਹ ਰਕਬਾ ਇੱਕ ਲੱਖ 70 ਹਜ਼ਾਰ ਦੇ ਕਰੀਬ ਸੀ। ਪੰਜਾਬ ਸਰਕਾਰ ਦਾ ਟੀਚਾ ਹੈ ਕਿ ਇਸ ਨੂੰ ਆਉਣ ਵਾਲੇ ਸਾਲਾਂ ਦੇ ਅੰਦਰ ਹੋਰ ਵਧਾਇਆ ਜਾਵੇ ਜਿਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਗਾਤਾਰ ਕੰਮ ਕਰ ਰਹੀ ਹੈ।
ਬਾਸਮਤੀ ਦੀ ਸਿੱਧੀ ਬਿਜਾਈ: ਪੰਜਾਬ ਦੇ ਕਿਸਾਨਾਂ ਨੂੰ ਸਿੱਧੀ ਬਜਾਈ ਲਈ ਪ੍ਰਫੁੱਲਿਤ ਕਰਨ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਅਹਿਮ ਰੋਲ ਰਿਹਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਗੋਸਲ ਨੇ ਕਿਹਾ ਕਿ ਅਸੀਂ ਆਉਂਦੇ ਸਾਲਾਂ ਦੇ ਵਿੱਚ ਬਾਸਮਤੀ ਦੀ ਵੀ ਸਿੱਧੀ ਬਜਾਈ ਪੰਜਾਬ ਦੇ ਵਿੱਚ ਕਿਸਾਨ ਕਰਿਆ ਕਰਨਗੇ। ਇਸ ਸੰਬੰਧੀ ਟਰਾਇਲ ਲਗਾਤਾਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਦੇ ਲਈ ਉਤਸ਼ਾਹਿਤ ਕੀਤਾ ਹੈ। ਜਿਸ ਦਾ ਚੰਗਾ ਰਿਜ਼ਲਟ ਵੇਖਣ ਨੂੰ ਮਿਲਿਆ ਹੈ ਅਤੇ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਸਿੱਧੀ ਬਿਜਾਈ ਦਾ ਰਕਬਾ ਇਸ ਸਾਲ ਕਾਫੀ ਜਿਆਦਾ ਵਧਿਆ ਹੈ।
ਉਨ੍ਹਾਂ ਦੱਸਿਆ ਕਿ ਬਾਸਮਤੀ ਉੱਤੇ ਵੀ ਅਸੀਂ ਟਰਾਇਲ ਕਰ ਰਹੇ ਹਨ। ਯੂਨੀਵਰਸਿਟੀ ਨੂੰ ਉਮੀਦ ਹੈ ਕਿ ਜਲਦ ਹੀ ਇਹ ਤਜਰਬੇ ਕਾਮਯਾਬ ਹੋਣਗੇ ਅਤੇ ਪੰਜਾਬ ਦੇ ਕਿਸਾਨ ਬਾਸਮਤੀ ਦੀ ਵੀ ਸਿੱਧੀ ਬਿਜਾਈ ਕਰ ਸਕਣਗੇ। ਜਿਸ ਨਾਲ ਨਾ ਸਿਰਫ ਸਦਾ ਧਰਤੀ ਹੇਠਲਾ ਪਾਣੀ ਬਚੇਗਾ ਸਗੋਂ ਕਿਸਾਨਾਂ ਦੇ ਖਰਚੇ ਵੀ ਘੱਟਣਗੇ।
ਪਾਣੀ ਦੀ ਬੱਚਤ: ਹਾਲਾਂਕਿ ਪੰਜਾਬ ਦੇ ਵਿੱਚ ਝੋਨੇ 'ਤੇ ਐਮਐਸਪੀ ਮਿਲਦਾ ਹੈ ਇਸ ਕਰਕੇ ਕਿਸਾਨ ਝੋਨਾ ਲਾਉਣ ਲਈ ਮਜਬੂਰ ਹਨ ਪਰ ਇਸ ਦੇ ਹੱਲ ਲਈ ਸਿੱਧੀ ਬਿਜਾਈ ਇੱਕ ਚੰਗੇ ਬਦਲ ਦੇ ਰੂਪ ਦੇ ਵਿੱਚ ਵੇਖੀ ਜਾ ਸਕਦੀ ਹੈ। ਜਿਸ ਨਾਲ ਫਸਲ ਦਾ ਝਾੜ ਵੀ ਵਧੀਆ ਹੁੰਦਾ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਬਚਦਾ ਹੈ। ਆਮ ਫਸਲ ਦੇ ਮੁਕਾਬਲੇ ਵਿੱਚ 30 ਤੋਂ 40 ਫੀਸਦੀ ਤੱਕ ਘੱਟ ਪਾਣੀ ਲੱਗਦਾ ਹੈ। ਪੰਜਾਬ ਦੇ ਜ਼ਿਆਦਾਤਰ ਬਲੋਕ ਡਾਰਕ ਜ਼ੋਨ ਦੇ ਵਿੱਚ ਹਨ, ਅਜਿਹੇ ਦੇ ਵਿੱਚ ਕਿਸਾਨਾਂ ਦੇ ਕੋਲ ਸਿੱਧੀ ਬਜਾਈ ਇੱਕ ਚੰਗਾ ਬਦਲਾਅ ਹੈ। ਜਿਸ ਦੇ ਨਾਲ ਉਹ ਧਰਤੀ ਹੇਠਲੇ ਪਾਣੀ ਨੂੰ ਬਚਾ ਸਕਦੇ ਹਨ। ਯੂਨੀਵਰਸਿਟੀ ਦੇ ਵੀਸੀ ਨੇ ਕਿਹਾ ਹੈ ਕਿ ਯੂਨੀਵਰਸਿਟੀ ਵੱਲੋਂ ਲਗਾਤਾਰ ਤਕਨੀਕ ਨੂੰ ਹੋਰ ਸੁਖਾਲਾ ਕਰਕੇ ਕਿਸਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ।