ਲੁਧਿਆਣਾ: ਬੀਤੇ ਦੋ ਤਿੰਨ ਮਹੀਨਿਆਂ ਤੋਂ ਲਗਾਤਾਰ ਉੱਤਰ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਸਾਡੇ ਰਿਵਾਇਤੀ ਦਰਖਤ ਸੁੱਕ ਰਹੇ ਹਨ। ਜਿਨਾਂ ਦੇ ਵਿੱਚ ਜਿਆਦਾਤਰ ਉਹਨਾਂ ਦੇ ਪੱਤੇ ਝੜਨ ਤੋਂ ਬਾਅਦ ਮੁੜ ਤੋਂ ਨਹੀਂ ਆ ਰਹੇ ਅਤੇ ਇਹਨਾਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਨਿੰਮਾਂ ਦੇ ਦਰਖਤ, ਕਿੱਕਰਾਂ ਅਤੇ ਹੋਰ ਕਈ ਰਿਵਾਇਤੀ ਦਰਖਤ ਸ਼ਾਮਿਲ ਹਨ। ਜਿੰਨ੍ਹਾਂ 'ਤੇ ਇਸਦਾ ਮਾੜਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫੋਰੈਸਟਰੀ ਵਿਭਾਗ ਵੱਲੋਂ ਕੀਤੇ ਸਰਵੇ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ 80 ਤੋਂ 90 ਫ਼ੀਸਦੀ ਦਰਖਤਾਂ 'ਤੇ ਇਸ ਦਾ ਅਸਰ ਵੇਖਣ ਨੂੰ ਮਿਲਿਆ ਹੈ। ਲਗਾਤਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਹੈਲਪਲਾਈਨ ਨੰਬਰ 'ਤੇ ਵੀ ਇਹਨਾਂ ਦਰਖਤਾਂ ਦੇ ਸੁੱਕਣ ਸਬੰਧੀ ਫੋਨ ਆ ਰਹੇ ਹਨ ਅਤੇ ਵਾਤਾਵਰਨ ਪ੍ਰੇਮੀ ਕਿਸਾਨ ਇਸ ਵਿਸ਼ੇ ਨੂੰ ਲੈ ਕੇ ਕਾਫੀ ਚਿੰਤਿਤ ਹਨ।
ਦਰੱਖ਼ਤ ਸੁੱਕਣ ਦਾ ਕਾਰਨ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਣ ਵਿਭਾਗ ਦੇ ਮੁਖੀ ਡਾਕਟਰ ਗੁਰਵਿੰਦਰ ਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪਿਛਲੇ ਸਰਦੀਆਂ ਦੇ ਮੌਸਮ ਦੇ ਵਿੱਚ ਧੁੰਦ ਦਾ ਕਹਿਰ ਜਿਆਦਾ ਰਹਿਣ ਕਰਕੇ ਜਿੰਨੀ ਲੋੜ ਦਰਖਤਾਂ ਨੂੰ ਸੂਰਜ ਦੀ ਤਪਿਸ਼ ਦੀ ਹੁੰਦੀ ਹੈ, ਉਹ ਨਹੀਂ ਮਿਲ ਪਾਈ। ਜਿਸ ਕਰਕੇ ਇਹਨਾਂ ਦਰੱਖਤਾਂ ਦੇ ਪੱਤਿਆਂ 'ਤੇ ਇਸਦਾ ਅਸਰ ਵੇਖਣ ਨੂੰ ਮਿਲਿਆ ਹੈ ਅਤੇ ਦਰੱਖਤ ਸੁੱਕਣੇ ਸ਼ੁਰੂ ਹੋ ਗਏ ਸਨ। ਉਹਨਾਂ ਕਿਹਾ ਕਿ ਇਹ ਕੋਈ ਨਵੀਂ ਬਿਮਾਰੀ ਜਾਂ ਫਿਰ ਕੋਈ ਪੁਰਾਣੀ ਬਿਮਾਰੀ ਫੰਗਸ ਆਦਿ ਨਹੀਂ ਹੈ, ਸਗੋਂ ਸਿੱਧੇ ਤੌਰ 'ਤੇ ਇਸ ਲਈ ਵਾਤਾਵਰਨ ਜਿੰਮੇਵਾਰ ਹੈ। ਗਲੋਬਲ ਵਾਰਮਿੰਗ ਕਰਕੇ ਜਿੱਥੇ ਸਰਦੀਆਂ 'ਚ ਠੰਡ ਜਿਆਦਾ ਪੈ ਰਹੀ ਹੈ ਅਤੇ ਗਰਮੀਆਂ 'ਚ ਗਰਮੀ ਜਿਆਦਾ ਪੈ ਰਹੀ ਹੈ। ਅਜਿਹੇ ਦੇ ਵਿੱਚ ਸਾਡੇ ਦਰਖਤਾਂ ਅਤੇ ਬੂਟਿਆਂ 'ਤੇ ਇਸ ਦਾ ਅਸਰ ਜਿਆਦਾ ਵੇਖਣ ਨੂੰ ਮਿਲ ਰਿਹਾ ਹੈ।
ਕਈ ਸੂਬਿਆਂ 'ਚ ਅਸਰ: ਸਿਰਫ ਪੰਜਾਬ ਚੋਂ ਹੀ ਨਹੀਂ ਸਗੋਂ ਹਰਿਆਣਾ ਦੇ ਅਤੇ ਹੋਰ ਰਾਜਸਥਾਨ ਦੇ ਨਾਲ ਲੱਗਦੇ ਕੁਝ ਇਲਾਕਿਆਂ ਦੇ ਵਿੱਚ ਵੀ ਵਣ ਵਿਭਾਗ ਦੀ ਟੀਮ ਵੱਲੋਂ ਸਰਵੇ ਤੋਂ ਬਾਅਦ ਇਹ ਖੁਲਾਸੇ ਹੋਏ ਹਨ ਕਿ 80 ਤੋਂ 90 ਫੀਸਦੀ ਤੱਕ ਇਹਨਾਂ ਦਰਖਤਾਂ 'ਤੇ ਇਸ ਦਾ ਅਸਰ ਪਿਆ ਹੈ। ਜਿਸ ਕਰਕੇ ਵਣ ਵਿਭਾਗ ਦੇ ਨਾਲ ਕਿਸਾਨ ਅਤੇ ਵਾਤਾਵਰਣ ਪ੍ਰੇਮੀ ਵੀ ਚਿੰਤਿਤ ਹਨ। ਸਿਰਫ ਨਿੰਮ ਹੀ ਨਹੀਂ ਸਗੋਂ ਇਸ ਦੇ ਨਾਲ ਹੋਰ ਕਈ ਰਵਾਇਤੀ ਦਰੱਖਤ, ਜਿਨਾਂ ਦੇ ਵਿੱਚ ਕਿੱਕਰ ਆਦਿ ਵੀ ਸ਼ਾਮਿਲ ਹਨ। ਉਹਨਾਂ 'ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ ਹੈ, ਕਿਉਂਕਿ ਇਹ ਸਾਡੇ ਸਦਾਬਹਾਰ ਦਰਖਤ ਹਨ ਅਤੇ ਇਹਨਾਂ 'ਤੇ 12 ਮਹੀਨੇ ਪੱਤੇ ਵੀ ਰਹਿੰਦੇ ਹਨ ਪਰ ਇਸ ਵਾਰ ਜਿਆਦਾ ਧੁੰਦ ਪੈਣ ਕਰਕੇ ਅਤੇ ਕੋਹਰਾ ਨਾ ਪੈਣ ਕਰਕੇ ਇਸ 'ਤੇ ਮਾੜਾ ਅਸਰ ਪਿਆ ਹੈ।
ਕਿਵੇਂ ਬਚਾਈਏ: ਡਾਕਟਰ ਗੁਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕਿਸਾਨਾਂ ਦੇ ਅਤੇ ਵਾਤਾਵਰਨ ਪ੍ਰੇਮੀਆਂ ਦੇ ਫੋਨ ਆ ਰਹੇ ਸਨ ਕਿ ਇਸ ਦਾ ਕੀ ਹੱਲ ਹੋ ਸਕਦਾ ਹੈ। ਪਰ ਉਹਨਾਂ ਕਿਹਾ ਕਿ ਹੁਣ ਮਾਰਚ ਮਹੀਨੇ ਦੇ ਵਿੱਚ ਆਪਣੇ ਆਪ ਹੀ ਇਹਨਾਂ 'ਤੇ ਪੱਤੇ ਆਉਣੇ ਸ਼ੁਰੂ ਹੋ ਗਏ ਹਨ। ਉਹਨਾਂ ਕਿਹਾ ਕਿ ਇਸ 'ਤੇ ਕਿਸੇ ਤਰ੍ਹਾਂ ਦੀ ਕੋਈ ਦਵਾਈ ਪਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਕੋਈ ਬਿਮਾਰੀ ਨਹੀਂ ਹੈ, ਸਗੋਂ ਵਾਤਾਵਰਨ ਦੀਆਂ ਤਬਦੀਲੀਆਂ ਹਨ। ਉਹਨਾਂ ਕਿਹਾ ਕਿ ਦੇਸ਼ ਭਰ ਦੇ ਵਿੱਚ ਸਾਡਾ ਪੰਜਾਬ ਸੂਬਾ ਜੰਗਲ ਏਰੀਏ ਦੇ ਵਿੱਚ ਵੈਸੇ ਹੀ ਬਹੁਤ ਘੱਟ ਹੈ, ਇਸ ਕਰਕੇ ਸਾਨੂੰ ਆਪਣੇ ਦਰੱਖਤ ਬਚਾਉਣ ਦੀ ਬੇਹਦ ਲੋੜ ਹੈ। ਉਹਨਾਂ ਕਿਹਾ ਕਿ ਦਰੱਖਤਾਂ ਨੂੰ ਪਾਣੀ ਲਗਾਇਆ ਜਾ ਸਕਦਾ ਹੈ, ਪਾਣੀ ਦੇ ਨਾਲ ਉਹਨਾਂ ਨੂੰ ਧੋਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਫਿਰ ਵੀ ਕਿਸੇ ਦਰੱਖਤ 'ਤੇ ਪੱਤੇ ਨਹੀਂ ਆਉਂਦੇ ਤਾਂ ਉਹ ਟਾਹਣੀਆਂ ਜਿਹੜੀਆਂ ਸੁੱਕ ਚੁੱਕੀਆਂ ਹਨ, ਉਹਨਾਂ ਨੂੰ ਵੱਢ ਲਿਆ ਜਾਵੇ। ਉਹਨਾਂ ਕਿਹਾ ਕਿ ਉਸ ਤੋਂ ਬਾਅਦ ਦਰੱਖਤ ਆਪਣੇ ਆਪ ਹੀ ਹਰਾ ਹੋਣਾ ਸ਼ੁਰੂ ਹੋ ਜਾਵੇਗਾ।
ਨਿੰਮ ਦੀ ਵਰਤੋਂ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਣ ਵਿਭਾਗ ਦੇ ਡਾਕਟਰ ਨੇ ਦੱਸਿਆ ਕਿ ਨਿੰਮ ਸਾਡੇ ਜੀਵਨ ਦੇ ਵਿੱਚ ਬਹੁਤ ਅਹਿਮ ਸਥਾਨ ਰੱਖਦੀ ਹੈ। ਉਹਨਾਂ ਕਿਹਾ ਕਿ ਇਸ ਦੇ ਪੱਤਿਆਂ ਦੀ ਵਰਤੋਂ ਨਾ ਸਿਰਫ ਦਵਾਈਆਂ ਬਣਾਉਣ ਦੇ ਵਿੱਚ ਹੁੰਦੀ ਹੈ, ਇਸ ਤੋਂ ਇਲਾਵਾ ਵੀ ਕਈ ਲੋਕ ਨਿੰਮ ਦੀ ਦਾਤਣ ਕਰਦੇ ਹਨ। ਇਸ ਤੋਂ ਇਲਾਵਾ ਨਿੰਮ ਨੂੰ ਕੀਟਾਣੂ ਵਿਰੋਧੀ ਵੀ ਮੰਨਿਆ ਜਾਂਦਾ ਹੈ। ਜੇਕਰ ਕੱਪੜਿਆਂ ਦੇ ਵਿੱਚ ਨਿੰਮ ਦੇ ਪੱਤੇ ਰੱਖੇ ਜਾਣ ਤਾਂ ਕੀੜੇ ਨਹੀਂ ਲੱਗਦੇ ਹਨ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਨਿੰਮ ਦੇ ਪੱਤਿਆਂ ਦਾ ਚਾਰਾ ਵੀ ਬਣਾਇਆ ਜਾਂਦਾ ਹੈ। ਨਿੰਮ ਸਾਡੇ ਸਕਿੱਨ ਲਈ ਕਾਫੀ ਲਾਹੇਵੰਦ ਹੈ, ਇਸ ਤੋਂ ਇਲਾਵਾ ਨਿੰਮ ਦੀ ਕੌੜ ਦੇ ਨਾਲ ਘਰ ਦੇ ਵਿੱਚ ਕੀੜੇ ਘੱਟ ਆਉਂਦੇ ਹਨ ਅਤੇ ਸਾਡੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਦੇ ਵਿੱਚ ਵੀ ਅਹਿਮ ਭੂਮਿਕਾ ਅਦਾ ਕਰਦੀ ਹੈ। ਉਹਨਾਂ ਕਿਹਾ ਕਿ ਸਾਰੇ ਹੀ ਦਰੱਖਤ ਜ਼ਰੂਰੀ ਹਨ ਅਤੇ ਉਨਾਂ ਦੀ ਸਾਂਭ ਸੰਭਾਲ ਸਾਡਾ ਪਹਿਲਾ ਕਰਤੱਵ ਹੈ। ਇਸ ਕਰਕੇ ਅਸੀਂ ਸਾਰੇ ਆਪਣਾ ਕਰਤੱਵ ਸਮਝ ਕੇ ਦਰੱਖਤਾਂ ਦੀ ਸਾਂਭ ਸੰਭਾਲ ਕਰੀਏ ਅਤੇ ਆਪਣੇ ਚੁਗਿਰਦੇ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਬਣਾਈਏ।